ਅੰਮ੍ਰਿਤਸਰ (ਸਮਾਜ ਵੀਕਲੀ) : ਇਥੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਨੂੰ ਆਖਿਆ ਹੈ ਕਿ ਉਹ ਲੋਕ ਰੋਹ ਅਤੇ ਕਿਸਾਨ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਖੇਤੀ ਵਿਰੋਧੀ ਕਾਨੂੰਨਾਂ ਨੂੰ ਤੁਰੰਤ ਵਾਪਸ ਲਵੇ। ਅੱਜ ਇੱਥੇ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਦੇਸ਼ ਦੀ ਆਰਥਿਕਤਾ ਨੂੰ ਬਚਾਉਣ ਲਈ ਕਿਸਾਨੀ ਨੂੰ ਬਚਾਉਣਾ ਜ਼ਰੂਰੀ ਹੈ ਅਤੇ ਕਿਸਾਨ ਹਿੱਤਾਂ ਨੂੰ ਦੇਖਦਿਆਂ ਸਰਕਾਰ ਨੂੰ ਆਪਣੀ ਅੜੀ ਛੱਡਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਲੋਕ ਹਿੱਤਾਂ ਲਈ ਕਾਨੂੰਨ ਬਣਾਏ ਜਾਂਦੇ ਹਨ, ਜੇ ਲੋਕਾਂ ਨੂੰ ਹੀ ਅਜਿਹੇ ਕਾਨੂੰਨ ਪ੍ਰਵਾਨ ਨਹੀਂ ਹਨ ਤਾਂ ਫਿਰ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ। ਉਨ੍ਹਾਂ ਆਖਿਆ ਕਿ ਇਹ ਕਾਨੂੰਨ ਬਣਾਉਣ ਸਮੇਂ ਕਿਸਾਨਾਂ ਦਾ ਪੱਖ ਲੈਣਾ ਚਾਹੀਦਾ ਸੀ। ਕਿਸਾਨ ਸੰਘਰਸ਼ ਨੂੰ ਖ਼ਾਲਿਸਤਾਨੀ ਆਖੇ ਜਾਣ ਦਾ ਵਿਰੋਧ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਦਾ ਖ਼ਾਲਿਸਤਾਨ ਨਾਲ ਕੋਈ ਸਬੰਧ ਨਹੀਂ ਹੈ। ਇਸ ਨੂੰ ਖਾਲਿਸਤਾਨੀ ਆਖ ਕੇ ਸੰਘਰਸ਼ ਨੂੰ ਤਾਰਪੀਡੋ ਕਰਨ ਦਾ ਯਤਨ ਨਾ ਕੀਤਾ ਜਾਵੇ। ਐੱਮਐੱਸਪੀ ਸਰਕਾਰ ’ਤੇ ਕੋਈ ਬੋਝ ਨਹੀਂ ਹੈ ਸਗੋਂ ਜੋ ਬੈਂਕਾਂ ਦੀ ਵੱਡੀ ਰਕਮ ਲੈ ਕੇ ਬਾਹਰ ਭੱਜ ਗਏ ਹਨ ਉਹ ਬੋਝ ਹਨ। ਇਸ ਦਾ ਨਜ਼ਲਾ ਕਿਸਾਨਾਂ ’ਤੇ ਸੁੱਟਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ।