(ਸਮਾਜ ਵੀਕਲੀ)
ਰਸਮੀ ਵਰਤਾਰੇ ਤੋਂ ਬਚਕੇ, ਭਗਤ ਸਿੰਘ ਦੀ ਸੋਚ ਨੂੰ ਸਮਰਪਿਤ ਹੋਣ ਦੀ ਲੋੜ ਹੈ
ਭਗਤ ਸਿੰਘ, ਜੈਸਾ ਨਾਮ, ਵੈਸਾ ਵਿਅਕਤਿਤਵ । ਮਾਤਾ ਪਿਤਾ ਵਾਸਤੇ ਭਗਤ ਸਿੰਘ, ਭਾਗਾਂ ਵਾਲਾ ਇਸ ਕਰਕੇ ਸੀ ਕਿ ਜਿਸ ਦਿਨ ਭਗਤ ਸਿੰਘ ਦਾ ਜਨਮ (28 ਸਤੰਬਰ 1907) ਹੋਇਆ, ਉਸ ਦਿਨ ਅੰਗਰੇਜ਼ਾਂ ਦੀ ਜੇਹਲ ਤੋਂ ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਤੇ ਦੋਵੇਂ ਚਾਚੇ ਅਜੀਤ ਸਿੰਘ ਤੇ ਸਵਰਨ ਰਿਹਾ ਹੋ ਕੇ ਘਰ ਪਰਤੇ ਸਨ । ਇਹਨਾ ਤੀਹਰੀਆਂ ਚੋਹਰੀਆਂ ਖੁਸ਼ੀਆਂ ਕਾਰਨ ਮਾਤਾ ਵਿਦਿਆਵਤੀ ਨੇ ਆਪਣੇ ਬੱਚੇ ਨੂੰ ਭਗਤ ਕਹਿ ਕੇ ਬੁਲਾਉਣਾ ਸ਼ੁਰੂ ਕੀਤਾ ਤਾਂ ਉਸ ਦਾ ਨਾਮਕਰਨ ਭਗਤ ਸਿੰਘ ਹੋ ਗਿਆ । ਆਪਣੇ ਬਚਪਨ ਤੋ ਹੀ ਭਗਤ ਸਿੰਘ ਬਹੁਤ ਸੰਵੇਦਨਸ਼ੀਲ ਸੀ, ਆਸ ਪਾਸ ਵਾਪਰਦੀ ਹਰ ਘਟਨਾ ਨੂੰ ਬਹੁਤ ਗਹਿਰਾਈ ਨਾਲ ਸਮਝਣ ਦੀ ਕੋਸ਼ਿਸ਼ ਕਰਦਾ ਕਰਦਾ ਜਵਾਨ ਹੋ ਗਿਆ । ਪਰਿਵਾਰਕ ਸੰਸਕਾਰ ਅਜਿਹੇ ਸਨ ਕਿ ਜਲਿਆੰਵਾਲੇ ਬਾਗ਼ ਦੇ ਖੂਨੀ ਸਾਕੇ ਸਮੇਂ ਉਹ ਅਜੇ ਸਿਰਫ 12 ਸਾਲ ਦਾ ਸੀ ਕਿ ਇਸ ਹੱਸਣ ਖੇਡਣ ਵਾਲੀ ਉਮਰ ਚ ਦੇਸ਼ ਭਗਤੀ ਨੂੰ ਸਮਰਪਿਤ ਹੋ ਕੇ ਸੱਚਾ ਦੇਸ਼ ਭਗਤ ਬਣ ਗਿਆ, ਅੰਗਰੇਜ ਸਾਮਰਾਜ ਵਿਰੁੱਧ ਡਟ ਕੇ ਲੜਿਆ ਤੇ ਅੱਜ ਦੇ ਦਿਨ 23 ਮਾਰਚ 1931 ਨੂੰ 24 ਸਾਲ ਦੀ ਚੜ੍ਹਦੀ ਜਵਾਨੀ ਚ ਜਾਮ ਏ ਸ਼ਹਾਦਤ ਪੀ ਕੇ ਅੰਗਰੇਜ ਸਾਮਰਾਜ ਦਾ ਤਖਤ ਹਿਲਾ ਗਿਆ । ਇਹ ਭਗਤ ਸਿੰਘ ਦੀ ਦੇਸ਼ ਭਗਤੀ ਦਾ ਹੀ ਸਿੱਟਾ ਹੈ ਕਿ ਮੁਲਕ ਅਜ਼ਾਦੀ ਦਾ ਨਿੱਘ ਮਾਣ ਰਿਹਾ ਹੈ । ਭਗਤ ਸਿੰਘ ਦੇਸ਼ ਨੂੰ ਟੁਕੜੇ ਟੁਕੜੇ ਕਰਕੇ ਅਜ਼ਾਦੀ ਲੈਣ ਦੇ ਹੱਕ ਵਿੱਚ ਨਹੀਂ ਸੀ । ਉਹ ਅਖੰਡ ਭਾਰਤ ਦੀ ਅਜ਼ਾਦੀ ਦਾ ਹਾਮੀ ਸੀ । ਮੁਲਕ ਨੂੰ ਟੁਕੜਿਆਂ ਚ ਅਜ਼ਾਦ ਕਰਨ ਦੀ ਗੱਲ ਉਸ ਦੀ ਸ਼ਹਾਦਤ ਤੋਂ ਬਾਅਦ ਚ ਚੱਲੀ ਹੈ, ਜਿਸ ਵਾਸਤੇ ਅੰਗਰੇਜ ਨਹੀਂ ਬਲਕਿ ਉਸ ਸਮੇਂ ਦੇ ਹਿੰਦੂ, ਮੁਸਲਿਮ ਤੇ ਸਿੱਖ ਆਗੂ ਸਾਂਝੇ ਤੌਰ ‘ਤੇ ਜ਼ੁੰਮੇਵਾਰ ਹਨ । ਤਾਰੀਖ਼ ਗਵਾਹ ਹੈ ਕਿ ਅੰਗਰੇਜ, ਦੁਨੀਆ ਚ ਮਜ਼੍ਹਬ ਦੇ ਅਧਾਰ ‘ਤੇ ਹੋਈ ਇਸ ਪਹਿਲੀ ਵੰਡ ਦੇ ਸਖ਼ਤ ਵਿਰੁੱਧ ਸਨ, ਪਰ ਉਹਨਾਂ ਨੂੰ ਇਹ ਵੰਡ ਕਰਨ ਵਾਸਤੇ ਉਸ ਸਮੇਂ ਦੇ ਹਿੰਦੂ ਆਗੂਆਂ ਨੇ ਮਜਬੂਰ ਕੀਤਾ, ਜਿਸ ਦਾ ਸਿੱਟਾ ਵਜੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਤਬਾਹੀ ਨਿਕਲਿਆ ਤੇ ਪਾਕਿਸਤਾਨ ਨਾਮ ਦਾ ਨਵਾਂ ਮੁਲਕ ਹੋਂਦ ਚ ਆਇਆ । ਖੈਰ ! ਇਸ ਵਿਸ਼ੇ ‘ਤੇ ਗੱਲ ਫੇਰ ਕਿਤੇ ਕਰਾਂਗਾ, ਅੱਜ ਆਪਣੀ ਚਰਚਾ ਸ਼ਹੀਦ ਏ ਆਜਮ ਭਗਤ ਸਿੰਘ ਤੇ ਉਸ ਦੇ ਸਾਥੀਆਂ ਰਾਜਗੁਰੂ ਤੇ ਸੁਖਦੇਵ ਨੂੰ ਅਕੀਦਤ ਦੇ ਫੁੱਲ ਭੇਂਟ ਕਰਨ ਤੱਕ ਹੀ ਸੀਮਤ ਰੱਖਾਂਗਾ ।
ਭਗਤ ਸਿੰਘ, ਇਕ ਨਾਮ ਨਹੀਂ ਹੈ , ਇਹ ਅਦਰਸ਼ ਹੈ ਜਿਸ ਨੂੰ ਅੱਜ ਦੇਸ਼ ਦੇ ਹਰ ਸ਼ਹਿਰੀ ਨੂੰ ਆਪਣੇ ਦਿਲੋਂ ਦਿਮਾਗ ਚ ਬਿਠਾ ਕੇ ਚੱਲਣਾ ਪਵੇਗਾ । ਅੱਜ ਦੇਸ਼ ਵਿੱਚ ਸ਼ੇਰਾਂ ਦੀਆਂ ਮਾਰਾਂ ‘ਤੇ ਗਿੱਦੜ ਕਲੋਲਾਂ ਕਰ ਰਹੇ ਹਨ, ਜਿਹਨਾਂ ਦਾ ਅਜ਼ਾਦੀ ਵਾਸਤੇ ਇਕ ਕਾਣੀ ਕੌਡੀ ਦਾ ਵੀ ਯੋਗਦਾਨ ਨਹੀਂ, ਉਹ ਲੋਕ ਰਾਜ ਗੱਦੀਆਂ ‘ਤੇ ਬਿਰਾਜਮਾਨ ਹੋ ਕੇ ਰਾਜਭਾਗ ਦਾ ਨਿੱਘ ਮਾਣ ਰਹੇ ਹਨ ਤੇ ਦੇਸ਼ ਨੂੰ ਚਿੱਟੇ ਦਿਨ ਲੁੱਟ ਵੀ ਰਹੇ ਹਨ ਤੇ ਵੇਚ ਵੀ ਰਹੇ ਹਨ । ਅਜੋਕਾ ਭਾਰਤ, ਭਗਤ ਸਿੰਘ ਦੇ ਸੁਪਨਿਆਂ ਦਾ ਨਾ ਹੀ ਦੇਸ਼ ਹੈ ਤੇ ਨਾ ਹੀ ਭਗਤ ਸਿੰਘ ਨੇ ਇਸ ਤਰਾਂ ਦੇ ਲੋਕਾਂ ਨੂੰ ਰਾਜ-ਗੱਦੀਆਂ ਸੌਂਪਣ ਵਾਸਤੇ ਕੁਰਬਾਨੀ ਦਿੱਤੀ ਸੀ ।
ਅੱਜ ਦਾ ਦਿਨ ਉਹਨਾਂ ਲੋਕਾਂ ਵਾਸਤੇ ਬਹੁਤ ਅਹਿਮ ਹੈ ਜੋ ਭਗਤ ਸਿੰਘ ਦੀ ਸੋਚ ਨੂੰ ਪਰਨਾਏ ਹੋਏ ਹਨ, ਜਦ ਕਿ ਸਿਆਸੀ ਗਿੱਧਾਂ, ਲੂੰਬੜਾਂ ਤੇ ਕੁੱਤਿਆਂ, ਬਿੱਲਿਆਂ ਵਾਸਤੇ ਇਹ ਇਕ ਰਸਮੀ ਦਿਨ ਹੈ, ਜਿਸ ਦੀ ਅਹਿਮੀਅਤ ਉਹਨਾਂ ਵਾਸਕੇ ਵੋਟਾਂ ਵਟੋਰਨ ਤੋਂ ਵੱਧ ਹੋਰ ਕੁੱਜ ਵੀ ਨਹੀਂ ।
ਭਗਤ ਸਿੰਘ, ਇਕ ਸੋਚ ਹੈ , ਇਕ ਫ਼ਲਸਫ਼ਾ ਹੈ, ਕਰਾਂਤੀ ਦੀ ਇਕ ਮਿਸ਼ਾਲ ਹੈ, ਨੌਜਵਾਨਾਂ ਵਾਸਤੇ ਪਰੇਰਣਾ ਦਾ ਸੂਰਜ ਵੀ ਹੈ ਤੇ ਚੰਦ ਵੀ, ਪਰ ਅਫਸੋਸ ਇਹ ਹੈ ਕਿ ਮੁਲਕ ਦੇ ਸਿਆਸੀ ਆਗੂਆ ਨੇ ਹਮੇਸ਼ਾ ਹੀ ਇਸ ਦਾ ਘਾਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆ ਹਨ । ਇਹਨਾਂ ਲੋਕਾਂ ਨੇ ਭਗਤ ਸਿੰਘ ਨੂੰ ਹਮੇਸ਼ਾ ਧਰਮ, ਫਿਰਕੇ ਤੇ ਆਪੋ ਆਪਣੇ ਧਿਰ ਜਾਂ ਧੜੇ ਨਾਲ ਬੰਨ੍ਹਕੇ ਦੇਖਣ ਦੀ ਕੋਸ਼ਿਸ਼ ਕੀਤੀ ਹੈ ।ਏਹੀ ਕਾਰਨ ਹੈ ਕਿ ਹਿੰਦੂ ਉਸ ਨੂੰ ਆਰੀਆ ਸਮਾਜੀ, ਕਾਮਰੇਡ ਉਸ ਨੂੰ ਲੈਨਿਨ ਤੇ ਮਾਰਕਸਵਾਦੀ ਅਤੇ ਸਿੱਖ ਉਸ ਨੂੰ ਅਜ ਤੱਕ ਆਪਣੇ ਧਰਮ ਨਾਲ ਜੋੜਕੇ ਦੇਖਦੇ ਰਹੇ ਹਨ । ਕਹਿਣ ਦਾ ਭਾਵ ਇਹ ਕਿ ਭਗਤ ਸਿੰਘ ਨੂੰ ਆਪੋ ਆਪਣੀ ਧਿਰ ਜਾਂ ਧੜੇ ਨਾਲ ਜੋੜ ਕੇ ਉਸ ਦੀ ਸ਼ਖਸ਼ੀਅਤ ਦਾ ਸਿਆਸੀ ਫ਼ਾਇਦਾ ਉਠਾਉਣ ਦਾ ਯਤਨ ਤਾਂ ਸਾਰੇ ਕਰਦੇ ਰਹੇ, ਪਰ ਉਸ ਦੀ ਸੋਚ ‘ਤੇ ਖੜ੍ਹਕੇ ਪਹਿਰਾ ਦੇਣ ਦੀ ਕੋਸ਼ਿਸ਼ ਉਹਨਾਂ ਨੇ ਕਦੇ ਵੀ ਨਹੀਂ ਕੀਤੀ । ਇਸੇ ਤਰਾਂ ਸਕੂਲੀ ਪਾਠਕ੍ਰਮ ਦੀਆ ਪਾਠ ਪੁਸਤਕਾਂ ਵਿੱਚ ਇਕ ਬਹੁਤ ਹੀ ਗਹਿਰੀ ਸ਼ਾਜਿਸ਼ ਤਹਿਤ, ਭਗਤ ਸਿੰਘ ਦਾ ਅਕਸ, 1947 ਤੋਂ ਬਾਅਦ ਇਕ ਅੱਤਵਾਦੀ, ਜਿਸ ਦੇ ਸਿਰ ‘ਤੇ ਟੋਪ ਤੇ ਹੱਥ ਵਿੱਚ ਰਿਵਾਲਵਰ ਫੜਿਆਂ ਹੋਇਆ ਹੈ, ਵਜੋਂ ਪ੍ਰਚਾਰਿਆਂ ਜਾਂਦਾ ਰਿਹਾ ਹੈ । ਇਸ ਦੇ ਬਾਵਜੂਦ ਵੀ ਭਗਤ ਸਿੰਘ ਇਕ ਅਜਿਹਾ ਨਾਮ ਹੈ ਜੋ ਆਪਣੀ ਕੁਰਬਾਨੀ ਤੇ ਅਣਖੀਲੀ ਸੋਚ ਸਦਕਾ ਬੁਲੰਦ ਹੈ ਤੇ ਜੁਗੋ ਜੁਗ ਬੁਲੰਦ ਰਹੇਗਾ । ਇਹ ਉਹ ਨਾਮ ਹੈ ਜੋ ਲੋਕ ਮਨਾਂ ਚ ਖੁਣਿਆ ਜਾ ਚੁੱਕਾ ਹੈ ਤੇ ਹਮੇਸ਼ਾ ਜ਼ਿੰਦਾਬਾਦ ਹੈ ।
ਅੱਜ ਸ਼ਹੀਦ ਏ ਆਜਮ ਭਗਤ ਸਿੰਘ ਦੇ ਸ਼ਹੀਦੀ ਦਿਨ ‘ਤੇ ਉਸ ਨੂੰ ਅਤੇ ਉਸ ਦੇ ਸਾਥੀਆ ਨੂੰ ਸੱਚੀ ਸ਼ਰਧਾਂਜਲੀ ਏਹੀ ਹੋਵੇਗੀ ਕਿ ਉਹਨਾਂ ਦੀ ਸੋਚ ‘ਤੇ ਪਹਿਰਾ ਦੇਣ ਦਾ ਪ੍ਰਣ ਲਿਆ ਜਾਵੇ ਤੇ ਮੁਲਕ ਵਿੱਚ ਫੈਲ ਚੁੱਕੇ ਲੋਟੂ ਨਿਜਾਮ ਦੀਆਂ ਜੜ੍ਹਾਂ ਪੁੱਟੀਆਂ ਜਾਣ । ਨੌਜਵਾਨ ਵੱਧ ਤੋਂ ਵੱਧ ਸਾਹਿਤ ਨਾਲ ਜੁੜਕੇ ਮਾਨਸਿਕ ਤੌਰ ‘ਤੇ ਪਰਪੱਕ ਤੇ ਅਮੀਰ ਹੋ ਕੇ ਆਪਣੇ ਆਪ ਨੂੰ 21ਵੀਂ ਦੇ ਹਾਣਾ ਬਣਾਉਣ ਤੇ ਸਮਾਜਕ, ਸਿਆਸੀ, ਬੌਧਿਕ, ਧਾਰਮਿਕ ਤੇ ਸੱਭਿਆਚਾਰਕ ਪ੍ਰਬੰਧ ਚ ਫੈਲ ਚੁੱਕੇ ਤੇ ਫੈਲ ਰਹੇ ਗੰਦ ਮੰਦ ਨੂੰ ਸਾਫ ਕਰਮ ਵੱਲ ਧਿਆਨ ਦੇਣ । ਜੇਕਰ ਇਸ ਤਰਾਂ ਦਾ ਕੋਈ ਪ੍ਰਣ ਕਰਕੇ ਭਗਤ ਸਿੰਘ ਤੇ ਉਸ ਦੇ ਸਾਥੀਆ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਂਦੀ ਹੈ ਤਾਂ ਸਾਰਥਿਕ ਹੈ ਨਹੀਂ ਤਾਂ ਆਏ ਸਾਲ ਇਹ ਦਿਹਾੜਾ ਮਨਾਉਣਾ ਜਾਂ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੂੰ ਯਾਦ ਕਰਨਾ, ਇਕ ਰਸਮੀ ਜਾਂ ਮਕਾਨਕੀ ਵਰਤਾਰੇ ਤੋਂ ਵੱਧ ਹੇਰ ਕੁਜ ਵੀ ਨਹੀ ਹੋਵੇਗਾ । ਆਪਣੇ ਸ਼ਹੀਦਾਂ ਦੇ ਦਿਹਾੜੇ ਜਰੂਰ ਮਨਾਉਣੇ ਚਾਹੀਦੇ ਹਨ, ਪਰ ਉਹਨਾ ਦਿਹਾੜਿਆ ਨੂੰ ਰਸਮੀ ਬਨਣ ਤੋ ਬਚਾਉਣਾ ਬਹੁਤ ਜਰੂਰੀ ਹੈ, ਨਹੀਂ ਤਾਂ ਉਹ ਗੱਲ ਹੋਵੇਗੀ ਕਿ ਇਕ ਦਿਨ ਇਸ ਤਰਾਂ ਦੇ ਦਿਨ ਦਿਹਾੜੇ ਵੀ ਮੇਲੇ ਹੀ ਬਣ ਜਾਣਗੇ ਤੇ ਅਗਲੀਆ ਨਸਲਾਂ ਚੋਂ ਬਹੁਤਿਆ ਨੂੰ ਮਨਾਏ ਜਾਣ ਵਾਲੇ ਦਿਨ ਦਿਹਾੜੇ ਦੇ ਅਸਲ ਮੰਤਵ ਦਾ ਵੀ ਪਤਾ ਨਹੀਂ ਹੋਵੇਗਾ ।
– ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ:)
23/03/2021