ਲਾਹੌਰ (ਸਮਾਜ ਵੀਕਲੀ) : ਪਾਕਿਸਤਾਨ ਦੀ ਕੌਮੀ ਅਸੈਂਬਲੀ ’ਚ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ ਅੱਜ ਸਵੇਰੇ ਸਿਹਤ ਵਿਗੜਨ ਦੇ ਚੱਲਦਿਆਂ ਹਸਪਤਾਲ ਗਏ। ਜਾਂਚ ਮਗਰੋਂ ਉਨ੍ਹਾਂ ਨੂੰ ਵਾਪਸ ਕੋਟ ਲੱਖਪਤ ਜੇਲ੍ਹ ’ਚ ਲਿਆਂਦਾ ਗਿਆ। ‘ਦਿ ਐਕਸਪ੍ਰੈੱਸ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਕ ਹਸਪਤਾਲ ਦੇ ਅੰਦਰ ਤੇ ਬਾਹਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਅਤੇ ਭਾਰੀ ਗਿਣਤੀ ’ਚ ਪੁਲੀਸ ਦਸਤੇ ਤੈਨਾਤ ਸਨ। ਰਿਪੋਰਟ ’ਚ ਕਿਹਾ ਗਿਆ ਸੀ ਕਿ ਸ਼ਰੀਫ ਦੇ ਪੋਜ਼ੀਟ੍ਰੋਨ ਇਮਿਸ਼ਨ ਟੋਮੋਗ੍ਰਾਫ਼ੀ (ਪੀਈਟੀ) ਸਕੈਨ ਅਤੇ ਹੋਰ ਮੈਡੀਕਲ ਟੈਸਟ ਕੀਤੇ ਜਾਣਗੇ। ਮੈਡੀਕਲ ਟੈਸਟਾਂ ਦੀਆਂ ਰਿਪੋਰਟਾਂ ਮਿਲਣ ਮਗਰੋਂ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਤੇ ਉਨ੍ਹਾਂ ਨੂੰ ਵਾਪਸ ਜੇਲ੍ਹ ਭੇਜ ਦਿੱਤਾ ਗਿਆ। ਕੌਮੀ ਜਵਾਬਦੇਹੀ ਬਿਊਰੋ ਵੱਲੋਂ ਸ਼ਾਹਬਾਜ਼ ਸ਼ਰੀਫ ਨੂੰ ਮਨੀ ਲਾਂਡਰਿੰਗ ਅਤੇ ਅਸਾਸਿਆਂ ਤੋਂ ਵੱਧ ਜਾਇਦਾਦ ਦੇ ਕੇਸ ’ਚ ਪਿਛਲੇ ਵਰ੍ਹੇ ਗ੍ਰਿਫ਼ਤਾਰ ਕੀਤਾ ਗਿਆ ਸੀ।
HOME ਸ਼ਾਹਬਾਜ਼ ਸ਼ਰੀਫ ਸਿਹਤ ਜਾਂਚ ਮਗਰੋਂ ਜੇਲ੍ਹ ਪਰਤੇ