ਨਵੀਂ ਦਿੱਲੀ (ਸਮਾਜ ਵੀਕਲੀ): ਕਾਂਗਰਸ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਸੰਸਦ ਵਿੱਚ ਦਸੰਬਰ ਮਹੀਨੇ ਤੱਕ ਮੁਲਕ ਦੇ ਸਾਰੇ ਨਾਗਰਿਕਾਂ ਨੂੰ ਕੋਵਿਡ-19 ਵੈਕਸੀਨ ਮੁਹੱਈਆ ਕਰਵਾਉਣ ਸਬੰਧੀ ਇਸ ਦੀ ਨੀਤੀ ਤੇ ਖਾਕੇ ਬਾਰੇ ਸਪੱਸ਼ਟ ਢੰਗ ਨਾਲ ਦੱਸਣਾ ਚਾਹੀਦਾ ਹੈ। ਪਾਰਟੀ ਨੇ ਦੋਸ਼ ਲਾਇਆ ਕਿ ਸਰਕਾਰ ਸੁਰਖ਼ੀਆਂ ’ਚ ਰਹਿਣਾ ਚਾਹੁੰਦੀ ਹੈ ਪਰ ਮਿੱਥੇ ਸਮੇਂ ’ਚ ਕੰਮ ਕਰਨ ਦੀ ਇੱਛੁਕ ਨਹੀਂ ਹੈ। ਕਾਂਗਰਸ ਨੇ ਪੁੱਛਿਆ ਕਿ ਅਜੇ ਵੀ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਟੀਕੇ ਲਵਾਉਣ ਲਈ ਪੈਸੇ ਕਿਉਂ ਦੇਣੇ ਪੈ ਰਹੇ ਹਨ।
ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਆਨਲਾਈਨ ਪ੍ਰੈੱਸ ਕਾਨਫਰੰਸ ਮੌਕੇ ਕਿਹਾ ਕਿ ਸਾਰੇ ਭਾਰਤੀਆਂ ਨੂੰ ਕੋਵਿਡ- 19 ਤੋਂ ਬਚਾਅ ਲਈ ਮੁਫ਼ਤ ਟੀਕਾਕਰਨ ਹੋਣਾ ਚਾਹੀਦਾ ਹੈ ਤੇ ਇਸ ਲਈ ਕੋਵਿਨ ਐਪ ’ਤੇ ਰਜਿਸਟ੍ਰੇਸ਼ਨ ਲਾਜ਼ਮੀ ਨਹੀਂ ਹੋਣੀ ਚਾਹੀਦੀ ਕਿਉਂਕਿ ਕਈ ਲੋਕ ਅਜਿਹੇ ਹਨ ਜਿਨ੍ਹਾਂ ਕੋਲ ਡਿਜੀਟਲ ਪਹੁੰਚ ਨਹੀਂ ਹੈ। ਪਾਰਟੀ ਨੇ ਸੂਬਿਆਂ ਨੂੰ ਵੈਕਸੀਨ ਦੀ ਵੰਡ ’ਚ ਪਾਰਦਰਸ਼ੀ ਪਹੁੰਚ ਅਪਣਾਉਣ ਤੇ ਸਾਰਿਆਂ ਦਾ ਟੀਕਾਕਰਨ ਕਰਨ ਲਈ ਲੋੜੀਂਦੀ ਨੀਤੀ ਤੇ ਨਵੇਂ ਬਜਟਾਂ ਸਬੰਧੀ ਮਨਜ਼ੂਰੀ ’ਤੇ ਚਰਚਾ ਲਈ ਸੰਸਦ ਦਾ ਸੈਸ਼ਨ ਬੁਲਾਉਣ ਦੀ ਮੰਗ ਕੀਤੀ। ਸ੍ਰੀ ਰਮੇਸ਼ ਨੇ ਕਿਹਾ ਕਿ ਵੈਕਸੀਨ ਦੀ ਵੰਡ ’ਚ ਵਿਤਕਰੇਬਾਜ਼ੀ ਨਹੀਂ ਹੋਣੀ ਚਾਹੀਦੀ ਤੇ ਸਰਕਾਰ ਨੂੰ ਸਹਿਯੋਗੀ ਸੰਘਵਾਦ ਦੇ ਸਿਧਾਂਤ ਦੀ ਪਾਲਣਾ ਕਰਨੀ ਚਾਹੀਦੀ ਹੈ।
ਪ੍ਰਧਾਨ ਮੰਤਰੀ ’ਤੇ ਨਿਸ਼ਾਨਾ ਸੇਧਦਿਆਂ ਸ੍ਰੀ ਰਮੇਸ਼ ਨੇ ਦੋਸ ਲਾਇਆ,‘ਪ੍ਰਧਾਨ ਮੰਤਰੀ ਸੌਂ ਰਹੇ ਸਨ ਤੇ ਸੁਪਰੀਮ ਕੋਰਟ ਵੱਲੋਂ ਦਖ਼ਲ ਦੇਣ ਤੇ ਸਰਕਾਰ ਦੀ ਝਾੜ-ਝੰਬ ਕਰਨ ਮਗਰੋਂ ‘ਕੁੰਭਕਰਨੀ ਨੀਂਦ’ ਤੋਂ ਜਾਗ ਗਏ ਹਨ। ਉਨ੍ਹਾਂ ਦੋਸ਼ ਲਾਇਆ,‘ਇਹ ਸਿਰਫ਼ ਇਕ ਵਿਅਕਤੀ ਦੀਆਂ ਅਸਫ਼ਲਤਾਵਾਂ ਤੇ ਹੰਕਾਰ ਕਾਰਨ ਆਇਆ ਸੰਕਟ ਹੈ ਤੇ ਸਾਰਾ ਮੁਲਕ ਇਸ ਕਾਰਨ ਦੁੱਖ ਝੱਲ ਰਿਹਾ ਹੈ।’ ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਕੇਂਦਰ ਸਰਕਾਰ, ਪ੍ਰਧਾਨ ਮੰਤਰੀ ਤੇ ਸਿਹਤ ਮੰਤਰੀ ਮੌਜੂਦਾ ਸਮੇਂ ਲੱਗ ਰਹੇ ਟੀਕਿਆਂ ਦੀ ਗਿਣਤੀ ਵਧਾ ਕੇ 80 ਲੱਖ ਡੋਜ਼ ਪ੍ਰਤੀ ਦਿਨ ਤੱਕ ਲਿਜਾਣ ਲਈ ਲੋਕਾਂ ਨੂੰ ਵਿਸ਼ਵਾਸ ’ਚ ਲੈਣ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly