ਨਵੀਂ ਦਿੱਲੀ (ਸਮਾਜ ਵੀਕਲੀ): ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕੇਂਦਰ ਸਰਕਾਰ ’ਤੇ ਵਿਅੰਗ ਕਸਦਿਆਂ ਕਿਹਾ ਕਿ ਮੋਦੀ ਸਰਕਾਰ ਤਾਂ ‘ਬਲੂ ਟਿੱਕ’ ਲਈ ਲੜ ਰਹੀ ਹੈ, ਇਸ ਲਈ ਲੋਕਾਂ ਨੂੰ ਕੋਵਿਡ ਵੈਕਸੀਨ ਦੇ ਮਾਮਲੇ ਵਿਚ ਆਤਮਨਿਰਭਰ ਹੋਣ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਸ਼ਨਿਚਰਵਾਰ ਟਵਿੱਟਰ ਨੇ ਉਪ ਰਾਸ਼ਟਰਪਤੀ ਤੇ ਕੁਝ ਆਰਐੱਸਐੱਸ ਅਹੁਦੇਦਾਰਾਂ ਦੇ ਟਵਿੱਟਰ ਅਕਾਊਂਟ ਤੋਂ ‘ਬਲੂ ਟਿੱਕ’ ਹਟਾ ਲਿਆ ਸੀ ਜੋ ਖਾਤਿਆਂ ਨੂੰ ਵੈਰੀਫਾਈ ਕਰਦਾ ਹੈ।
ਹਾਲਾਂਕਿ ਮਗਰੋਂ ਇਹ ਟਿੱਕ ਬਹਾਲ ਕਰ ਦਿੱਤੇ ਗਏ ਸਨ। ਰਾਹੁਲ ਨੇ ਟਵੀਟ ਕੀਤਾ ‘ਮੋਦੀ ਸਰਕਾਰ ਬਲੂ ਟਿੱਕ ਲਈ ਲੜ ਰਹੀ ਹੈ। ਜੇ ਤੁਹਾਨੂੰ ਕੋਵਿਡ ਵੈਕਸੀਨ ਚਾਹੀਦਾ ਹੈ ਤਾਂ ਇਸ ਬਾਰੇ ਆਪ ਹੀ ਸੋਚੋ।’ ਇਕ ਹੋਰ ਟਵੀਟ ਵਿਚ ਰਾਹੁਲ ਨੇ ਭਾਸ਼ਾ ਦੇ ਅਧਾਰ ਉਤੇ ਪੱਖਪਾਤ ਬੰਦ ਕਰਨ ਦੀ ਮੰਗ ਕੀਤੀ। ਦੱਸਣਯੋਗ ਹੈ ਕਿ ਦਿੱਲੀ ਦੇ ਇਕ ਹਸਪਤਾਲ ਨੇ ਨਰਸਾਂ ਨੂੰ ਮਲਿਆਲਮ ਵਿਚ ਗੱਲਬਾਤ ਨਾ ਕਰਨ ਲਈ ਕਿਹਾ ਸੀ। ਹਾਲਾਂਕਿ ਮਗਰੋਂ ਹੁਕਮ ਵਾਪਸ ਲੈ ਲਿਆ ਗਿਆ।
ਰਾਹੁਲ ਨੇ ਕਿਹਾ ਕਿ ‘ਮਲਿਆਲਮ ਵੀ ਬਾਕੀ ਭਾਸ਼ਾਵਾਂ ਵਾਂਗ ਭਾਰਤੀ ਭਾਸ਼ਾ ਹੈ। ਭਾਸ਼ਾ ਦੇ ਅਧਾਰ ਉਤੇ ਪੱਖਪਾਤ ਬੰਦ ਕਰੋ।’ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਇਕ ਟਵੀਟ ਰਾਹੀਂ ਮੋਦੀ ਸਰਕਾਰ ’ਤੇ ਨਿਸ਼ਾਨਾ ਸੇਧਿਆ ਤੇ ਕਿਹਾ ਕਿ ‘ਸਤੰਬਰ 2020 ਤੋਂ ਜਨਵਰੀ 2021 ਵਿਚਾਲੇ ਆਕਸੀਜਨ, ਆਈਸੀਯੂ ਤੇ ਵੈਂਟੀਲੇਟਰ ਬੈੱਡਾਂ ਦੀ ਗਿਣਤੀ ਘਟਾ ਦਿੱਤੀ ਗਈ ਸੀ। ਕੀ ਭਾਰਤੀ ਨਾਗਰਿਕਾਂ ਦੀ ਸਿਹਤ ਨਾਲੋਂ ਸੈਂਟਰਲ ਵਿਸਟਾ ਪ੍ਰਾਜੈਕਟ ਜ਼ਿਆਦਾ ਮਹੱਤਵਪੂਰਨ ਹੈ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly