ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ

ਰਾਜ ਸਭਾ ਵਿਚ ਅੱਜ ਮਤਾ ਪਾਸ ਕਰ ਕੇ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਨਾਲ ਇਕਜੁੱਟਤਾ ਪ੍ਰਗਟ ਕੀਤੀ ਗਈ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਭਰੋਸਾ ਪ੍ਰਗਟਾਇਆ ਗਿਆ ਹੈ। ਰੇਲ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਸਦਨ ਦੀ ਕਾਰਵਾਈ ਜਾਰੀ ਰੱਖ ਕੇ ਸਰਕਾਰ ਤੇ ਸੰਸਦ ਮੈਂਬਰ ਮਿਸਾਲ ਕਾਇਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਮੁਲਕ ਦੇ ਹਿੱਤ ’ਚ ਵੱਡੀ ਸੇਵਾ ਕਰ ਰਹੇ ਹਨ। ਗੋਇਲ ਨੇ ਕਿਹਾ ਕਿ ਬਜਟ ਸੈਸ਼ਨ ਚੱਲ ਰਿਹਾ ਹੈ ਤੇ ਅਹਿਮ ਕਦਮ ਚੁੱਕੇ ਜਾ ਰਹੇ ਹਨ।
ਲੋਕ ਸਭਾ ਵਿਚ ਅੱਜ ਕਾਂਗਰਸੀ ਮੈਂਬਰਾਂ ਨੇ ਮੰਗ ਕੀਤੀ ਕਿ ਪੈਟਰੋਲ ਤੇ ਡੀਜ਼ਲ ’ਤੇ ਵਧਾਈ ਐਕਸਾਈਜ਼ ਡਿਊਟੀ ਤੁਰੰਤ ਵਾਪਸ ਲਈ ਜਾਵੇ। ਕਾਂਗਰਸ ਨੇ ਕਿਹਾ ਕਿ ਕਰੋਨਾਵਾਇਰਸ ਕਾਰਨ ਪਹਿਲਾਂ ਹੀ ਲੋਕਾਂ ਦੇ ਰੁਜ਼ਗਾਰ ਖ਼ਤਰੇ ਵਿਚ ਹਨ ਤੇ ਹੁਣ ਕਰ ਵਿਚ ਵਾਧਾ ਕਰ ਦਿੱਤਾ ਗਿਆ ਹੈ। ਉਨ੍ਹਾਂ ਪੈਟਰੋਲ ਤੇ ਡੀਜ਼ਲ ਨੂੰ ਜੀਐੱਸਟੀ ਅਧੀਨ ਲਿਆਉਣ ਦੀ ਮੰਗ ਵੀ ਕੀਤੀ। ਕਾਂਗਰਸ ਦੇ ਐਚ. ਬਸੰਤਕੁਮਾਰ ਨੇ ਕਿਹਾ ਕਿ ਕਰੋਨਾਵਾਇਰਸ ਨੇ ਕਾਰੋਬਾਰ ਪ੍ਰਭਾਵਿਤ ਕੀਤੇ ਹਨ, ਇਸ ਲਈ ਕਰਜ਼ਾ ਮੋੜਨ ਲਈ ਵਾਜਬ ਸਮਾਂ ਦਿੱਤਾ ਜਾਵੇ। ਉਨ੍ਹਾਂ ਸੰਕਟ ਟਲਣ ਤੱਕ ਜੀਐੱਸਟੀ ’ਚ ਛੋਟ ਦੀ ਮੰਗ ਵੀ ਕੀਤੀ। ਕਾਂਗਰਸੀ ਮੈਂਬਰ ਪ੍ਰਨੀਤ ਕੌਰ ਨੇ ਕਿਹਾ ਕਿ ਵਾਇਰਸ ਕਾਰਨ ਵਿੱਤੀ ਮਾਰ ਪਈ ਹੈ। ਇਸ ਲਈ ਸਰਕਾਰ ਗਰੀਬ ਮਜ਼ਦੂਰਾਂ, ਆਟੋ ਤੇ ਰਿਕਸ਼ਾ ਡਰਾਈਵਰਾਂ ਲਈ ਵੀ ਕੁਝ ਕਰੇ। ਭਾਜਪਾ ਦੇ ਕੁਝ ਸੰਸਦ ਮੈਂਬਰਾਂ ਨੇ ਮੀਂਹ ਤੇ ਗੜਿਆਂ ਕਾਰਨ ਹੋਏ ਫ਼ਸਲਾਂ ਦੇ ਨੁਕਸਾਨ ਲਈ ਸਰਕਾਰ ਕੋਲੋਂ ਕਿਸਾਨਾਂ ਲਈ ਮੁਆਵਜ਼ਾ ਮੰਗਿਆ। ਲੋਕ ਸਭਾ ਨੇ ਅੱਜ ਪੰਜ ਹੋਰ ਭਾਰਤੀ ਸੂਚਨਾ ਤਕਨੀਕੀ ਸੰਸਥਾਵਾਂ (ਆਈਆਈਆਈਟੀਜ਼) ਨੂੰ ਕੌਮੀ ਅਹਿਮੀਅਤ ਵਾਲੀਆਂ ਸੰਸਥਾਵਾਂ ਦਾ ਦਰਜਾ ਦੇਣ ਬਾਰੇ ਬਿੱਲ ਪਾਸ ਕਰ ਦਿੱਤਾ ਹੈ।

Previous articleਕੈਨੇਡਾ ’ਚ ਕਰੋਨਾ ਕਾਰਨ 12 ਮੌਤਾਂ; 925 ਪੀੜਤ
Next articleਸਫਦਰਜੰਗ ਹਸਪਤਾਲ ’ਚ ਨੌਜਵਾਨ ਵੱਲੋਂ ਖ਼ੁਦਕੁਸ਼ੀ ਦਾ ਮਾਮਲਾ ਤਿਵਾੜੀ ਨੇ ਸੰਸਦ ’ਚ ਚੁੱਕਿਆ