(ਸਮਾਜ ਵੀਕਲੀ)
ਜਿਹਨੂੰ ਵੀ ਉਪਭਾਵੁਕਤਾ ਦਾ ਤਾਪ ਚੜ੍ਹਦੈ, ਉਹਦੇ ਲਈ ਸਾਰੇ ਥਰਮਾਮੀਟਰ ਛੋਟੇ ਰਹਿ ਜਾਂਦੇ ਆ। ਪਹਿਲਾਂ ਤਾਂ ਮੈਂ ਥੋਨੂੰ ਦੱਸਦਾਂ ਬਈ ਉਪਭਾਵੁਕਤਾ ਕੀ ਹੁੰਦੀ ਐ, ਫੇਰ ਦਸਦਾਂ ਕਿ ਇਹਦਾ ਤਾਪ ਕਿਵੇਂ ਚੜ੍ਹਦੈ। ਜਿਹੜੀ ਭਾਵੁਕਤਾ ਹੁੰਦੀ ਐ, ਇਹ ਮਨੁੱਖ ਦੀ ਆਤਮਾ ਹੁੰਦੀ ਐ, ਜਿਸ ਦੇਹ ਵਿੱਚ ਆਤਮਾ ਨਹੀਂ ਉਹ ਸਰੀਰ ਨਹੀਂ ਲੋਥ ਐ। ਭਾਵੁਕਤਾ ਦਾ ਅੰਸ਼ ਤਾਂ ਹਰੇਕ ਮਨੁੱਖ ਵਿੱਚ ਹੋਣਾ ਹੀ ਚਾਹੀਦੈ, ਭਾਵੁਕਤਾ ਈ ਬੰਦੇ ਨੂੰ ਬੰਦਾ ਬਣਾਉਂਦੀ ਐ, ਭਾਵੁਕਤਾ ਹੀ ਮਨੁੱਖ ਅੰਦਰ ਮਨੁੱਖਤਾ ਦੀ ਮਸ਼ਾਲ ਜਗਾਈ ਰਖਦੀ ਐ।
ਹੁਣ ਗੱਲ ਕਰਦੇ ਆਂ ਉਪਭਾਵੁਕਤਾ ਦੀ। ਉਪਭਾਵੁਕਤਾ, ਭਾਵੁਕਤਾ ਤੋਂ ਬਿਲਕੁਲ ਵੱਖਰਾ ਮਸਲੈ। ਜੀਕਣ ਭਾਵੁਕਤਾ ਹੁੰਦੀ ਹੈ ਬਈ ਡਿੱਗੇ ਬੱਚੇ ਨੂੰ ਮਾਂ ਕਹਿੰਦੀ ਐ, ਕੀੜੀ ਦਾ ਆਟਾ ਡੁੱਲ੍ਹ ਗਿਆ। ਬੱਚਾ ਦਾ ਧਿਆਨ ਡਿੱਗਣ ਤੋਂ ਹਟ ਕੇ ਕੀੜੀ ਦੇ ਡੁੱਲ੍ਹੇ ਆਟੇ ਕੰਨ੍ਹੀਂ ਚਲਿਆ ਜਾਂਦੈ। ਉਪਭਾਵੁਕਤਾ ਹੁੰਦੀ ਐ ਬਈ ਮਾਂ ਕੀੜੀ ਦਾ ਡੁੱਲ੍ਹਿਆ ਆਟਾ ਆਖ ਕੇ ਜੁਆਕ ਨੂੰ ਡੁੱਲ੍ਹਿਆ ਆਟਾ ਬੀ ਦਵਾਵੇ, ਨਾਲ਼ ਏ ਕਣਕ ਪੀਹਣ ਵਾਲ਼ੀ ਚੱਕੀ ਦਾ ਵੀ ਹਵਾਲਾ ਨਾਲ਼ ਏ ਨੱਥੀ ਕਰੇ। ਉਸ ਤੋਂ ਗਾਂਹ ਉਹ ਜੁਆਕ ਨੂੰ ਕਣਕ ਪੀਹਣ ਵਾਲ਼ੀ ਚੱਕੀ ਸਚਮੁੱਚ ਚਲਦੀ ਬੀ ਦਖਾਵੇ। ਬੱਚਾ ਮੰਨੇ ਭਾਵੇਂ ਨਾ ਪਰ ਮਾਂ ਚੱਕੀ ‘ਤੇ ਹੀ ਅੜੀ ਰਹੇ।
ਉਪਭਾਵੁਕਤਾ ਇਸ ਕਿਸਮ ਦਾ ਬਨਾਉਟੀ ਅੰਨ੍ਹਾਪਣ ਐ। ਜਿਵੇਂ ਧ੍ਰਿਤਰਾਸ਼ਟਰ ਦਾ ਅੰਨ੍ਹਾਪਣ ਸਰੀਰਕ ਸੀ ਪਰ ਗੰਧਾਰੀ ਦਾ ਅੱਖਾਂ ‘ਤੇ ਪੱਟੀ ਬੰਨ੍ਹ ਕੇ ਅੰਨ੍ਹਾ ਹੋਣਾ ਉਪਭਾਵੁਕਤੈ। ਉਪਭਾਵੁਕ ਬੰਦਾ ਅੱਖਾਂ ‘ਤੇ ਪੱਟੀ ਬੰਨ੍ਹ ਕੇ ਉੱਤੋਂ ਅੱਖਾਂ ਵੀ ਘੁੱਟ ਕੇ ਮੀਟ ਲੈਂਦੈ। ਉਪਭਾਵੁਕ ਬਿੱਲੀ ਨੂੰ ਦੇਖ ਕੇ ਅੱਖਾਂ ਮੀਟਣ ਵਾਲ਼ਾ ਕਬੂਤਰ ਵੀ ਹੋ ਸਕਦੈ ਤੇ ਬਾਜ਼ ਨੂੰ ਆਪਣੇ ਵੱਲ੍ਹ ਆਉਂਦਾ ਵੇਖ ਕੇ ਰੇਤ ਵਿੱਚ ਸਿਰ ਲੁਕੋ ਕੇ ਦੁਸ਼ਮਣ ਨੂੰ ‘ਚਲਿਆ ਗਿਆ’ ਸਮਝਣ ਵਾਲ਼ਾ ਸ਼ੁਤਰਮੁਰਗ ਵੀ ਹੋ ਸਕਦਾ ਹੈ। ਉਪਭਾਵੁਕ ਬੰਦਾ ਅੱਖਾਂ ਮੀਚ ਕੇ, ਬੰਦ ਹਨੇਰੇ ਕਮਰੇ ਵਿੱਚ ਕਾਲ਼ੀ ਬਿੱਲੀ ਭਾਲਣ ਆਲੀ ਮਹਾਨ ਆਤਮਾ ਹੁੰਦੀ ਐ।
ਰਸੂਲ ਹਮਜ਼ਾਤੋਵ ਇੱਕ ਕਥਾ ਸੁਣਾਉਂਦਾ ਹੁੰਦੈ ਬਈ ਇੱਕ ਬੰਦਾ ਨੇ ਸ਼ੇਰ ਦੀ ਗੁਫਾ ਵਿੱਚ ਸਿਰ ਦਿੱਤਾ ਤਾਂ ਸ਼ੇਰ ਨੇ ਉਸ ਦਾ ਸਿਰ ਖਾ ਲਿਆ। ਸਾਰੇ ਹੈਰਾਨ ਪਰੇਸ਼ਾਨ ਬੇ–ਸਿਰਾ ਬੰਦਾ ਦੇਖ ਕੇ ਪਰ ਉਹ ਬੰਦਾ ਮੰਨਣ ਲਈ ਹੀ ਤਿਆਰ ਨ੍ਹੀਂ ਉਹਦਾ ਸਿਰ ਖਾ ਲਿਆ ਗਿਆ ਹੈ। ਉਹ ਕਹਿੰਦਾ ਕਿ ‘ਮੈਂ ਤਾਂ ਸਦਾ ਤੋਂ ਐਈਂ ਸੀ, ਬੇ–ਸਿਰਾ।’ ਉਸ ਦੀ ਘਰਆਲ਼ੀ ਕਹਿੰਦੀ, ‘ਜਦ ਸਿਰ ਏ ਨ੍ਹੀ ਤੀ, ਫੇਰ ਤੂੰ ਟੋਪੀ ਕਾਹਦੇ ਉੱਤੇ ਲੈਂਦਾ ਤੀ..?’ ਤਾਂ ਉਹ ਉਪਭਾਵੁਕ ਬੰਦਾ ਕਹਿੰਦਾ ‘ਇਸ ਤੋਂ ਇਹ ਗੱਲ ਸਿੱਧ ਹੁੰਦੀ ਹੈ ਕਿ ਸਿਰ ਤੋਂ ਬਿਨਾਂ ਵੀ ਟੋਪੀ ਲਈ ਜਾ ਸਕਦੀ ਐ।’ ਆਹ ਜਿਹੜੇ ਉਪਭਾਵੁਕ ਬੰਦੇ ਹੁੰਦੇ ਆ, ਇਹ ‘ਮੈਂ ਨਾ ਮਾਨੂੰ।’ ਕੈਟਾਗਿਰੀ ਆਲ਼ੇ ਬੰਦੇ ਹੁੰਦੇ ਆ।
ਉਪਭਾਵੁਕ ਬੰਦਾ ਵਹਿਮੀ ਹੁੰਦਾ ਹੈ, ਭਰਮਾਂ ‘ਚ ਯਕੀਨ ਕਰਨ ਆਲ਼ਾ, ਅੰਧਵਿਸ਼ਵਾਸੀ ਅਤੇ ਅੱਖਾਂ ਮੀਚ ਕੇ ਵਿਸ਼ਵਾਸ ਕਰਨ ਵਾਲ਼ਾ ਬੰਦਾ ਹੁੰਦੈ। ਅਜੋਕੇ ਦੌਰ ਵਿੱਚ ਵਿੱਚ ਤਾਂ ਐਸੇ ਉਪਭਾਵੁਕ ਬੰਦਿਆਂ ਦੀ ਭਰਮਾਰ ਐ। ਪਹਿਲਾਂ ਤਾਂ ਬੱਸ ਕੁਝ ਇੱਕ ਵੱਡੇ ਬੰਦਿਆਂ ਤੇ ਜਾਂ ਵੱਧੋ ਵੱਧ ਧਰਮ ਨੂੰ ਲੈ ਕੇ ਉਪਭਾਵੁਕਤਾ ਫੈਲੀ ਹੋਈ ਸੀ ਪਰ ਹੁਣ ਤਾਂ ਹਰੇਕ ਈ ਜਣਾ–ਖਣਾ, ਹਰੇਕ ਈ ਜਣੇ–ਖਣੇ ਦਾ ਫੈਨ ਬਣਿਆ ਫਿਰਦਾ ਹੈ, ਫੈਨ ਵੀ ਵੱਡਾ ‘ਦਾਤੀ ਫਰਾ।’ ਹੁਣ ਤਾਂ ਸਿੰਗਰਾਂ ਦੇ ਵੀ ਫੈਨ ਐ, ਮਾੜੇ–ਧੀੜੇ ਲੋਕਲ ਲੀਡਰਾਂ ਦੇ ਵੀ, ਬੂਬਨੇ ਸਾਧਾਂ ਦੇ ਵੀ। ਇਹ ਫੈਨ ਇੰਨੇ ਉਪਭਾਵੁਕ ਹੁੰਦੇ ਹਨ ਕਿ ਇਨ੍ਹਾਂ ਦੇ ਪਿਓ ਨੂੰ ਕੋਈ ਲੱਖ ਮੰਦਾ ਬੋਲਲੇ ਇਹ ਸ਼ਾਂਤ ਰਹਿੰਦੇ ਆ ਪਰ ਇਨ੍ਹਾਂ ਦੇ ਲੰਡੂ ਜਿਹੇ ਆਦਰਸ਼ ਨੂੰ ਕੋਈ ‘ਤੂੰ’ ਵੀ ਕਹਿਦੇ ਤਾਂ ਇਹ ਅੰਧਭਗਤ ਉਪਭਾਵੁਕ ਫੈਨ ਅਗਲੇ ਦਾ ਸਿਰ ਪਾੜਨ ਤੱਕ ਜਾਂਦੇ ਆ।
ਅੱਜ ਮੈਂ ਉਨ੍ਹਾਂ ਉਪਭਾਵੁਕਾਂ ਗੱਲ ਕਰਨ ਲੱਗਿਆਂ ਜਿਹੜੇ ਕ੍ਰਿਕੇਟ ਵਾਲ਼ੀ ਆਈ.ਪੀ.ਐਲ (ਇੰਡੀਅਨ ਪ੍ਰੀਮੀਅਰ ਲੀਗ) ਆਲ਼ੇ ਉਪਭਾਵੁਕ ਆ। ਹੁਣ ਆਈ ਆਈ.ਪੀ.ਐਲ ਆਲ਼ਾ ਬੁਖਾਰ ਉਪਭਾਵੁਕਾਂ ਨੂੰ ਹਰ ਸਾਲ ਹੀ ਚੜ੍ਹਦੈ। ਹਾਸੇ ਆਲ਼ੀ ਗੱਲ ਇਹ ਹੁੰਦੀ ਹੈ ਕਿ ਇਨ੍ਹਾਂ ਅੰਧਭਗਤ ਉਪਭਾਵੁਕ ਫੈਨਜ਼ ਦਾ ਟੀਮ ਦੇ ਜਿੱਤਣ ਹਾਰਨ ਨਾਲ਼/ਵਿੱਚ ‘ਲੱਲਾ ਨਹੀਂ ਹੁੰਦਾ, ਖੱਖਾ ਨਹੀਂ ਹੁੰਦਾ’ ਇਹ ਫੇਰ ਵਿੱਚ ਵੀ ਵਾਧੂ ‘ਲੱਖਾ’ ਬਣਨ ਨੂੰ ਫਿਰਦੇ ਹੁੰਦੇ ਆ। ‘ਇਹ ਨਾ ਤਿੰਨਾ ‘ਚ ਨਾ ਤੇਰਾਂ ‘ਚ, ਨਾ ਪਲੇਅਰਾਂ ‘ਚ ਨਾ ਸਪੇਅਰਾਂ ‘ਚ..।’ ਪਰ ਫੇਰ ਵੀ ਰੱਸੇ ਤੁੜਾਂਦੇ ਫਿਰੀ ਜਾਣਗੇ। ਕੋਈ ਪੁੱਛਣ ਆਲ਼ਾ ਹੋਵੇ ਬਈ ਉਹ ਭਾਵੇਂ ਜਿੱਤਣ ਭਾਵੇਂ ਹਾਰਨ ਉਨ੍ਹਾਂ ਦੇ ਨੋਟ ਖਰੇ ਆ, ਥੋਨੂੰ ਦੱਸੋ ਕੀ ਵਿੱਚੋਂ ਠੋਲੂ ਮਿਲੂ ??
ਇਸ ਆਈ.ਪੀ.ਐਲ. ਵਿੱਚ ਟੀਮਾਂ ਦੇ ਨਾਮ ਨਾਲ਼ ਸਟੇਟ ਦਾ ਨਾਮ ਵੀ ਜੁੜਿਆ ਹੋਇਆ ਹੈ ਜਿਵੇਂ ਕਿੰਗਜ਼ ‘ਪੰਜਾਬ’, ‘ਰਾਜਸਥਾਨ’ ਰਾਇਲਜ਼, ‘ਮੁੰਬਈ’ ਇੰਡੀਅਨ, ‘ਕੋਲਕਾਤਾ’ ਨਾਈਟ ਰਾਈਡਰਜ਼ ਆਦਿ। ਟੀਮ ਦੇ ਨਾਮ ਨਾਲ਼ ਇਹ ਸਟੇਟ ਦੇ ਨਾਮ ਦਾ ਕੋਈ ਅਰਥ ਨਹੀਂ ਕਿਉਂਕਿ ਹਰੇਕ ਟੀਮ ਵਿੱਚ ਕਿਸੇ ਵੀ ਹੋਰ ਸਟੇਟ ਦੇ ਪਲੇਅਰ ਖੇਡ ਸਕਦੇ ਆ ਤੇ ਕਈ ਵਿਦੇਸ਼ੀ ਖਿਡਾਰੀ ਵੀ ਖੇਡ ਰਹੇ ਨੇ। ਹੁਣ ਜਿਵੇਂ ਕਿੰਗਜ਼ ‘ਪੰਜਾਬ’ ਦੀ ਉਦਾਹਰਨ ਲਈਏ ਤਾਂ ਇਸ ਵਿੱਚ ਸਾਰੇ ਪਲੇਅਰ ਪੰਜਾਬੀ ਨਹੀਂ, ਸਗੋਂ ਪੰਜਾਬ ਤੋਂ ਤਾਂ ਮਸਾਂ ਇੱਕ ਦੋ ਹੀ ਪੰਜਾਬੀ ਪਲੇਅਰ ਹੋਣਗੇ ਬਾਕੀ ਸਾਰੇ ਹੋਰ ਸਟੇਟਾਂ, ਦੇਸ਼ਾਂ ਦੇ ਪਲੇਅਰ ਸ਼ਾਮਿਲ ਹਨ
ਪਰ ਪੰਜਾਬੀ ਅੰਧਭਗਤ ਉਪਭਾਵੁਕ ਫੈਨ ਇਸ ਕਿੰਗਜ਼ ‘ਪੰਜਾਬ’ ਨਾਲ਼ ਜੁੜਿਆ ‘ਪੰਜਾਬ’ ਸ਼ਬਦ ਦੇਖ, ਪੜ੍ਹ, ਸੁਣ ਕੇ ਇਸ ਨੂੰ ਆਪਣੀ, ਪੰਜਾਬ ਦੀ, ਟੀਮ ਸਮਝ ਲੈਂਦੇ ਹਨ ਤੇ ਇਸ ਕਿੰਗਜ਼ ‘ਪੰਜਾਬ’ ਟੀਮ ਲਈ ਤਾੜੀਆਂ ਮਾਰਨੀਆਂ, ਇਸ ਦੀ ਜਿੱਤ ਲਈ ਅਰਦਾਸਾਂ ਕਰਨੀਆਂ, ਇਸ ਦਾ ਹੌਸਲਾ ਵਧਾਉਣ ਲਈ ਜਿੱਥੇ ਕਿੰਗਜ਼ ‘ਪੰਜਾਬ’ ਦਾ ਮੈਚ ਹੋਵੇ, ਓਥੇ ਪੰਜਾਬੀਆਂ ਦਾ ਬਹੁਗਿਣਤੀ ਵਿੱਚ ਪਹੁੰਚਣਾ ਉਪਭਾਵੁਕਤਾ ਦਾ ਤਾਪ ਹੀ ਹੈ। (ਬਾਕੀ ਸਟੇਟਾਂ ਦੇ ਉਪਭਾਵੁਕ ਵੀ ਐਈਂ ਕਰਦੇ ਨੇ, ਆਪਣੇ ਸਟੇਟ ਦੇ ਨਾਮ ਆਲ਼ੀ ਟੀਮ ਪਛਾਣ ਕੇ ਉਹਦੇ ਪਿੱਛੇ ਲਟਾਪੀਂਘ ਹੋਈ ਜਾਣਗੇ।)
