ਬਹੁਤ ਦਿਨਾਂ ਤੋਂ ਡੈਡੀ ਨੂੰ ਉਦਾਸ ਤੇ ਚੁੱਪਚਾਪ ਦੇਖ ਰਹੀ ਸੀ। ਸ਼ਾਇਦ ਆਪਣੇ ਹੀ ਮਨ ਵਿੱਚ ਕਈ ਖਿਆਲ ਡੈਡੀ ਉੱਧੇੜ ਬੁਣ ਰਹੇ ਸਨ ਪਰ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਡੈਡੀ ਨੂੰ ਕਿਵੇਂ ਪੁੱਛਾਂ ਕਿ ਗੱਲ ਕੀ ਐ।
ਮੈਂ ਥੋੜੀ ਜਿਹੀ ਹਿੰਮਤ ਕਰੀ ਤੇ ਡੈਡੀ ਨੂੰ ਪੁੱਛ ਹੀ ਲਿਆ,”ਕੀ ਗੱਲ ਡੈਡੀ, ਉਦਾਸ ਲੱਗ ਰਹੇ ਹੋ ਕਈ ਦਿਨਾਂ ਤੋਂ?”
ਉਹਨਾਂ ਨੇ ਗੱਲ ਟਾਲਣ ਲਈ ਮੈਨੂੰ ਕਿਹਾ,”ਨਾ ਪੁੱਤ, ਕੋਈ ਗੱਲ ਨਹੀਂ।”
ਮੇਰੀ ਕਾਫ਼ੀ ਜਿੱਦ ਕਰਨ ਤੇ ਡੈਡੀ ਇਕਦਮ ਬੋਲੇ ਨਹੀਂ ਤੂੰ ਕੁੱਝ ਦਿਨ ਪਹਿਲਾਂ ਤੇਰੀ ਮਾਂ ਦੀ ਅਲਮਾਰੀ ਖੋਲੀ ਸੀ ਮੈਂ ਕਿਹਾ ਹਾਂ ਮੈ ਕੱਪੜੇ ਠੀਕ ਕਰ ਰਹੀ ਸੀ ਕਹਿੰਦੇ ਤੈਨੂੰ ਕੁੱਝ ਯਾਦ ਨਹੀਂ ਮੈਂ ਕਿਹਾ ਨਹੀ ਡੈਡੀ ,ਕਹਿੰਦੇ ਤੂੰ ਤੇਰੀ ਮਾਂ ਦੀ ਫੁਲਕਾਰੀ ਫਾਲਤੂ ਕੱਪੜਿਆਂ ‘ਚ ਸੁੱਟ ਦਿੱਤੀ। ਤੈਨੂੰ ਪਤਾ ਐ ਉਹ ਫੁਲਕਾਰੀ ਤੇਰੀ ਮਾਂ ਦੇ ਸ਼ਗਨਾਂ ਦੀ ਫੁਲਕਾਰੀ ਸੀ। ਤੇਰੀ ਮਾਂ ਤੇ ਲਈ ਬਹੁਤ ਸੋਹਣੀ ਲੱਗਦੀ ਸੀ ਪਰ ਹਾਂ ਉਹਨੂੰ ਪਸੰਦ ਨਹੀਂ ਸੀ ਮੈਨੂੰ ਹਮੇਸ਼ਾ ਕਹਿੰਦੀ ਸੀ ਤੁਸੀਂ ਮੇਰੀ ਵਰੀ ਲੈਣ ਵੇਲੇ ਕਜੂੰਸੀ ਕੀਤੀ ਐ, ਮੇਰੀ ਫੁਲਕਾਰੀ ਵੀ ਸੋਹਣੀ ਨਹੀਂ, ਮੈਂ ਹਮੇਸ਼ਾ ਉਹਦੀ ਇਹ ਗੱਲ ਹਾਸੇ ‘ਚ ਲੈ ਜਾਂਦਾ। ਤੇ ਕਮਲੀਏ ਕੁੜੀਏ, ਤੂੰ ਫੁਲਕਾਰੀ ਫਾਲਤੂ ਕੱਪੜਿਆਂ ‘ਚ ਸੁੱਟ ਦਿੱਤੀ, ਤੇਰੀ ਮਾਂ ਦੇ ਚਲੇ ਜਾਣ ਤੋਂ ਬਾਅਦ ਮੈਂ ਹਮੇਸ਼ਾ ਉਹਨੂੰ ਉਹਦੀਆਂ ਚੀਜ਼ਾਂ ‘ਚੋ ਮਹਿਸੂਸ ਕੀਤਾ।
ਸ਼ਾਇਦ ਤੇਰੀ ਮਾਂ ਮੇਰੇ ਨਾਲ ਨਾਰਾਜ਼ ਹੀ ਰਹੀ ਤਾਂ ਹੀ ਅੱਧ ਵਿਚਕਾਰ ਛੱਡ ਕਿ ਚਲੀ ਗਈ। ਮੈਂ ਡੈਡੀ ਦੀਆਂ ਗੱਲਾਂ ਬੜੇ ਹੀ ਧਿਆਨ ਨਾਲ ਸੁਣ ਰਹੀ ਸੀ ਤੇ ਸੋਚ ਰਹੀ ਸੀ ਕਿ ਮੋਹ ਵੀ ਕੀ ਚੀਜ਼ ਹੈ, ਇਨਸਾਨ ਕੋਲ ਨਹੀਂ ਤਾਂ ਉਹਦੀ ਹਰ ਸ਼ੈਅ ਵਿੱਚੋਂ ਬੰਦਾ ਅੱਪਣਤ ਦਾ ਨਿੱਘ ਮਾਣਦਾ, ਡੈਡੀ ਵੀ ਤਾਂ ਮਾਂ ਦੇ ਜਾਣ ਤੋਂ ਬਾਅਦ ਉਹਦੀਆਂ ਹਰ ਚੀਜ਼ਾਂ ‘ਚੋ ਮਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਸੀ।
ਮੈਂ ਇਹ ਸੋਚਦਿਆਂ ਹੀ ਡੈਡੀ ਨੂੰ ਕਿਹਾ ਬਸ ਇੰਨੀ ਗੱਲ ਪਿੱਛੇ ਤੁਸੀ ਉਦਾਸ ਸੀ ਲਿਆਉ ਮੈਨੂੰ ਫੁਲਕਾਰੀ ਦਿਉ ਮੈਂ ਸੰਭਾਲ ਕਿ ਰੱਖ ਦਿੰਨੀ ਆਂ। ਪਰ ਉਦਾਸ ਜਹੀ ਹਾਸੀ ਹੱਸਦਿਆਂ ਡੈਡੀ ਬੋਲੇ,”ਉਹ ਤਾਂ ਮੈਂ ਰੱਖ ਦਿੱਤੀ, ਤੇਰੀ ਮਾਂ ਨੂੰ ਚਾਹੇ ਪਸੰਦ ਨਹੀਂ ਸੀ, ਪਰ ਤੇਰੀ ਮਾਂ ਪਹਿਲੀ ਵਾਰ ਉਹੀ ਸ਼ਗਨਾਂ ਦੀ ਫੁਲਕਾਰੀ ਲੈ ਕੇ ਇਸ ਘਰ ਆਈ ਸੀ।” ਇੰਝ ਕਹਿੰਦੇ ਡੈਡੀ ਉੱਥੋਂ ਚਲੇ ਗਏ, ਤੇ ਮੈਂ ਉੱਥੇ ਬੈਠੀ ਕਿੰਨੀ ਦੇਰ ਉਹਨਾਂ ਦੇ ਅੰਦਰਲੇ ਅਹਿਸਾਸ ਬਾਰੇ ਸੋਚਦੀ ਰਹੀ।