ਅਖੌਤੀ ਪ੍ਰਵਾਨਿਆਂ ਨੂੰ

ਪਰਮਿੰਦਰ ਭੁੱਲਰ

 

(ਸਮਾਜ ਵੀਕਲੀ)

ਬੰਦ ਅੱਖਾਂ ਵਾਲਿਓ!
ਬੰਦ ਬੁੱਧ ਵਾਲਿਓ!
ਉੱਤਰ ਜਾਓ ਡੂੰਘਾਣਾਂ ਵਿੱਚ
ਜਿੱਥੇ ਨਫ਼ਰਤ ਦੀ ਸਿੱਲ ਨਾਲ਼
ਉੱਗੀ ਖ਼ੁਦਗਰਜ਼ੀ ਦੀ ਕਾਈ ‘ਚ
ਪੈਰਾਂ ਹੇਠ ਰੀਂਗਦੇ
ਕੰਨਖੰਜੂਰੇ , ਠੂੰਹੇਂ, ਪਲਪੀਹੀਆਂ
ਜਿੱਥੇ ਦੀ ਹਵਾੜ ਮਾਰਦੀ ਦਲਦਲ ਵਿੱਚ
ਹੋਰ ਧਸ ਜਾਵੋਂ ਤੁਸੀਂ
ਜਿਉਂ-ਜਿਉਂ ਉਗਲੋਂ
ਆਪਣਾ ਆਪਾ ।
ਇਹੋ ਜਗ੍ਹਾ ਤੁਹਾਡੇ ਲਾਇਕ
ਤੁਸੀਂ ਇਸੇ ਦੇ ਹੱਕਦਾਰ
ਜਿਨ੍ਹਾਂ ਨੂੰ ਨਹੀਂ ਦਿਸਦਾ
ਮਹਿੰਗਾਈ ਦਾ ਜਾਬਰ ਪੰਜਾ
ਜਿਨ੍ਹਾਂ ਨੂੰ ਨਹੀਂ ਸੁਣਦੇ
ਡਿਜੀਟਲ ਇੰਡੀਆ ਅੰਦਰ
ਰੋਜ਼ਗਾਰ ਦਿਓ ਦੇ ਨਾਹਰੇ
ਚਿੱਟੇ ਦਿਨ ਜਿਨ੍ਹਾਂ ਅੱਖਾਂ ਨੂੰ
ਭੰਬੂਤਾਰੇ ਹੀ ਜਾਪਦੇ
ਸੜਕਾਂ ਉੱਤੇ ਰੁਲਦੇ ਲੋਕ
ਜਿਨ੍ਹਾਂ ਲਈ ‘ਵਿਕਾਸ’ ਦਾ ਮਤਲਬ
ਵਾਲਾਂ ਦਾ ਵਧ ਜਾਣਾ ਹੋਵੇ
ਜਿਨ੍ਹਾਂ ਲਈ ਕਿਸੇ ਦੇ ਹੰਝੂ
ਹੋਣ ਨਿਸ਼ਾਨੀ ‘ਅੱਛੇ ਦਿਨਾਂ’ ਦੀ
ਜਿਨ੍ਹਾਂ ਨੂੰ ਕਿਰਤੀ ਦੀਆਂ ਮੰਗਾਂ
‘ਵਿਰੋਧੀ ਦੀ ਸਾਜ਼ਿਸ਼’ ਜਾਪੇ
ਜੋ ਰਾਹ ਚੋਂ ਰੋੜਾ ਚੁੱਕਣ ਦੀ ਥਾਂ
ਵਿਛਾ ਦੇਣ ਕਿੱਲਾਂ ਦੀ ਚਾਦਰ।
ਇਸ ਤੋਂ ਪਹਿਲਾਂ ਕਿ ਤੁਸੀਂ
ਹੋਰ ਕਰੋਂ ‘ਮਨ ਆਈਆਂ ਗੱਲਾਂ’
ਉੱਤਰ ਜਾਓ
ਗਹਿਰੀਆਂ ਖੱਡਾਂ ਵਿੱਚ।
ਲੋਕਤੰਤਰ ਦੇ ਮੰਦਰ ਦੀਆਂ
ਤੁਸੀਂ ਖਾ ਗਏ ਚੁਗਾਠਾਂ
ਤੁਸੀਂ ਭਬੱਕੜ ਹੀ ਰਹਿ ਜਾਣਾ ਹੈ
ਤਿਤਲੀਆਂ , ਭੌਰੇ ਬਣਨਾ
ਤੁਹਾਡੇ ਲੇਖੇ ਨਹੀਂ ਆਇਆ।
ਪਰਮਿੰਦਰ ਭੁੱਲਰ
9463067430
Previous articleਸੁਣ ਰਾਜਿਆ ਰਾਜ ਕਰੇਂਦਿਆ
Next articleਮੇਰੇ ਪਿੰਡ ਰੰਚਣਾਂ ਦੇ ਰਾਹ