ਸਰਕਾਰ ਨੂੰ ਵੱਧ ਮਾਲੀਆ ਤੇ ਲੋਕਾਂ ਨੂੰ ਸਸਤੇ ਭਾਅ ਰੇਤਾ-ਬਜਰੀ ਮੁਹੱਈਆ ਕਰਾਉਣ ਦਾ ਦਾਅਵਾ

ਪੰਜਾਬ ਵਜ਼ਾਰਤ ਨੇ ਡੇਢ ਸਾਲ ਤੋਂ ਉਡੀਕੀ ਜਾ ਰਹੀ ਸੂਬੇ ਦੀ ਮਾਈਨਿੰਗ ਨੀਤੀ ‘ਤੇ ਮੋਹਰ ਲਾ ਦਿੱਤੀ ਹੈ ਤੇ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਨਵੀਂ ਨੀਤੀ ਰਾਹੀਂ ਜਿੱਥੇ ਸਰਕਾਰ ਦੀ ਆਮਦਨ ਵਧੇਗੀ ਉਥੇ ਲੋਕਾਂ ਨੂੰ ਸਸਤੇ ਭਾਅ ਰੇਤ ਤੇ ਬਜਰੀ ਮਿਲ ਸਕੇਗੀ।
ਨਵੀਂ ਨੀਤੀ ਅਨੁਸਾਰ ਇਕੱਲੀ-ਇਕੱਲੀ ਖਾਣ ਦੀ ਬੋਲੀ ਦੀ ਥਾਂ ਪ੍ਰਗਤੀਸ਼ੀਲ ਬੋਲੀ ਰਾਹੀਂ ਨੀਤੀਗਤ ਤੌਰ ’ਤੇ ਸਥਾਪਤ ਕੀਤੇ ਕਲੱਸਟਰਾਂ ਦੀ ਬੋਲੀ ਹੋਵੇਗੀ, ਜਿਸ ਨਾਲ ਰੇਤੇ ਦੀ ਸਮਗਲਿੰਗ ਨੂੰ ਰੋਕਣ ਵਿਚ ਮਦਦ ਮਿਲੇਗੀ ਪਰ ਇਸ ਕਾਰੋਬਾਰ ਨਾਲ ਜੁੜੇ ਲੋਕਾਂ ਅਨੁਸਾਰ ਸਰਕਾਰ ਦੀ ਇਸ ਨੀਤੀ ਨਾਲ ਛੋਟੇ ਉਦਮੀ ਕਾਰੋਬਾਰ ਵਿੱਚੋਂ ਬਾਹਰ ਹੋ ਜਾਣਗੇ। ਇਹ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਵਜ਼ਾਰਤ ਦੀ ਮੀਟਿੰਗ ’ਚ ਲਿਆ ਗਿਆ। ਨਵੀਂ ਨੀਤੀ ਦੋ ਮਹੀਨਿਆਂ ਵਿੱਚ ਲਾਗੂ ਕੀਤੀ ਜਾਵੇਗੀ ਤੇ ਇਸ ਦਾ ਨਾਂ ‘ਪੰਜਾਬ ਸਟੇਟ ਸੈਂਡ ਐਂਡ ਗ੍ਰੈਵਲ ਨੀਤੀ-2018’ ਹੈ।
ਮੀਟਿੰਗ ਤੋਂ ਬਾਅਦ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨਵੀਂ ਨੀਤੀ ਸੂਬੇ ਅਤੇ ਲੋਕਾਂ ਦੋਵਾਂ ਵਾਸਤੇ ਚੰਗੀ ਹੈ। ਉਨ੍ਹਾਂ ਦੱਸਿਆ ਕਿ ਖਣਨ ਵਿਭਾਗ ਰੇਤ ਦੀ ਵਿਕਰੀ ਵਾਸਤੇ ਪੰਜਾਬ ਸੈਂਡ ਪੋਰਟਲ ਵੀ ਜਾਰੀ ਕਰੇਗਾ। ਪੋਰਟਲ ’ਤੇ ਰੋਜ਼ਾਨਾ ਪ੍ਰਗਤੀ ਰਿਪੋਰਟ ਅਪਲੋਡ ਕੀਤੀ ਜਾਵੇਗੀ ਅਤੇ ਹਰੇਕ ਕਲੱਸਟਰ ਦਾ ਠੇਕੇਦਾਰ ਇਸ ਪੋਰਟਲ ’ਤੇ ਰੇਤ ਦੇ ਭਾਅ ਨੂੰ ਦਰਸਾਏਗਾ। ਰੇਤਾ ਕਲੱਸਟਰਾਂ ਨੂੰ ਲੈਣ ਵਾਸਤੇ ਸਿਰਫ਼ ਰਜਿਸਟਰਡ ਕੰਪਨੀਆਂ, ਪਾਰਟਨਰਸ਼ਿਪ, ਸਹਿਕਾਰੀ ਸਮਿਤੀਆਂ, ਇਕੋਇਕ ਮਲਕੀਅਤ, ਤਿੰਨ ਵਿਅਕਤੀਆਂ ਦਾ ਗਰੁੱਪ, ਯੋਗ ਮਾਪਦੰਡਾਂ ਦੀ ਪੂਰਤੀ ਅਨੁਸਾਰ ਖਾਣਾਂ ਪ੍ਰਾਪਤ ਕਰ ਸਕਣਗੇ। ਰੇਤਾ ਅਤੇ ਬੱਜਰੀ ਦੀਆਂ ਕੀਮਤਾਂ ’ਤੇ ਕਾਬੂ ਰੱਖਣ ਲਈ ਖਣਨ ਥਾਵਾਂ ’ਤੇ ਰੇਤ ਅਤੇ ਬੱਜਰੀ 9 ਰੁਪਏ ਪ੍ਰਤੀ ਫੁੱਟ ਤੋਂ ਜ਼ਿਆਦਾ ਕੀਮਤ ’ਤੇ ਨਹੀਂ ਵੇਚੀ ਜਾਵੇਗੀ। ਉਲੰਘਣਾ ਕਰਨ ਦੀ ਸੂਰਤ ਵਿੱਚ ਠੇਕਾ ਰੱਦ ਕਰਨ ਦੇ ਨਾਲ ਜ਼ਮਾਨਤੀ ਰਕਮ ਜ਼ਬਤ ਕਰ ਲਈ ਜਾਵੇਗੀ। ਡਿਵੀਜ਼ਨਲ ਮਾਈਨਿੰਗ ਆਫ਼ਿਸ ਜਾਂ ਸਬ-ਡਿਵੀਜ਼ਨਲ ਮਾਈਨਿੰਗ ਆਫ਼ਿਸ ਰਾਹੀਂ ਆਨ ਲਾਈਨ ਆਰਡਰ ਬੁੱਕ ਕੀਤੇ ਜਾ ਸਕਣਗੇ ਜਿਸ ਵਾਸਤੇ ਬੁਕਿੰਗ ਆਰਡਰ ਲਈ ਮੋਬਾਈਲ ਐਪ ਛੇਤੀਂ ਜਾਰੀ ਕੀਤਾ ਜਾਵੇਗਾ। ਰੇਤ ਦੀ ਢੋਅ- ਢੁਆਈ ਲਈ ਵਰਤੀਆਂ ਜਾਣ ਵਾਲੀਆਂ ਸਾਰੀਆਂ ਗੱਡੀਆਂ ਸੈਂਡ ਪੋਰਟਲ ’ਤੇ ਰਜਿਸਟਰਡ ਹੋਣਗੀਆਂ।
ਸੂਬੇ ਲਈ ਹੋਰ ਮਾਲੀ ਵਸੀਲੇ ਜੁਟਾਉਣ ਲਈ ਇੰਡੀਅਨ ਸਟੈਂਪ ਐਕਟ-1899 ਦੇ ਸ਼ਡਿਊਲ1-ਏ ਵਿੱਚ ਸੋਧ ਕਰਨ ਲਈ ਆਰਡੀਨੈਂਸ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਸੋਧ ਨਾਲ 17 ਵਸਤੂਆਂ ਲਈ ਅਸ਼ਟਾਮ ਡਿਊਟੀ ਦੀਆਂ ਕੀਮਤਾਂ ਦੁੱਗਣੀਆਂ ਹੋ ਜਾਣਗੀਆਂ। ਇਸ ਵੇਲੇ ਪੰਜਾਬ ਨੂੰ ਇਨਾਂ 17 ਆਿੲਟਮਾਂ ਤੋਂ 50 ਕਰੋੜ ਰੁਪਏ ਆਮਦਨ ਹੁੰਦੀ ਹੈ ਅਤੇ ਇਸ ਵਾਧੇ ਨਾਲ 100-150 ਕਰੋੜ ਰੁਪਏ ਦਾ ਮਾਲੀਆ ਇਕੱਤਰ ਹੋਵੇਗਾ।
ਵਜ਼ਾਰਤ ਨੇ ਸਰਪੰਚਾਂ ਦੇ ਨਾਲ ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਦੇ ਚੇਅਰਪਰਸਨਾਂ ਦੇ ਪਦਾਂ ਵਾਸਤੇ ਚੱਕਰਵਾਤੀ (ਰੋਟੇਸ਼ਨ) ਆਧਾਰ ’ਤੇ ਮਹਿਲਾਵਾਂ ਲਈ 50 ਫੀਸਦੀ ਤੱਕ ਰਾਖਵਾਂਕਰਨ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਲਈ ਪੰਜਾਬ ਦੇ ਰਾਜਪਾਲ ਨੂੰ ਆਰਡੀਨੈਂਸ ਭੇਜਿਆ ਜਾਵੇਗਾ। ਕੈਪਟਨ ਸਰਕਾਰ ਨੇ ਇਨ੍ਹਾਂ ਸੰਸਥਾਵਾਂ ਵਿੱਚ ਪਿਛਲੇ ਸਾਲ ਮਹਿਲਾਵਾਂ ਲਈ ਰਾਖਵਾਂਕਰਨ 33 ਫੀਸਦੀ ਤੋਂ ਵਧਾ ਕੇ 50 ਫੀਸਦੀ ਕੀਤਾ ਸੀ। ਆਰਡੀਨੈਂਸ ਅਨੁਸਾਰ ‘ਪੰਜਾਬ ਪੰਚਾਇਤੀ ਰਾਜ ਐਕਟ -1994’ ਦੀ ਧਾਰਾ 12, 102 ਅਤੇ 106 ਦੇ ਹੇਠ ਅਹੁਦੇ ਦੇ ਰਾਖਵਾਂਕਰਨ ਦੇ ਮਕਸਦ ਵਾਸਤੇ ਚੱਕਰਵਾਤੀ ਸਿਧਾਂਤ ਨੂੰ ਅਪਣਾਇਆ ਗਿਆ ਹੈ। ਵੱਖ-ਵੱਖ ਸ਼੍ਰੇਣੀਆਂ ਦੇ ਪਦਾਂ ਨੂੰ ਪੰਚਾਇਤ ਸਮਿਤੀ ਦੇ ਖੇਤਰ ਦੀ ਜਨਸੰਖਿਆ ਦੇ ਆਧਾਰ ’ਤੇ ਨਿਰਧਾਰਤ ਕੀਤਾ ਜਾਵੇਗਾ ਜੋ ਕਿ ਰਾਏਸ਼ੁਮਾਰੀ ਦੇ ਅਨੁਸਾਰ ਲਈ ਜਾਵੇਗੀ।
ਵਜ਼ਾਰਤ ਨੇ ਕਾਲੋਨੀਆਂ ਵਿਕਸਤ ਨਾ ਕਰ ਸਕਣ ਵਾਲੇ ਪ੍ਰਮੋਟਰਾਂ ਨੂੰ ਆਪਣੇ ਲਾਇਸੈਂਸ ਵਾਪਸ ਜਮ੍ਹਾਂ ਕਰਵਾਉਣ ਦੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪ੍ਰਮੋਟਰਾਂ ਨੂੰ ਦਰਪੇਸ਼ ਦਿੱਕਤਾਂ ਦੇ ਮੱਦੇਨਜ਼ਰ ਲਾਇਸੈਂਸ ਸਮਰਪਣ ਕਰਨ ਦੀ ਨੀਤੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਪੰਜਾਬ ’ਚ ਕਲੋਨੀਆਂ ਵਿਕਸਤ ਕਰਨ ਲਈ ਪ੍ਰਮੋਟਰਾਂ ਨੂੰ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੁੂਲੇਸ਼ਨ ਐਕਟ, 1995 ਦੀ ਧਾਰਾ 5 ਅਧੀਨ ਲਾਇਸੈਂਸ ਦਿੱਤਾ ਜਾਂਦਾ ਹੈ।

ਤੇਲ ਕੀਮਤਾਂ ਘਟਾਉਣ ਬਾਰੇ ਨਾ ਹੋਇਆ ਫੈਸਲਾ

ਵਜ਼ਾਰਤ ਦੀ ਮੀਟਿੰਗ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਸੀਨੀਅਰ ਅਧਿਕਾਰੀਆਂ ਨਾਲ ਤੇਲ ਕੀਮਤਾਂ ਬਾਰੇ ਮੀਟਿੰਗ ਕੀਤੀ ਪਰ ਤੇਲ ਦੀਆਂ ਕੀਮਤਾਂ ਘਟਾਉਣ ਬਾਰੇ ਕੋਈ ਫੈਸਲਾ ਨਹੀਂ ਹੋ ਸਕਿਆ।

ਮੋਦੀ ਤੇ ਰਾਹੁਲ ਨਾਲ ਮੁਲਾਕਾਤ ਲਈ ਕੈਪਟਨ ਦਿੱਲੀ ਪੁੱਜੇ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਲਈ ਅੱਜ ਬਾਅਦ ਦੁਪਹਿਰ ਦਿੱਲੀ ਪਹੁੰਚ ਗਏ। ਦੋਵਾਂ ਆਗੂਆਂ ਨਾਲ ਉਨ੍ਹਾਂ ਦੀ ਮੀਟਿੰਗ ਭਲਕੇ ਹੋਵੇਗੀ। ਕਾਂਗਰਸ ਪ੍ਰਧਾਨ ਨਾਲ ਪੰਜ ਸੂਬਿਆਂ ਦੀਆਂ ਚੋਣਾਂ ਅਤੇ ਪੰਜਾਬ ਸਰਕਾਰ ਅਤੇ ਪਾਰਟੀ ਦੇ ਮਾਮਲਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ, ਜਦ ਕਿ ਸ੍ਰੀ ਮੋਦੀ ਨਾਲ ਗੁਰੂ ਨਾਨਕ ਦੇਵ ਦਾ 550ਵਾਂ ਪ੍ਰਕਾਸ਼ ਦਿਵਸ, ਅਨਾਜ ਦੇ ਕਰਜ਼ੇ, ਸੂਬੇ ਦੀ ਮਾਲੀ ਤੇ ਸੁਰੱਖਿਆ ਸਥਿਤੀ ਸਮੇਤ ਕੁਝ ਹੋਰ ਮਾਮਲੇ ਵੀ ਵਿਚਾਰੇ ਜਾਣਗੇ।

ਅਧਿਆਪਕਾਂ ਲਈ ਸਬ ਕਮੇਟੀ

ਵਜ਼ਾਰਤ ਨੇ ਅੰਦੋਲਨ ਕਰ ਰਹੇ ਅਧਿਆਪਕਾਂ ਦੇ ਮਾਮਲੇ ਦੀ ਮੁੜ ਸਮੀਖਿਆ ਕਰਨ ਲਈ ਸਬ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਹੈ।

ਬਰਗਾੜੀ ਕਾਂਡ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਲਈ ਮੁੱਖ ਮੰਤਰੀ ਉੱਤੇ ਦਬਾਅ

ਚੰਡੀਗੜ੍ਹ: ਪੰਜਾਬ ਵਜ਼ਾਰਤ ਦੀ ਮੀਟਿੰਗ ਵਿਚ ਬਰਗਾੜੀ ਬੇਅਦਬੀ ਕਾਂਡ, ਬਹਿਬਲ ਕਲਾਂ ਗੋਲੀ ਕਾਂਡ ਅਤੇ ਕੋਟਕਪੂਰਾ ਗੋਲੀ ਕਾਂਡ ਦੇ ਦੋਸ਼ੀਆਂ ਵਿਰੁੱਧ ਜਲਦੀ ਕਾਰਵਾਈ ਕਰਨ ਦਾ ਮਾਮਲਾ ਅਹਿਮ ਮੁੱਦੇ ਵਜੋਂ ਉਠਿਆ ਤੇ ਦੋ ਮੰਤਰੀਆਂ ਨੇ ਕਿਹਾ ਕਿ ਇਸ ਮਾਮਲੇ ਬਾਰੇ ਸਾਰੇ ਅਧਿਕਾਰ ਮੁੱਖ ਮੰਤਰੀ ਨੂੰ ਦਿੱਤੇ ਹਨ ਤੇ ਉਹ ਲੋੜੀਂਦੀ ਕਾਰਵਾਈ ਕਰ ਰਹੇ ਹਨ ਪਰ ਦੋ ਮੰਤਰੀਆਂ ਨੇ ਉਨ੍ਹਾਂ ਨਾਲ ਅਸਹਿਮਤੀ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਜਲਦੀ ਕਾਰਵਾਈ ਕਰਨ ਦੀ ਲੋੜ ਹੈ ਤੇ ਦੇਰੀ ਹੋਣ ਨਾਲ ਸਰਕਾਰ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪ੍ਰਾਪਤ ਜਾਣਕਾਰੀ ਅੁਨਸਾਰ ਇਹ ਮਾਮਲਾ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਠਾਉਂਦਿਆਂ ਕਿਹਾ ਕਿ ਲੋਕਾਂ ਦਾ ਗੁੱਸਾ ਲਗਾਤਾਰ ਵਧ ਰਿਹਾ ਹੈ ਤੇ ਦੋਸ਼ੀ ਅਧਿਕਾਰੀਆਂ ਵਿਰੁੱਧ ਬਣਦੀ ਕਾਰਵਾਈ ਜਲਦੀ ਤੋਂ ਜਲਦੀ ਕੀਤੀ ਜਾਵੇ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਉਨ੍ਹਾਂ ਦਾ ਸਾਥ ਦਿੰਦਿਆਂ ਕਿਹਾ ਕਿ ਬੇਅਬਦੀ ਦੇ ਮਾਮਲਿਆਂ ’ਤੇ ਲੋਕਾਂ ਦਾ ਗੁੱਸਾ ਅਕਾਲੀਆਂ ਵਿਰੁੱਧ ਫੁੱਟ ਰਿਹਾ ਹੈ ਤੇ ਜੇ ਜਲਦੀ ਕਾਰਵਾਈ ਨਾ ਕੀਤੀ ਗਈ ਤਾਂ ਇਸ ਰੋਸ ਦਾ ਸਾਹਮਣਾ ਕਾਂਗਰਸੀਆਂ ਨੂੰ ਵੀ ਕਰਨਾ ਪੈ ਸਕਦਾ ਹੈ। ਇਸ ’ਤੇ ਦੋ ਮੰਤਰੀਆਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਸੁੱਖ ਸਰਕਾਰੀਆਂ ਨੇ ਕਿਹਾ ਕਿ ਇਸ ਮਾਮਲੇ ਦਾ ਨਿਬੇੜਾ ਮੁੱਖ ਮੰਤਰੀ ਕਰ ਰਹੇ ਹਨ ਤੇ ਇਸ ਲਈ ਇਸ ਮੁੱਦੇ ਨੂੰ ਨਾ ਚੁੱਕਿਆ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਮਾਮਲੇ ਉੱਤੇ ਪੂਰੀ ਸ਼ਿੱਦਤ ਨਾਲ ਕਾਰਵਾਈ ਕਰ ਰਹੇ ਹਨ।

Previous articleਬਹਿਬਲ ਕਾਂਡ ’ਚ ਮਾਰੇ ਗਏ ਨੌਜਵਾਨ ਦੇ ਭਰਾ ’ਤੇ ਹਮਲੇ ਨੇ ਨਵੇਂ ਸ਼ੰਕੇ ਖੜ੍ਹੇ ਕੀਤੇ
Next articleਸ਼ਰਦੁਲ ਦੀ ਥਾਂ ਉਮੇਸ਼ ਯਾਦਵ ਇੱਕ ਰੋਜ਼ਾ ਟੀਮ ਵਿੱਚ ਸ਼ਾਮਲ