(ਸਮਾਜ ਵੀਕਲੀ)
ਸੜਕੀ ਹਾਦਸੇ ਰੋਜ਼ਾਨਾਂ ਹੀ ਖ਼ਬਰਾਂ ਦੀਆਂ ਸੁਰਖੀਆਂ ਬਣਦੇ ਹਨ ਅਤੇ ਕਿਸੇ ਨਾ ਕਿਸੇ ਘਰ ਸੋਗ ਦੀ ਲਹਿਰ ਦੇ ਜਾਂਦੇ ਹਨ। ਇਹਨਾਂ ਹਾਦਸਿਆਂ ਪਿੱਛੇ ਜ਼ਿਆਦਾਤਰ ਸਿੱਧੇ ਤੌਰ ਤੇ ਲੋਕਾਂ ਦੀ ਯਾਤਾਯਾਤ ਨਿਯਮਾਂ ਸੰਬੰਧੀ ਵਰਤੀ ਜਾਂਦੀ ਅਣਗਹਿਲੀ ਅਤੇ ਪ੍ਰਸ਼ਾਸਨ ਦੀ ਦਿੱਤੀ ਜਾਂਦੀ ਢਿੱਲ ਜਿੰਮੇਵਾਰ ਹੈ। ਪੰਜਾਬ ਵਿੱਚ ਲੋਕਾਂ ਨੂੰ ਦੋੑਪਹੀਆ ਵਾਹਨਾਂ ਨੂੰ ਬਿਨ੍ਹਾਂ ਹੈਲਮੈੱਟ ਚਲਾਉਂਦੇ ਆਮ ਵੇਖਿਆ ਜਾਂਦਾ ਹੈ ਅਤੇ ਸੂਬੇ ਵਿੱਚ ਪੁਲਿਸ ਪ੍ਰਸ਼ਾਸਨ ਤਰਫੋਂ ਵੀ ਹੈਲਮੈੱਟ ਦਾ ਚਾਲਾਨ ਨਾ ਮਾਤਰ ਹੀ ਹੁੰਦਾ ਹੈ। ਇਹ ਵੀ ਕੋਈ ਅੱਤਕੱਥਨੀ ਨਹੀਂ ਕਿ ਸੜਕਾਂ ਉੱਤੇ ਵਾਹਨਾਂ ਨੂੰ ਚਲਾ ਰਹੇ ਲੋਕ ਬਹੁਤੇ ਆਵਾਜਾਈ ਦੇ ਨਿਯਮਾਂ ਤੋਂ ਅਣਜਾਣ ਹੀ ਹੁੰਦੇ ਹਨ ਅਤੇ ਪਿੰਡਾਂ ਸ਼ਹਿਰਾਂ ਵਿੱਚ 18 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਵਾਹਨ ਚਲਾਉਂਦੇ ਆਮ ਨਜਰੀਂ ਪੈ ਜਾਂਦੇ ਹਨ।
ਸੜਕ ਹਾਦਸਿਆਂ ਤੋਂ ਬਚਾਅ ਅਤੇ ਆਵਾਜਾਈ ਨੂੰ ਸੁਚਾਰੂ ਰੂਪ ਵਿੱਚ ਬਣਾਈ ਰੱਖਣ ਲਈ ਯਾਤਾਯਾਤ ਦੇ ਨਿਯਮ ਬਣਾਏ ਗਏ ਹਨ।ਇਹ ਨਿਯਮ ਹਰ ਵਿਅਕਤੀ ਦੁਆਰਾ ਪਾਲਣਾ ਕਰਨ ਲਈ ਹੁੰਦੇ ਹਨ ਜੋ ਸੜਕਾਂ ਤੇ ਚਲਦੇ ਹਨ ਅਤੇ ਟ੍ਰੈਫਿਕ ਦਾ ਹਿੱਸਾ ਬਣਦੇ ਹਨ।
ਸਰਦੀਆਂ ਦਾ ਸਮਾਂ ਚੱਲ ਰਿਹਾ ਹੈ ਅਤੇ ਧੁੰਦ ਕਾਰਨ ਵਿਜੀਵਿਲਿਟੀ ਉਂਝ ਹੀ ਘੱਟ ਹੋ ਜਾਂਦੀ ਹੈ ਸੋ ਆਵਾਯਾਈ ਦੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਤਾਂ ਜੋ ਸੁਰੱਖਿਅਤ ਸਫਰ ਕੀਤਾ ਜਾ ਸਕੇ।
ਜ਼ਰੂਰਤ ਅਨੁਸਾਰ ਹੀ ਨਿੱਜੀ ਵਾਹਨ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਜੇਕਰ ਸੰਭਵ ਹੋਵੇ ਤਾਂ ਸਫ਼ਰ ਲਈ ਪਬਲਿਕ ਟਰਾਂਸਪੋਰਟ ਨੂੰ ਪਹਿਲ ਦੇਣ ਦੀ ਕੋਸ਼ਿਸ਼ ਕੀਤੀ ਜਾਵੇ। ਕਦੇ ਵੀ ਤੇਜ ਰਫ਼ਤਾਰ ਜਾਂ ਨਸ਼ਾ ਆਦਿ ਕਰਕੇ ਕੋਈ ਵਾਹਨ ਨਹੀਂ ਚਲਾਉਣਾ ਚਾਹੀਦਾ। ਯਾਤਾਯਾਤ ਦੇ ਹੋਰ ਨਿਯਮਾਂ ਦੇ ਨਾਲ ਨਾਲ ਹਾਰਨਾਂ ਦੀ ਢੁੱਕਵੀਂ ਵਰਤੋਂ, ਗੱਡੀਆਂ ਵਿੱਚ ਸੀਟ ਬੈਲਟਾਂ ਦੀ ਵਰਤੋਂ, ਚੌਂਕਾਂ ਵਿੱਚ ਲੱਗੀਆਂ ਬੱਤੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਪੈਦਲ ਚੱਲਦੇ ਸਮੇਂ ਜੈਬਰਾ ਕਰਾਸਿੰਗ ਤੋਂ ਮੁੱਖ ਸੜਕਾਂ ਨੂੰ ਪਾਰ ਕਰਨਾ ਚਾਹੀਦਾ ਹੈ ਕਿਉਂਕਿ ਕਿਸੇ ਹੋਰ ਥਾਂ ਤੋਂ ਸੜਕ ਪਾਰ ਕਰਨਾ ਦੁਰਘਟਨਾ ਨੂੰ ਸਿੱਧਾ ਸੱਦਾ ਸਾਬਤ ਹੋ ਸਕਦੀ ਹੈ।
ਧੁੰਦ ਦਾ ਸਮਾਂ ਹੈ ਅਤੇ ਸਰਦੀਆਂ ਦੇ ਮੌਸਮ ਵਿੱਚ ਵੱਖੋ ਵੱਖਰੇ ਸਮਾਗਮ ਚੱਲਦਿਆਂ ਸੜਕਾਂ ਤੇ ਚਾਹ ਆਦਿ ਦਾ ਲੰਗਰ ਲਾਉਣਾ ਆਮ ਗੱਲ ਹੈ ਪਰੰਤੂ ਇੱਥੇ ਜ਼ਰੂਰੀ ਹੈ ਕਿ ਮੁੱਖ ਸੜਕ ਤੋਂ ਥੋੜਾ ਪਿੱਛੇ ਹੱਟਕੇ ਲੰਗਰ ਲਾਇਆ ਜਾਵੇ ਅਤੇ ਲੋਕਾਂ ਨੂੰ ਰੋਕਣ ਲਈ ਜੋ ਮਿੱਟੀ ਦੇ ਉੱਚੇ ਉੱਚੇ ਬੰਨ੍ਹਨੁਮਾ ਹੰਪ ਬਣਾਏ ਜਾਂਦੇ ਹਨ ਉਹਨਾਂ ਤੋਂ ਪਰਹੇਜ਼ ਕੀਤਾ ਜਾਵੇ ਤਾਂ ਜੋ ਕੋਈ ਸੜਕ ਦੁਰਘਟਨਾ ਨਾ ਵਾਪਰੇ। ਸਿਹਤ ਪ੍ਰਤੀ ਸੁਚੇਤ ਨਾਗਰਿਕ ਚੰਗੀ ਗੱਲ ਹੈ ਪਰੰਤੂ ਸੜਕਾਂ ਦੇ ਸੈਰ ਕਰਨਾ ਕਦੇ ਵੀ ਸਹੀ ਨਹੀਂ ਕਿਹਾ ਜਾ ਸਕਦਾ, ਇਸਦੇ ਲਈ ਮੈਦਾਨ ਜਾਂ ਪਾਰਕ ਆਦਿ ਵਿੱਚ ਸੈਰ, ਟਹਿਲ ਕਦਮੀ ਆਦਿ ਕੀਤੀ ਜਾ ਸਕਦੀ ਹੈ। ਸਮਾਜ ਵਿੱਚ ਸਵੈ ਅਨੁਸ਼ਾਸਨ ਅਤੇ ਜਿੰਮੇਵਾਰ ਨਾਗਰਿਕਾਂ ਦੀ ਭਾਰੀ ਘਾਟ ਰੜਕਦੀ ਹੈ ਅਤੇ ਸੜਕੀ ਨਿਯਮਾਂ ਸੰਬੰਧੀ ਅਣਗਹਿਲੀ ਲੋਕਾਂ ਦੇ ਸੁਭਾਅ ਦਾ ਹਿੱਸਾ ਬਣ ਗਈ ਹੈ ਪਰੰਤੂ ਜਿੱਥੇ ਸਖਤੀ ਹੁੰਦੀ ਹੈ ਉੱਥੇ ਇਹ ਤੀਰ ਵਾਂਗੂੰ ਸਿੱਧੇ ਹੋ ਜਾਂਦੇ ਹਨ।
ਇਹ ਕੋਈ ਅੱਤਕੱਥਨੀ ਨਹੀਂ ਕਿ ਸਾਡੇ ਪੰਜਾਬੀ ਡੰਡੇ ਦੇ ਪੀਰ ਹਨ ਕਿਉਂਕਿ ਚੰਡੀਗੜ ਵਿੱਚ ਪ੍ਰਸ਼ਾਸਨਿਕ ਸਖਤੀ ਦੇ ਚੱਲਦਿਆਂ ਆਪਣੇ ਵਾਹਨਾਂ ਨੂੰ ਚੰਡੀਗੜ ਦੇ ਖੇਤਰ ਵਿੱਚ ਲੈ ਕੇ ਜਾਂਦਿਆਂ ਹੀ ਇੱਕ ਦਮ ਜਿਆਦਾਤਰ ਲੋਕ ਯਾਤਾਯਾਤ ਦੇ ਨਿਯਮਾਂ ਦੀ ਪਾਲਣਾ ਕਰਨ ਲੱਗ ਜਾਂਦੇ ਹਨ ਅਤੇ ਪੰਜਾਬ ਵਿੱਚ ਉਹੀ ਨਿਯਮਾਂ ਨੂੰ ਛਿੱਕੇ ਤੇ ਟੰਗ ਕੇ ਰੱਖਦੇ ਹਨ।
ਸੜਕੀ ਨਿਯਮਾਂ ਦੀ ਪਾਲਣਾ ਦੂਜਿਆਂ ਦੇ ਨਾਲ ਨਾਲ ਸਾਡੀ ਆਪਣੀ ਜਾਨ ਦੀ ਸੁਰੱਖਿਆ ਲਈ ਜਰੂਰੀ ਹੈ। ਸੜਕੀ ਨਿਯਮਾਂ ਨੂੰ ਅਣਗੋਲਿਆਂ ਕਰਨ ਤੇ ਆਪਣੀ ਜਾਨ ਦੇ ਨਾਲ ਨਾਲ ਦੂਜੇ ਵਿਅਕਤੀਆਂ ਲਈ ਵੀ ਅਸੀਂ ਖਤਰਾ ਬਣ ਜਾਂਦੇ ਹਾਂ। ਆਦਰਸ਼ ਨਾਗਰਿਕ ਲਈ ਜ਼ਰੂਰੀ ਹੈ ਕਿ ਉਹ ਸੜਕੀ ਨਿਯਮਾਂ ਪ੍ਰਤੀ ਸੁਚੇਤ ਰਹੇ ਅਤੇ ਪਾਲਣਾ ਯਕੀਨੀ ਬਣਾਏ।
ਧੁੰਦ ਵਿੱਚ ਡ੍ਰਾਈਵਿੰਗ ਕਰਦਿਆਂ ਵਾਹਨ ਤੋਂ ਵਾਹਨ ਦਾ ਫਾਸਲਾ ਜਰੂਰ ਰੱਖਿਆ ਜਾਣਾ ਜ਼ਰੂਰੀ ਹੈ ਅਤੇ ਓਵਰਟੇਕ ਕਰਨ ਲੱਗਿਆਂ ਅੱਗੇ ਪਿੱਛੇ ਧਿਆਨ ਜਰੂਰ ਰੱਖਿਆ ਜਾਵੇ। ਡ੍ਰਾਈਵਿੰਗ ਦੌਰਾਨ ਮੋਬਾਇਲ ਦੀ ਵਰਤੋਂ ਨਾ ਕਰੋ, ਧੁੰਦ ਵਿੱਚ ਵਹੀਕਲ ਚਲਾਉਣ ਲੱਗਿਆ ਪੂਰਾ ਧਿਆਨ ਅੱਗੇ ਰੱਖੋ, ਧੁੰਦ ਵਿੱਚ ਕਦੀ ਵੀ ਸੜਕ ਦੇ ਵਿਚਕਾਰ ਵਹੀਕਲ ਨਾ ਰੋਕੋ ਜਦੋਂ ਵਹੀਕਲ ਰੋਕਣਾ ਹੋਵੋ ਤਾਂ ਇੰਡੀਕੇਟਰ ਜਾਰੀ ਰੱਖੋ ਤੇ ਵਹੀਕਲ ਨੂੰ ਸੜਕ ਤੋਂ ਸਾਇਡ ’ਤੇ ਹੀ ਰੋਕੋ ਅਤੇ ਵਹੀਕਲ ਚਲਾਉਂਦੇ ਸਮੇਂ ਲਾਇਟਾਂ ਚਲਾ ਕੇ ਰੱਖੋ। ਵਾਹਨਾਂ ਤੇ ਰਿਫਲੈਕਟਰ ਜ਼ਰੂਰ ਲਗਾਉਣੇ ਚਾਹੀਦੇ ਹਨ ਤਾਂ ਜੋ ਧੁੰਦ ਅਤੇ ਰਾਤ ਸਮੇਂ ਸੜਕ ਤੇ ਚਲਦੇ ਵਾਹਨ ਦਾ ਪਤਾ ਲੱਗ ਸਕੇ।
ਸੁਰੱਖਿਅਤ ਸਫਰ ਅਤੇ ਸੁਚੱਜੀ ਆਵਾਜਾਈ ਲਈ ਯਾਤਾਯਾਤ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਜਰੂਰੀ ਹੈ ਕਿ ਲੋਕਾਂ ਵਿੱਚ ਇਸ ਸੰਬੰਧੀ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕੀਤੀ ਜਾਵੇ ਅਤੇ ਪ੍ਰਸ਼ਾਸਨ ਤਰਫੋਂ ਵਰਤੀ ਜਾਂਦੀ ਢਿੱਲ ਦੀ ਥਾਂ ਪੂਰੀ ਸਖਤੀ ਨੂੰ ਵੀ ਲਾਗੂ ਕੀਤਾ ਜਾਵੇ, ਇਹੀ ਸਮਾਜ ਅਤੇ ਲੋਕਾਂ ਦੇ ਹਿੱਤ ਵਿੱਚ ਹੈ ਅਤੇ ਵਾਹਨ ਚਲਾਉਂਦੇ ਸਮੇਂ ਟਰੈਫਿਕ ਨਿਯਮਾਂ ਦੀ ਕੀਤੀ ਪਾਲਣਾ ਨਾਲ ਸੜਕੀ ਹਾਦਸਿਆਂ ਨੂੰ ਬਹੁਤ ਹੱਦ ਤੱਕ ਠੱਲ੍ਹ ਪਾਈ ਜਾ ਸਕਦੀ ਹੈ ਅਤੇ ਕਈ ਘਰਾਂ ਵਿੱਚ ਸੱਥਰ ਵਿਛਣ ਤੋਂ ਬਚਾ ਹੋ ਸਕਦਾ ਹੈ।
ਗੋਬਿੰਦਰ ਸਿੰਘ ‘ਬਰੜਵਾਲ’
ਪਿੰਡ ਤੇ ਡਾਕ। ਬਰੜਵਾਲ (ਧੂਰੀ)