ਸਰਕਾਰੀ ਜ਼ਮੀਨ ’ਤੇ ਕਬਜ਼ੇ ਨੂੰ ਲੈ ਕੇ ਚੱਲੀਆਂ ਗੋਲੀਆਂ: ਪੰਜ ਜ਼ਖ਼ਮੀ

ਮੱਲਾਂਵਾਲਾ ’ਚ ਅੱਜ ਸਵੇਰੇ ਸਰਕਾਰੀ ਪਸ਼ੂ ਹਸਪਤਾਲ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਦਰਮਿਆਨ ਹੋਏ ਝਗੜੇ ਦੌਰਾਨ ਗੋਲੀਆਂ ਚੱਲਣ ਨਾਲ ਪੰਜ ਜਣੇ ਜ਼ਖ਼ਮੀ ਹੋ ਗਏ। ਇਹ ਘਟਨਾ ਥਾਣੇ ਤੋਂ ਮਹਿਜ ਪੰਜਾਹ ਮੀਟਰ ਦੀ ਦੂਰੀ ’ਤੇ ਵਾਪਰੀ। ਸਥਿਤੀ ’ਤੇ ਕਾਬੂ ਪਾਉਣ ਲਈ ਪੁਲੀਸ ਨੂੰ ਹਵਾਈ ਫ਼ਾਇਰਿੰਗ ਕਰਨੀ ਪਈ। ਘਟਨਾ ਤੋਂ ਬਾਅਦ ਇੱਕ ਧਿਰ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਥਾਣੇ ਦੇ ਬਾਹਰ ਚੱਕਾ ਜਾਮ ਕਰ ਦਿੱਤਾ। ਸੀਨੀਅਰ ਪੁਲੀਸ ਅਧਿਕਾਰੀਆਂ ਵੱਲੋਂ ਮੁਲਜ਼ਮਾਂ ਨੂੰ ਛੇਤੀ ਗ੍ਰਿਫ਼ਤਾਰ ਕਰਨ ਦੇ ਦਿੱਤੇ ਭਰੋਸੇ ਮਗਰੋਂ ਧਰਨਾਕਾਰੀਆਂ ਨੇ ਜਾਮ ਖੋਲ੍ਹ ਦਿੱਤਾ। ਇਸ ਘਟਨਾ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਸਾਰੇ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਮੱਲਾਂਵਾਲਾ ਵਾਸੀ ਸਤਪਾਲ ਚਾਵਲਾ ਨੇ ਲੰਘੀ ਰਾਤ ਆਪਣੇ ਕੁਝ ਸਾਥੀਆਂ ਦੀ ਮਦਦ ਨਾਲ ਸਰਕਾਰੀ ਪਸ਼ੂ ਹਸਪਤਾਲ ਵਾਲੀ ਜ਼ਮੀਨ ’ਤੇ ਕੰਧ ਕਰਕੇ ਨਾਜਾਇਜ਼ ਕਬਜ਼ਾ ਕਰ ਲਿਆ। ਅੱਜ ਸਵੇਰੇ ਜਦੋਂ ਇਸ ਗੱਲ ਦਾ ਪਤਾ ਦਰਸ਼ਨ ਦਾਤੀ ਨੂੰ ਲੱਗਾ ਤਾਂ ਉਹ ਕੌਂਸਲਰ ਰਮੇਸ਼ ਅਟਵਾਲ ਤੇ ਹੋਰ ਸਮਰਥਕਾਂ ਨੂੰ ਨਾਲ ਲੈ ਕੇ ਮੌਕੇ ’ਤੇ ਪਹੁੰਚ ਗਿਆ। ਇਸ ਦੌਰਾਨ ਦੋਵਾਂ ਧਿਰਾਂ ਦਰਮਿਆਨ ਹੋਈ ਤਿੱਖੀ ਬਹਿਸ ਤੋਂ ਬਾਅਦ ਗੱਲ ਹੱਥੋਪਾਈ ਤੱਕ ਪਹੁੰਚ ਗਈ। ਮਾਮਲਾ ਉਦੋਂ ਵਿਗੜਿਆ ਜਦੋਂ ਅਟਵਾਲ ਧੜੇ ਦੇ ਸਮਰਥਕਾਂ ਨੇ ਗੁੱਸੇ ’ਚ ਕੰਧ ਢਾਹ ਦਿੱਤੀ। ਮਾਹੌਲ ਇਨਾ ਵਿਗੜ ਗਿਆ ਕਿ ਦੋਵੇਂ ਪਾਸਿਉਂ ਇੱਟਾਂ ਰੋੜੇ ਤੇ ਗੋਲੀਆਂ ਚੱਲਣ ਲੱਗ ਪਈਆਂ। ਇਸ ਝਗੜੇ ’ਚ ਸਤਪਾਲ ਚਾਵਲਾ ਤੇ ਦੂਜੀ ਧਿਰ ਦੇ ਅਕਬਰ ਪੁੱਤਰ ਕਮਰਾ, ਬਲਵੀਰ ਕਾਲਾ ਪੁੱਤਰ ਜੋਗਿੰਦਰ ਸਿੰਘ,ਲਾਡੀ ਪੁੱਤਰ ਬੀਰਾ ਤੇ ਨੱਥੂ ਪੁੱਤਰ ਨਵਾਬ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਹਲਕਾ ਡੀਐਸਪੀ ਨਰਿੰਦਰ ਸਿੰਘ ਸਣੇ ਤਿੰਨ ਥਾਣਿਆਂ ਦੀ ਪੁਲੀਸ ਮੌਕੇ ’ਤੇ ਪਹੁੰਚ ਗਈ। ਸਥਿਤੀ ’ਤੇ ਕਾਬੂ ਪਾਉਣ ਲਈ ਪੁਲੀਸ ਨੂੰ ਵੀ ਹਵਾਈ ਫ਼ਾਇਰ ਕਰਨੇ ਪਏ। ਘਟਨਾ ਤੋਂ ਬਾਅਦ ਕੌਂਸਲਰ ਰਮੇਸ਼ ਅਟਵਾਲ, ਦਰਸ਼ਨ ਦਾਤੀ, ਪ੍ਰਧਾਨ ਮੰਨ੍ਹਾ ਨੇ ਆਪਣੇ ਦਲਿਤ ਭਾਈਚਾਰੇ ਦੀ ਮਦਦ ਨਾਲ ਥਾਣਾ ਮੱਲਾਂਵਾਲਾ ਦੇ ਬਾਹਰ ਧਰਨਾ ਦੇ ਦਿੱਤਾ। ਧਰਨਾਕਾਰੀ ਮੰਗ ਕਰ ਰਹੇ ਸਨ ਕਿ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰਨ ਵਾਲੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ। ਖ਼ਬਰ ਲਿਖੇ ਜਾਣ ਤੱਕ ਪੁਲੀਸ ਵੱਲੋਂ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਸਨ। ਡੀਐਸਪੀ ਨਰਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਜੋ ਵੀ ਦੋਸ਼ੀ ਹੋਇਆ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

Previous articleਸਥਾਨਕ ਚੋਣਾਂ: ਵਾਦੀ ਵਿੱਚ ਖ਼ੌਫ਼, ਜੰਮੂ ’ਚ ਉਤਸ਼ਾਹ
Next articleਹਵਾਈ ਅੱਡੇ ਦੀ ਕੰਧ ਨੇੜੇ ਨਾਜਾਇਜ਼ ਉਸਾਰੀਆਂ ’ਤੇ ਚੱਲਿਆ ਪ੍ਰਸ਼ਾਸਨ ਦਾ ਪੀਲਾ ਪੰਜਾ