ਚੰਡੀਗੜ੍ਹ (ਸਮਾਜ ਵੀਕਲੀ): ਸੰਯੁਕਤ ਸਮਾਜ ਮੋਰਚਾ ਨੇ ਸਰਕਾਰ ਬਣਨ ’ਤੇ ਛੋਟੇ ਦੁਕਾਨਦਾਰਾਂ ਨੂੰ ਘਰੇਲੂ ਬਿਜਲੀ ਕੁਨੈਕਸ਼ਨ ਦੇਣ, ਸੂਬੇ ’ਚ ਹੋਈ ਲੁੱਟ ਦੀ ਜਾਂਚ ਲਈ ਕਮਿਸ਼ਨ ਬਣਾਉਣ ਅਤੇ ਸਹਿਕਾਰੀ ਸਭਾਵਾਂ ਦਾ ਕਰਜ਼ਾ ਸਮੇਂ ਸਿਰ ਮੋੜਨ ਵਾਲਿਆਂ ਤੋਂ ਵਿਆਜ ਨਾ ਲੈਣ ਦਾ ਐਲਾਨ ਕੀਤਾ ਹੈ। ਮੋਰਚਾ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਸਪੱਸ਼ਟ ਕੀਤਾ ਕਿ ਮੋਰਚਾ ਉਹ ਹੀ ਐਲਾਨ ਕਰੇਗਾ, ਜੋ ਪੂਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਚੋਣ ਮਨੋਰੱਥ ਪੱਤਰ ਜਾਰੀ ਕਰ ਦਿੱਤਾ ਜਾਵੇਗਾ।
ਰਾਜੇਵਾਲ ਨੇ ਕਿਹਾ ਕਿ ਸੂਬੇ ਵਿੱਚ ਬਿਜਲੀ ਦੀਆਂ ਕੀਮਤਾਂ ਅਸਮਾਨ ’ਤੇ ਪਹੁੰਚ ਗਈਆਂ ਹਨ, ਜਿਸ ਕਰਕੇ ਆਮ ਬੰਦੇ ਨੂੰ ਬਿਜਲੀ ਦਾ ਬਿੱਲ ਭਰਨ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਹਾਲਾਤ ’ਚ ਸੂਬੇ ਦੇ ਛੋਟੇ ਦੁਕਾਨਦਾਰ ਜਾਂ ਕਾਰੋਬਾਰੀਆਂ ਨੂੰ ਵਪਾਰਕ ਦੀ ਥਾਂ ਘਰੇਲੂ ਬਿਜਲੀ ਕਨੈਕਸ਼ਨ ਦਿੱਤੇ ਜਾਣਗੇ। ਇਸ ਨਾਲ ਛੋਟੇ ਦੁਕਾਨਦਾਰਾਂ ਤੋਂ ਬਿਜਲੀ ਦਾ ਬਿੱਲ ਵੀ ਘਰੇਲੂ ਕੀਮਤਾਂ ਦੇ ਆਧਾਰ ’ਤੇ ਵਸੂਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰਿਵਾਇਤੀ ਪਾਰਟੀਆਂ ਨੇ ਸੂਬੇ ਨੂੰ ਲੁੱਟਿਆ ਹੈ। ਉਸੇ ਕਰਕੇ ਪੰਜਾਬ ਸਿਰ ਅੱਜ ਪੌਣੇ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹ ਗਿਆ ਹੈ। ਇਸ ਲੁੱਟ ਦੀ ਜਾਂਚ ਲਈ ਸੂਬੇ ’ਚ ‘ਹਿਸਾਬ-ਕਿਤਾਬ’ ਕਮਿਸ਼ਨ ਬਣਾਇਆ ਜਾਵੇਗਾ, ਜੋ ਕਿ 20-25 ਸਾਲਾਂ ’ਚ ਹੋਈ ਲੁੱਟ ਦੀ ਜਾਂਚ ਕਰ ਕੇ ਕਸੂਰਵਾਰਾਂ ਖ਼ਿਲਾਫ਼ ਯਕੀਨੀ ਕਾਰਵਾਈ ਕਰੇਗਾ। ਉਨ੍ਹਾਂ ਕਿਹਾ ਕਿ ਪਿੰਡਾਂ ’ਚ ਕਿਸਾਨ ਅਤੇ ਖੇਤ ਮਜ਼ਦੂਰ ਸਹਿਕਾਰੀ ਸਭਾਵਾਂ ਤੋਂ ਕਰਜ਼ਾ ਲੈਂਦੇ ਹਨ, ਜੋ ਸਮੇਂ ਸਿਰ ਵਾਪਸ ਵੀ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ’ਚ ਸਹਿਕਾਰੀ ਸਭਾਵਾਂ ਦਾ ਕਰਜ਼ਾ ਸਮੇਂ ਸਿਰ ਮੋੜਨ ਵਾਲਿਆਂ ਤੋਂ ਵਿਆਜ ਨਹੀਂ ਲਿਆ ਜਾਵੇਗਾ। ਉਹ ਕਰਜ਼ਾ ਵਿਆਜ ਮੁਕਤ ਹੋਵੇਗਾ। ਉਸ ਦਾ ਵਿਆਜ ਸਰਕਾਰ ਦਿਆ ਕਰੇਗੀ।
ਰਾਜੇਵਾਲ ਨੇ 31 ਜਨਵਰੀ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਮਨਾਏ ਜਾ ਰਹੇ ‘ਵਿਸ਼ਵਾਸਘਾਤ ਦਿਵਸ’ ਵਿਚ ਵੱਧ- ਚੜ੍ਹ ਕੇ ਹਿੱਸਾ ਲੈਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ 31 ਜਨਵਰੀ ਨੂੰ ਸੰਯੁਕਤ ਸਮਾਜ ਮੋਰਚਾ ਦੇ ਸਾਰੇ ਆਗੂ ਅਤੇ ਉਮੀਦਵਾਰ ਆਪਣੇ ਸਾਥੀਆਂ ਸਮੇਤ ‘ਵਿਸ਼ਵਾਸਘਾਤ ਦਿਵਸ’ ਦੇ ਸਮਾਗਮਾਂ ’ਚ ਸ਼ਮੂਲੀਅਤ ਕਰਨਗੇ।
ਮੋਰਚਾ ਦੇ ਆਗੂਆਂ ਨੇ ਕਿਹਾ ਕਿ ਸੂਬੇ ਦੀਆਂ ਰਿਵਾਇਤੀ ਪਾਰਟੀਆਂ ਨੇ ਪੰਜਾਬ ਲੁੱਟਣ ਦਾ ਕੰਮ ਹੀ ਕੀਤਾ ਹੈ, ਜਿਸ ਦੇ ਚਲਦਿਆਂ ਅੱਜ ਪੰਜਾਬ ਕਰਜ਼ੇ ਹੇਠ ਦੱਬਦਾ ਜਾ ਰਿਹਾ ਹੈ। ਪੰਜਾਬ ਨੂੰ ਲੀਹ ’ਤੇ ਲਿਆਉਣ ਲਈ ਨਵੀਂ ਨੀਤੀਆਂ ਤਿਆਰ ਕੀਤੀਆਂ ਜਾਣਗੀਆਂ।
ਸੰਯੁਕਤ ਸਮਾਜ ਮੋਰਚਾ ਨੇ ਚਾਰ ਹੋਰ ਉਮੀਦਵਾਰ ਐਲਾਨੇ
ਸੰਯੁਕਤ ਸਮਾਜ ਮੋਰਚਾ ਨੇ ਅੱਜ ਚਾਰ ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਮੋਰਚੇ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਵਿਧਾਨ ਸਭਾ ਹਲਕਾ ਰਾਜਪੁਰਾ ਤੋਂ ਅਵਤਾਰ ਸਿੰਘ ਹਰਪਾਲਪੁਰ, ਅੰਮ੍ਰਿਤਸਰ (ਸੈਂਟਰਲ) ਤੋਂ ਕੰਵਲਜੀਤ ਸਿੰਘ ਨਾਮਧਾਰੀ, ਬਠਿੰਡਾ ਸ਼ਹਿਰੀ ਤੋਂ ਹਰਮਿਲਾਪ ਸਿੰਘ ਗਰੇਵਾਲ ਅਤੇ ਲੁਧਿਆਣਾ ਈਸਟ ਤੋਂ ਰਾਜਿੰਦਰ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਇਸ ਤੋਂ ਇਲਾਵਾ ਮੋਰਚਾ ਨੇ ਐਡਵੋਕੇਟ ਸਤਬੀਰ ਸਿੰਘ ਵਾਲੀਆ, ਐਡਵੋਕੇਟ ਜਗਤਾਰ ਸਿੰਘ ਸਿੱਧੂ ਅਤੇ ਜ਼ੇਬਾ ਖਾਨ ਨੂੰ ਮੋਰਚੇ ਦਾ ਬੁਲਾਰਾ ਨਿਯੁਕਤ ਕੀਤਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly