ਨਵੀਂ ਦਿੱਲੀ, ਸਮਾਜ ਵੀਕਲੀ: ਸੰਯੁਕਤ ਕਿਸਾਨ ਮੋਰਚੇ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦਾ ਦੇਸ਼ ਦੇ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੇਣ ਦਾ ਕੋਈ ਇਰਾਦਾ ਨਹੀਂ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਕਿਸਾਨ ਵਿਰੋਧੀ ਹਨ।
ਮੋਰਚੇ ਦੀ ਕਮੇਟੀ ਦੇ ਮੈਂਬਰ ਡਾ. ਦਰਸ਼ਨ ਪਾਲ ਨੇ ਕਿਹਾ ਕਿ ਸਰਕਾਰ ਹਰ ਸਾਲ ਐੱਮਐੱਸਪੀ ਦਾ ਐਲਾਨ ਕਰਦੇ ਹੋਏ ਸਾਰੇ ਖਰਚਿਆਂ ਨੂੰ ਧਿਆਨ ਵਿੱਚ ਰੱਖਦੀ ਹੈ, ਪਰ ਪਿਛਲੇ ਕੁਝ ਸਾਲਾਂ ਤੋਂ ਇਸ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਤੇਲ ਦੀਆਂ ਕੀਮਤਾਂ ਅਤੇ ਕਿਸਾਨਾਂ ਦੇ ਖ਼ਰਚੇ ਰੋਜ਼ਾਨਾ ਵੱਧ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਸਰਕਾਰ ਐੱਮਐੱਸਪੀ ਜਾਰੀ ਰੱਖਣ ਦੇ ਦਾਅਵੇ ਕਰ ਰਹੀ ਹੈ, ਕੀ ਉਹ ਸਾਰੀਆਂ ਫ਼ਸਲਾਂ ’ਤੇ ਇਸ ਨੂੰ ਜਾਰੀ ਰੱਖੇਗੀ?
ਕਿਸਾਨਾਂ ਦੀ ਮੰਗ ਹੈ ਕਿ ਸਾਰੀਆਂ ਫ਼ਸਲਾਂ ’ਤੇ ਐੱਮਐੱਸਪੀ ਅਮਲੀ ਰੂਪ ਵਿੱਚ ਦਿੱਤੀ ਜਾਵੇ ਤੇ ਸਹੀ ਲਾਗਤ ਨੂੰ ਉਤਪਾਦਨ ਲਾਗਤ ਦੀ ਗਣਨਾ ਵਿੱਚ ਗਿਣਿਆ ਜਾਵੇ। ਉਨ੍ਹਾਂ ਸਿੰਘੂ ਮੋਰਚੇ ’ਤੇ ਆਏ ਕਿਸਾਨ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਨੌਜਵਾਨਾਂ ਦੇ ਵੱਡੇ ਕਾਫ਼ਲੇ ਦਿੱਲੀ ਬਾਰਡਰਾਂ ’ਤੇ ਪਹੁੰਚ ਰਹੇ ਹਨ। ਨੌਜਵਾਨਾਂ ਨੇ ਕੇਐੱਫਸੀ ਤੋਂ ਸਿੰਘੂ ਬਾਰਡਰ ਮੁੱਖ ਸਟੇਜ ਤੱਕ ਪੈਦਲ ਮਾਰਚ ਕੱਢਿਆ। ਕਿਸਾਨ ਆਗੂ ਅਤੇ ਮੋਰਚੇ ਦੇ ਮੈਂਬਰ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਹਰਿਆਣਾ ਦੇ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਭਾਜਪਾ ਤੇ ਜੇਜੇਪੀ ਨੇਤਾਵਾਂ ਦੇ ਸਮਾਜਿਕ ਬਾਇਕਾਟ ਦੇ ਸੱਦੇ ਦਾ ਲਗਾਤਾਰ ਸਮਰਥਨ ਕੀਤਾ ਹੈ। ਉਨ੍ਹਾਂ ਦੋਵਾਂ ਪਾਰਟੀਆਂ ਦੇ ਆਗੂਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਪਿੰਡਾਂ ਵਿੱਚ ਦਾਖ਼ਲ ਨਾ ਹੋਣ, ਨਹੀਂ ਤਾਂ ਉਨ੍ਹਾਂ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly