ਸਰਕਾਰੀ ਸਕੂਲ ਕਿਸੇ ਵੀ ਸੂਰਤ ‘ਚ ਵਿਦਿਆਰਥੀਆਂ ਨੂੰ ਦਾਖ਼ਲੇ ਤੋਂ ਇਨਕਾਰ ਨਾ ਕਰਨ: ਪੰਜਾਬ ਸਰਕਾਰ

ਚੰਡੀਗੜ੍ਹ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ): ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ‘ਚ ਵਿਦਿਆਰਥੀਆਂ ਨੂੰ ਕਿਸੇ ਵੀ ਸੂਰਤ ਵਿੱਚ ਦਾਖਲੇ ਤੋਂ ਇਨਕਾਰ ਨਾ ਕਰਨ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਇਸ ਸਾਲ ਹੁਣ ਤੱਕ ਸਰਕਾਰੀ ਸਕੂਲਾਂ ‘ਚ 15.61 ਫ਼ੀਸਦੀ (3,44,986 ਵਿਦਿਆਰਥੀ) ਦਾਖ਼ਲੇ ਵਧੇ ਹਨ ਅਤੇ ਇਹ ਅੱਜ ਤੱਕ ਇਕ ਸਾਲ ਵਿੱਚ ਸਭ ਤੋਂ ਜ਼ਿਆਦਾ ਵਾਧਾ ਹੈ।

ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਹੱਦੋਂ ਵੱਧ ਦਾਖ਼ਲੇ ਹੋਣ ਅਤੇ ਬੁਨਿਆਦੀ ਢਾਂਚੇ ਦੀ ਘਾਟ ਦੇ ਕਾਰਨ ਕੁੱਝ ਸਕੂਲਾਂ ਵੱਲੋਂ ਵਿਦਿਆਰਥੀਆਂ ਨੂੰ ਦਾਖ਼ਲਾ ਨਾ ਦੇਣ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਇਸ ਸੰਦਰਭ ‘ਚ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੇ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਲੈਣ ਦੇ ਚਾਹਵਾਨਾਂ ਨੂੰ ਹਰ ਹਾਲਤ ‘ਚ ਦਾਖ਼ਲਾ ਦੇਣ ਲਈ ਸੂਬੇ ਦੇ ਸਾਰੇ ਡੀ.ਈ.ਓਜ਼. (ਸੈਕੰਡਰੀ ਤੇ ਐਲੀਮੈਟਰੀ) ਨੂੰ ਪੱਤਰ ਜਾਰੀ ਕੀਤਾ ਹੈ।

ਸਿੱਖਿਆ ਸਕੱਤਰ ਨੇ ਕਿਹਾ ਕਿ ਸਕੂਲਾਂ ਵਿੱਚ ਹੱਦੋਂ ਵੱਧ ਸੀਟਾਂ ਭਰਨ ਜਾਂ ਬੁਨਿਆਦੀ ਢਾਂਚੇ ਦੀ ਕਮੀ ਕਾਰਨ ਵਿਦਿਆਰਥੀਆਂ ਨੂੰ ਦਾਖਲੇ ਤੋਂ ਇਨਕਾਰ ਨਾ ਕੀਤਾ ਜਾਵੇ। ਉਨ੍ਹਾਂ ਨੇ ਬੁਨਿਆਦੀ ਢਾਂਚੇ ਦੀ ਕਮੀ ਦੇ ਮਾਮਲੇ ਦੇ ਸਬੰਧ ਵਿੱਚ ਸਥਾਨਿਕ ਪੱਧਰ ‘ਤੇ ਢੁਕਵੇਂ ਪ੍ਰਬੰਧ ਕਰਨ ਲਈ ਵੀ ਨਿਰਦੇਸ਼ ਦਿੱਤੇ ਹਨ। ਜਿੱਥੇ ਹੱਦੋਂ ਵੱਧ ਵਿਦਿਆਰਥੀ ਹਨ, ਉਸ ਸੂਰਤ ਵਿੱਚ ਸਕੂਲਾਂ ਵਿੱਚ ਦੋਹਰੀ ਸ਼ਿਫਟ ਸ਼ੁਰੂ ਕਰਨ ਲਈ ਵੀ ਸਕੂਲਾਂ ਨੂੰ ਪ੍ਰਸਤਾਵ ਭੇਜਣ ਲਈ ਕਿਹਾ ਗਿਆ ਹੈ।

ਇਸ ਤੋਂ ਪਹਿਲਾਂ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਵਿੱਚ ਦਾਖਲੇ ਦੇ ਸਬੰਧ ਵਿੱਚ ਵਿਦਿਆਰਥੀਆਂ ਨੂੰ ਟਰਾਂਸਫਰ ਸਰਟੀਫਿਕੇਟ ਲਈ ਮਜ਼ਬੂਰ ਨਾ ਕਰਨ ਵਾਸਤੇ ਵੀ ਸਕੂਲ ਮੁਖੀਆਂ ਨੂੰ ਹਦਾਇਤ ਜਾਰੀ ਕਰ ਦਿੱਤੀ ਹੈ ਅਤੇ ਅਜਿਹੇ ਵਿਦਿਆਰਥੀਆਂ ਨੂੰ ਆਪਣੇ ਪੱਧਰ ‘ਤੇ ਦਾਖਲਾ ਦੇਣ ਲਈ ਸਕੂਲ ਮੁਖੀਆਂ ਨੂੰ ਕਿਹਾ ਗਿਆ ਹੈ। ਇਸ ਦੇ ਨਾਲ ਹੀ ਸਕੂਲ ਮੁਖੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਟ੍ਰਾਂਸਫਰ ਸਰਟੀਫਿਕੇਟ ਨਾ ਹੋਣ ਵਾਲੇ ਵਿਦਿਆਰਥੀਆ ਦੇ ਮਾਪਿਆਂ ਤੋਂ ਪੜ੍ਹਾਈ ਦੇ ਸਬੰਧ ਵਿੱਚ ਲਿਖਤੀ ਤੌਰ ‘ਤੇ ਲਿਆ ਜਾਵੇ।

Previous article ਭੁੱਖ ਦੇ ਸਤਾਏ ਲੋਕ ਪੰਜਾਬ ਛੱਡ ਕੇ ਹਰਿਆਣਾ ਅਤੇ ਰਾਜਸਥਾਨ ਵਿੱਚ ਜਾ ਕੇ ਨਰਮਾ ਚੁਗਣ ਲਈ ਮਜਬੂਰ ।
Next articleਪੰਜਾਬ ਵਿੱਚ ਇੰਟਰਨੈੱਟ ਬੰਦ ਹੋਣ ਦੀ ਖਬਰ ਹੋਈ ਵਾਇਰਲ, ਜਾਣੋ ਸੱਚ