ਨਵੀਂ ਦਿੱਲੀ (ਸਮਾਜ ਵੀਕਲੀ) : ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੱਜ ਕਿਹਾ ਕਿ ਇਲੈੱਕਟ੍ਰਿਕ ਵਾਹਨਾਂ ਦੀ ਵਰਤੋਂ ਨੂੰ ਵਧਾਉਣ ਲਈ ਕੇਂਦਰ ਸਰਕਾਰ ਵੱਲੋਂ ਦੇਸ਼ ’ਚ 69 ਹਜ਼ਾਰ ਪੈਟਰੋਲ ਪੰਪਾਂ ’ਤੇ ਘੱਟੋ-ਘੱਟ ਇੱਕ-ਇੱਕ ਈ-ਚਾਰਜਿੰਗ ਪੁਆਇੰਟ ਸਥਾਪਤ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਇੱਕ ਵਰਚੁਅਲ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰੋਡ ਟਰਾਂਸਪੋਰਟ ਅਤੇ ਹਾਈਵੇਅ ਮੰਤਰੀ ਗਡਕਰੀ ਨੇ ਕਿਹਾ ਸਰਕਾਰ ਵੱਲੋਂ ਇਲੈੱਕਟ੍ਰਿਕ ਵਾਹਨਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਅਨੇਕਾਂ ਕਦਮ ਚੁੱਕੇ ਗਏ ਹਨ।
ਉਨ੍ਹਾਂ ਕਿਹਾ ਕਿ ਬੈਟਰੀ ਚਾਰਜਿੰਗ ਈਕੋ ਸਿਸਟਮ ਬਹੁਤ ਅਹਿਮ ਹੈ। ਇਸ ਲਈ ਸਰਕਾਰ ਵੱਲੋਂ ਲੋਕਾਂ ਨੂੰ ਇਲੈੱਕਟ੍ਰਿਕ ਵਾਹਨਾਂ ਦੀ ਵਰਤੋਂ ਵੱਲ ਪ੍ਰੇਰਨ ਲਈ ਦੇਸ਼ ਭਰ ’ਚ ਲੱਗਪਗ 69 ਹਜ਼ਾਰ ਪੈਟਰੋਲ ਪੰਪਾਂ ’ਤੇ ਵਾਹਨ ਨੂੰ ਚਾਰਜ ਕਰਨ ਲਈ ਇੱਕ-ਇੱਕ ਈ-ਚਾਰਜਿੰਗ ਪੁਆਂਇੰਟ ਸਥਾਪਤ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਸ੍ਰੀ ਗਡਕਰੀ ਨੇ ਇਹ ਵੀ ਕਿਹਾ ਕਿ ਭਾਰਤ ਅਗਲੇ ਪੰਜ ਸਾਲਾਂ ’ਚ ਵਾਹਨ ਨਿਰਮਾਣ ਦੇ ਆਲਮੀ ਹੱਬ ਬਣਨ ਵੱਲ ਵਧ ਰਿਹਾ ਹੈ। ਉਨ੍ਹਾਂ ਨੇ ਆਟੋਮੋਬਾਈਲ ਉਦਯੋਗਾਂ ਨੂੰ ਆਖਿਆ ਕਿ ਉਹ ਅਜਿਹੇ ਫਲੈਕਸ ਇੰਜਣਾਂ ਦਾ ਨਿਰਮਾਣ ਕਰਨ, ਜਿਸ ਵਿੱਚ ਬਾਲਣ ਵਜੋਂ ਪੈਟਰੋਲ ਜਾਂ ਈਥੇਨਾਲ/ਸੀਐੱਨਜੀ ਦੀ ਵਰਤੋਂ ਕਰਨ ਦਾ ਬਹੁਮੁਖੀ ਗੁਣ ਹੋਵੇ।