ਜਿਹੜੇ ਪਲੇਅਰ ਕਿਸੇ ਸਟੇਟ ਵਿਸ਼ੇਸ਼ ਦੀ ਟੀਮ ਲਈ ਖੇਡਦੇ ਹਨ, ਉਹ ਉਸ ਸਟੇਟ ਵਿਸ਼ੇਸ਼ ਦੇ ਅੰਧਭਗਤ ਉਪਭਾਵਕ ਫੈਨਜ਼ ਲਈ ਪੂਜਣਯੋਗ ਬਣ ਜਾਂਦੇ ਹਨ ਅਤੇ ਬਾਕੀ ਟੀਮਾਂ ਦੇ ਪਲੇਅਰ ਨਿੰਦਣਯੋਗ ਯੋਗ। ਜਿਵੇਂ ‘ਪੰਜਾਬ’ ਕਿੰਗਜ਼ ਵਿੱਚ ਕ੍ਰਿਸ ਗੇਲ ਸ਼ਾਮਿਲ ਹੈ ਤਾਂ ਇਹ ਪੰਜਾਬੀਆਂ ਲਈ ਗੌਰਵ ਦੀ ਗੱਲ ਹੈ। ਕ੍ਰਿਸ ਗੇਲ ਦੇ ਗੁਣ ਗਾਈ ਜਾਣਗੇ, ਅਖੇ, ‘ਬਾਈ ਜੀ, ਇਹਦੇ ਅਰਗਾ ਪਲੇਅਰ ਨਹੀਂ ਜੰਮਿਆ ਅਜੇ ਤੱਕ।
ਬਾਈ ਜੀ ਇਹ ਛੱਕਾ ਮਾਰ ਕੇ ਰੱਬ ਤੱਕ ਲਾ ਦਿੰਦੈ। ਬਾਈ ਜੇ ਇਹਦੇ ਅਰਗਾ ਜ਼ਿੰਦਾਦਿਲ ਪਲੇਅਰ ਹੋਰ ਹੈਨੀ ਕੋਈ।’ ਇਸੇ ਤਰ੍ਹਾਂ ਪਹਿਲਾਂ ਇਹੋ ਸਾਰੀਆਂ ਗੱਲਾਂ ਪੰਜਾਬੀ ਅੰਧਭਗਤ ਉਪਭਾਵੁਕ ਫੈਨ ਖਿਡਾਰੀ ‘ਮੈਕਸਵੈਲ’ ਬਾਰੇ ਕਿਹਾ ਕਰਦੇ ਸਨ ਪਰ ਹੁਣ ਮੈਕਸਵੈਲ ਹੋਰ ਕਿਸੇ ਟੀਮ (ਰਾਇਲਸ ਚੈਲੰਜਰਜ਼ ‘ਬੰਗਲੋਰ’) ਲਈ ਖੇਡ ਰਿਹੈ, ਇਸ ਲਈ ਮੈਕਸਵੈਲ ਪੰਜਾਬੀਆਂ ਦਾ ਨੰਬਰ ਵਨ ਦੁਸ਼ਮਣ ਬਣ ਗਿਆ ਹੈ। ਹੁਣ ਜਦੋਂ ਮੈਕਸਵੈਲ ਵਿਰੋਧੀ ਟੀਮ ਵੱਲੋਂ ਖੇਡਦਾ ਹੋਇਆ ਛੱਕਾ ਮਾਰਦਾ ਹੈ ਤਾਂ ਪੰਜਾਬੀ ਉਪਭਾਵੁਕ ਫੈਨਜ਼ ਨੂੰ ਹੌਲ ਪੈ ਜਾਂਦਾ ਹੈ, ਇਹ ਤਾੜੀਆਂ ਨਹੀਂ ਮਾਰਦੇ, ਲਾਹਨਤਾਂ ਭੇਜਦੇ ਹਨ, ਗਾਲ਼ਾਂ ਕੱਢਦੇ ਹਨ। ਐਕਣੇ ਜਦ ਇਹੋ ਕ੍ਰਿਸ ਗੇਲ ਪਹਿਲੋਂ ਰਾਇਲਸ ਚੈਲੰਜਰਜ਼ ‘ਬੰਗਲੋਰ’ ਵੱਲ੍ਹੋਂ ਖੇਡਦਾ, ਛੱਕੇ ਮਾਰਦਾ ਹੁੰਦਾ ਸੀ, ਪੰਜਾਬੀਆਂ ਨੂੰ ਭੈੜਾ ਲਗਦਾ ਸੀ; ਹੁਣ ਇਹੋ ਕ੍ਰਿਸ ਗੇਲ ਪੰਜਾਬ ਵੱਲ੍ਹੋਂ ਖੇਡਦੈ, ਛੱਕੇ ਮਾਰਦੈ ਤਾਂ ਚੰਗਾ ਲਗਦੈ।
ਇਹ ‘ਉਪਭਾਵੁਕ’ ਤਰਲ ਮਾਨਸਿਕਤਾ ਵਾਲ਼ੇ ਲੋਕ ਹੁੰਦੇ ਹਨ ਕਿਉਂਕਿ ਇਹ ਅੱਜ ਆਪਣੇ ਆਦਰਸ਼ਕ ਹੀਰੋ ਲਈ ਜਿਹੜੇ ਹੱਥਾਂ ਨਾਲ਼ ਤਾੜੀਆਂ ਮਾਰਦੇ ਆ, ਕੱਲ੍ਹ ਨੂੰ ਉਨ੍ਹਾਂ ਹੱਥ ਨਾਲ਼ ਹੀ ਆਪਣੇ ਆਦਰਸ਼ਕ ਹੀਰੋ ਦੇ ਥਪੜੇ ਵੀ ਮਾਰ ਸਕਦੇ ਆ। ਉਪਭਾਵੁਕ ਲੋਕ ਬਹੁਤ ਛੇਤੀ ਨਾਇਕ ਮਿੱਥ ਲੈਂਦੇ ਆ ਤੇ ਬਹੁਤ ਛੇਤੀ ਨਾਇਕ ਨੂੰ ਢਾਹ ਵੀ ਦਿੰਦੇ ਹਾਂ। ਉਪਭਾਵੁਕ ਲੋਕਾਂ ਲਈ ਨਾਇਕ ਬਣਾਉਣਾ ਇੰਝ ਹੀ ਹੈ ਜਿਵੇਂ ਬੱਚੇ ਪੈਰ ਉੱਤੇ ਰੇਤਾ ਥੱਪ ਥੱਪ, ਪੱਥ ਪੱਥ ਰੇਤੇ ਦਾ ਘਰ ਬਣਾਉਂਦੇ ਹਨ। ਇਹ ਉਪਭਾਵੁਕ ਲੋਕ ਰੇਤੇ ਦੇ ਘਰ ਵਾਂਗ ਬੜੀ ਛੇਤੀ ਨਾਇਕ ਨੂੰ ਬਣਾ ਵੀ ਦਿੰਦੇ ਆ ਤੇ ਢਾਹ ਵੀ ਦਿੰਦੇ ਹਨ ਪਰ ਕਿਸੇ ਦੂਸਰੇ ਨੂੰ ਨ੍ਹੀਂ ਚੰਗਾ–ਮਾੜਾ ਕਹਿਣ ਦਿੰਦੇ। ਇਹ ਤਾਂ ਕਹਿੰਦੇ ਅਸੀਂ ਨਾਇਕ ਬਣਾਵਾਂਗੇ ਵੀ, ਢਾਹਾਂਗੇ ਵੀ ਪਰ ਕੋਈ ਦੂਜਾ ਸਾਡੇ ਫੱਟੇ ਵਿੱਚ ਲੱਤ ਨਾ ਅੜਾਵੇ ਨਹੀਂ ਤਾਂ ਅਸੀਂ ਲੱਤ ਵੱਢ ਵੀ ਸਕਦੇ ਆਂ, ਭੰਨ ਤੋੜ ਵੀ ਸਕਦੇ ਹਾਂ। ਇਹੋ ਜਿਹੇ ਉਪਭਾਵੁਕ ਪੱਕੇ ਫੈਨਜ਼ (ਪੱਖੇ, ਕੂਲਰ, ਏ.ਸੀ.) ਤੋਂ ਰੱਬ ਈ ਬਚਾਵੇ।
ਉਪਭਾਵੁਕਤਾ ਦਾ ਤਾਪ ਜਿਹਨੂੰ ਚੜ੍ਹ ਜਾਂਦੈ, ਉਹ ਫੇਰ ਸਦਾ ਤਪਿਆ ਹੀ ਰਹਿੰਦਾ ਹੈ, ਸਮੱਸਿਆ ਇਹ ਹੈ ਉਪਭਾਵੁਕਤਾ ਦੇ ਤਾਪ ਦਾ ਸਤਾਇਆ ਬੰਦਾ ਇਹ ਮੰਨਦਾ ਹੀ ਨਹੀਂ ਕਿ ਉਹਨੂੰ ਤਾਪ ਚੜ੍ਹਿਆ ਹੋਇਆ ਹੈ ਕਿਉਂਕਿ ਜੇ ਉਹ ਸਵੀਕਾਰ ਕਰ ਲਵੇ ਤਾਂ ਡਾਕਟਰੀ ਸਹਾਇਤਾ ਨਾਲ਼ ਤਾਪ ਉਤਾਰਿਆ ਵੀ ਜਾ ਸਕਦਾ ਹੈ। ਉਪਭਾਵੁਕ ਬੰਦੇ ਨਾਲ਼ ਮੱਥਾ ਮਾਰਨਾ ਇੰਝ ਹੀ ਹੈ ਜਿਵੇਂ ਕੋਈ ‘ਗੁਹਾਰੇ ਨਾਲ਼ ਮੱਥਾ ਮਾਰ ਰਿਹਾ ਹੋਵੇ।’ ਇਸ ਲਈ ਉਪਭਾਵੁਕਤਾ ਨਾਲ਼ ਪੰਗਾ ਨਾ ਲਵੋ, ਉਸ ਪ੍ਰਤੀ ਹਮਦਰਦੀ ਰੱਖੋ। ਬੱਸ ਇਹ ਸੋਚੋ ਕਿ ਇਸਨੂੰ ਤਾਪ ਚੜ੍ਹਿਐ ਤਾਂ ਇਹਦਾ ਇਹ ਹਾਲ ਐ। ਜਦ ਤਾਪ ਉਤਰ ਗਿਆ ਇਹ ਠੀਕ ਹੋ ਜਾਊ।
ਜਰੂਰੀ ਚੇਤਾਵਨੀ : ਜਦ ਕਿਸੇ ਉਪਭਾਵੁਕ ਬੰਦੇ ਦਾ ਤਾਜਾ ਤਾਜਾ ਤਾਪ ਉਤਰਿਆ ਮਹਿਸੂਸ ਹੋਵੇ ਉਹਨੂੰ ਬਿਲਕੁਲ ਨਾ ਛੇੜੋ ਕਿਉਂਕਿ ਅਜਿਹੇ ਵੇਲ਼ੇ ਉਹ ਉਪਭਾਵੁਕ ਬੰਦਾ ਜ਼ਖ਼ਮੀ ਸ਼ੇਰ ਤੇ ਫੱਟੜ ਸੱਪ ਤੋਂ ਵੀ ਜ਼ਿਆਦਾ ਖ਼ਤਰਨਾਕ ਹੁੰਦੈ। ਪਰ ਇਹ ਸਥਿਤੀ ਜਲਦੀ ਹੀ ਠੀਕ ਹੋ ਜਾਂਦੀ ਐ ਜਦ ਉਹ ਉਪਭਾਵੁਕ ਬੰਦਾ, ਅੱਗੋਂ ਫੇਰ ਕਿਸੇ ਦੇ ਫੈਨ ਬਣ ਕੇ, ਤਾਪ ਚੜ੍ਹਾ ਲੈਂਦਾ ਹੈ।
ਡਾ. ਸਵਾਮੀ ਸਰਬਜੀਤ
ਪਟਿਆਲ਼ਾ।
9888401328