ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਦੀ ਲੋੜ: ਰਾਜਨਾਥ

ਲਖਨਊ (ਸਮਾਜ ਵੀਕਲੀ) : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਥੇ ਭਾਜਪਾ ਅਹੁਦੇਦਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਖੇਤੀ ਕਾਨੂੰਨਾਂ ਨੂੰ ਲੈ ਕੇ ਬਣੀ ਖੜੋਤ ਨੂੰ ਤੋੜਨ ਲਈ ਪ੍ਰਦਰਸ਼ਨਕਾਰੀ ਕਿਸਾਨਾਂ ਤੇ ਕੇਂਦਰ ਦਰਮਿਆਨ ਸੰਵਾਦ ਸ਼ੁਰੂ ਕੀਤੇ ਜਾਣ ਦੀ ਅਪੀਲ ਕੀਤੀ ਹੈ। ਸਿੰਘ ਨੇ ਆਪਣੇ ਸੰਬੋਧਨ ਵਿੱਚ ਚੀਨ ਨਾਲ ਸਰਹੱਦੀ ਝੜਪਾਂ ਤੇ ਰਾਮ ਮੰਦਿਰ ਦੀ ਉਸਾਰੀ ਦਾ ਮਾਮਲਾ ਵੀ ਚੁੱਕਿਆ। ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਖ਼ਫ਼ਾ ਕਿਸਾਨਾਂ ਨੂੰ ਅਪੀਲ ਕਰਦਿਆਂ ਸੀਨੀਅਰ ਭਾਜਪਾ ਆਗੂ ਨੇ ਕਿਹਾ ਕਿ ਕਿਸੇ ਵੀ ਸਮੱਸਿਆ ਨੂੰ ਸੰਵਾਦ ਜ਼ਰੀਏ ਸੁਲਝਾਇਆ ਜਾ ਸਕਦਾ ਹੈ।

ਪਿਛਲੇ ਤਿੰਨ ਮਹੀਨਿਆਂ ਤੋਂ ਵੀ ਵੱਧ ਸਮੇੇਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਕਿਸਾਨਾਂ ਦੇ ਹਵਾਲੇ ਨਾਲ ਸਿੰਘ ਨੇ ਕਿਹਾ, ‘ਭਾਜਪਾ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਦ੍ਰਿੜ ਸੰਕਲਪ ਹੈ ਤੇ ਘੱਟੋ ਘੱਟੋ ਸਮਰਥਨ ਮੁੱਲ ਕਿਸੇ ਵੀ ਕੀਮਤ ’ਤੇ ਖ਼ਤਮ ਨਹੀਂ ਹੋਵੇਗਾ।’ ਉੱਤਰ ਪ੍ਰਦੇਸ਼ ਭਾਜਪਾ ਕਾਰਜਕਾਰੀ ਕਮੇਟੀ ਦੀ ਉਦਘਾਟਨੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਿੰਘ ਨੇ ਕਿਹਾ, ‘ਅਸੀਂ ਸਾਰੇ ਕਿਸਾਨ ਪਰਿਵਾਰਾਂ ਤੋਂ ਹਾਂ ਅਤੇ ਅਸੀਂ ਕਿਸਾਨ ਹਿੱਤਾਂ ਲਈ ਕਿਸੇ ਵੀ ਸੋਧ ਤੇ ਹੱਲ ਲਈ ਤਿਆਰ ਹਾਂ।’ ਉਨ੍ਹਾਂ ਭਾਜਪਾ ਨਾਲ ਜੁੜੇ ਜ਼ਮੀਨੀ ਵਰਕਰਾਂ ਦੀ ਭੂਮਿਕਾ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਇਕੋ-ਇਕ ਪਾਰਟੀ ਹੈ, ਜੋ ਹੁਣ ਤੱਕ ਦੋਫਾੜ ਨਹੀਂ ਹੋਈ।

ਉਨ੍ਹਾਂ ਕਿਹਾ, ‘ਇਹ ਸੱਤਾ ਹਾਸਲ ਕਰਨ ਵਾਲੇ ਵਰਕਰਾਂ ਦਾ ਹਜੂਮ ਨਹੀਂ ਬਲਕਿ ਜ਼ਿੰਦਾਦਿਲ ਪਾਰਟੀ ਹੈ, ਜਿਸ ਦਾ ਇਕ ਸਿਆਸੀ ਨਜ਼ਰੀਆ ਹੈ।’ ਉਨ੍ਹਾਂ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਦੇ ਹਵਾਲੇ ਨਾਲ ਕਿਹਾ, ‘ਲੋਕ ਕਹਿੰਦੇ ਸੀ ਕਿ ਜਦੋਂ ਵੀ ਚੋਣਾਂ ਆਉਂਦੀਆਂ ਹਨ, ਭਾਜਪਾ ਰਾਮ ਮੰਦਰ ਦੀ ਉਸਾਰੀ ਦਾ ਰਾਗ ਅਲਾਪਦੀ ਹੈ, ਪਰ ਇਹ ਵੀ ਸੰਜੋਗ ਹੈ ਕਿ ਜਦੋਂ ਅਯੁੱਧਿਆ ’ਚ ਢਾਂਚੇ ਨੂੰ ਢਾਹਿਆ ਤਾਂ ਯੂਪੀ ’ਚ ਕਲਿਆਣ ਸਿੰਘ ਦੀ ਅਗਵਾਈ ’ਚ ਭਾਜਪਾ ਸਰਕਾਰ ਸੀ ਤੇ ਹੁਣ ਜਦੋਂ ਮੰਦਰ ਦੀ ਉਸਾਰੀ ਸ਼ੁਰੂ ਹੋਈ ਤਾਂ ਵੀ ਸੂਬੇ ਵਿੱਚ ਭਾਜਪਾ ਦੀ ਹੀ ਸਰਕਾਰ ਹੈ।

ਪਿਛਲੇ ਸਾਲ ਲੱਦਾਖ ’ਚ ਚੀਨ ਨਾਲ ਹੋਏ ਸਰਹੱਦੀ ਟਕਰਾਅ ਬਾਰੇ ਬੋਲਦਿਆਂ ਸਿੰਘ ਨੇ ਕਿਹਾ, ‘ਸਾਡੇ ਫੌਜੀ ਜਵਾਨਾਂ ਨੇ ਸਬਰ ਦੇ ਨਾਲ ਲਾਮਿਸਾਲ ਬਹਾਦਰੀ ਤੇ ਦਲੇਰੀ ਵਿਖਾਈ ਹੈ। ਅਸੀਂ ਕਿਸੇ ’ਤੇ ਹਮਲਾ ਕਰਨ ਦੀ ਖਾਹਿਸ਼ ਨਹੀਂ ਰੱਖਦੇ, ਪਰ ਆਪਣੀ ਜ਼ਮੀਨ ’ਤੇ ਕਿਸੇ ਹੋਰ ਨੂੰ ਕਬਜ਼ਾ ਵੀ ਨਹੀਂ ਕਰਨ ਦੇਵਾਂਗੇ।’ ਮੀਟਿੰਗ ਵਿੱਚ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਤੇ ਦਿਨੇਸ਼ ਸ਼ਰਮਾ ਤੇ ਪ੍ਰਦੇਸ਼ ਭਾਜਪਾ ਪ੍ਰਧਾਨ ਸਵਤੰਤਰ ਦੇਵ ਸਿੰਘ ਵੀ ਮੌਜੂਦ ਸਨ।

Previous articleਕੇਂਦਰੀ ਕਾਨੂੰਨ ਯੂਐੱਨ ਐਲਾਨਨਾਮੇ ਵਿਰੁੱਧ ਕਰਾਰ
Next articleਕਿਸਾਨੀ ਹਮਾਇਤ ਵਾਲਾ ਮਾਸਕ ਪਾ ਕੇ ਗ੍ਰੈਮੀ ਐਵਾਰਡ ਸਮਾਗਮ ’ਚ ਪੁੱਜੀ ਲਿਲੀ ਸਿੰਘ