ਸਫਦਰਜੰਗ ਹਸਪਤਾਲ ’ਚ ਨੌਜਵਾਨ ਵੱਲੋਂ ਖ਼ੁਦਕੁਸ਼ੀ ਦਾ ਮਾਮਲਾ ਤਿਵਾੜੀ ਨੇ ਸੰਸਦ ’ਚ ਚੁੱਕਿਆ

ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਕਰੋਨਾਵਾਇਰਸ ਦੇ ਸ਼ੱਕ ਵਿੱਚ ਦਿੱਲੀ ਦੇ ਹਵਾਈ ਅੱਡੇ ਤੋਂ ਹਸਪਤਾਲ ਲਿਆਂਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਚੌਰ ਨਾਲ ਸਬੰਧਤ ਨੌਜਵਾਨ ਵੱਲੋਂ ਹਸਪਤਾਲ ’ਚ ਸ਼ੱਕੀ ਹਾਲਤਾਂ ’ਚ ਖ਼ੁਦਕੁਸ਼ੀ ਕਰਨ ਦਾ ਮਾਮਲਾ ਅੱਜ ਲੋਕ ਸਭਾ ’ਚ ਚੁੱਕਦਿਆਂ, ਮਾਮਲੇ ਦੀ ਸੰਵੇਦਨਸ਼ੀਲਤਾ ਨਾਲ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਕੱਲ੍ਹ ਹਸਪਤਾਲ ਦੇ ਸੂਤਰਾਂ ਨੇ ਨੌਜਵਾਨ ਦਾ ਨਾਂ ਤਰਨਵੀਰ ਸਿੰਘ ਦੱਸਿਆ ਸੀ ਪਰ ਨੌਜਵਾਨ ਦਾ ਨਾਂ ਤਨਵੀਰ ਸਿੰਘ ਹੈ।
ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਸੰਬੋਧਨ ਕਰਦਿਆਂ ਸ੍ਰੀ ਤਿਵਾੜੀ ਨੇ ਕਿਹਾ ਕਿ ਉਨ੍ਹਾਂ ਦੇ ਸੰਸਦੀ ਹਲਕੇ ਨਾਲ ਸਬੰਧਤ 23 ਸਾਲਾਂ ਤਨਵੀਰ ਸਿੰਘ 18 ਮਾਰਚ ਨੂੰ ਆਪਣੀ ਮਾਂ ਨਾਲ ਸਿਡਨੀ ਤੋਂ ਆਇਆ ਸੀ। ਏਅਰਪੋਰਟ ਤੇ ਜਾਂਚ ਦੌਰਾਨ ਉਸਨੂੰ ਬੁਖਾਰ ਨਿਕਲਿਆ, ਜਿਸ ਤੋਂ ਬਾਅਦ ਤਨਵੀਰ ਦੀ ਮਾਂ ਨੂੰ ਬਿਨਾਂ ਦੱਸੇ ਸੁਰੱਖਿਆ ਮੁਲਾਜ਼ਮ ਉਸ ਨੂੰ ਲੈ ਗਏ ਅਤੇ ਉਸ ਦੀ ਮਾਂ ਏਅਰਪੋਰਟ ਤੋਂ ਬਾਹਰ ਆਈ, ਤਾਂ ਪੁੱਛਣ ਤੇ ਉਸ ਨੂੰ ਪਤਾ ਚੱਲਿਆ ਕਿ ਤਨਵੀਰ ਨੂੰ ਸ਼ਾਇਦ ਸਫਦਰਜੰਗ ਹਸਪਤਾਲ ਲੈ ਜਾਇਆ ਗਿਆ ਹੈ। ਇਸ ਤਰ੍ਹਾਂ ਜਦੋਂ ਉਹ ਆਪਣੇ ਬੇਟੇ ਦੀ ਤਲਾਸ਼ ਚ ਸਫਦਰਜੰਗ ਹਸਪਤਾਲ ਪਹੁੰਚੇ, ਤਾਂ ਉਨ੍ਹਾਂ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ ਜਾਣ ਲਈ ਕਿਹਾ ਜਾਂਦਾ ਹੈ। ਉੱਥੋਂ ਖਾਲੀ ਹੱਥ ਵਾਪਸ ਸਫਦਰਜੰਗ ਹਸਪਤਾਲ ਪਰਤਣ ਤੇ ਉਨ੍ਹਾਂ ਨੂੰ ਪਤਾ ਚੱਲਦਾ ਹੈ ਕਿ ਕਿਸੇ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਹੋਰ ਵੀ ਦੁੱਖਦਾਈ ਹਾਲਾਤਾਂ ਦਾ ਖ਼ੁਲਾਸਾ ਕਰਦਿਆਂ ਕਿਹਾ ਕਿ ਜਦੋਂ ਤਨਵੀਰ ਨੇ ਕਥਿਤ ਤੌਰ ’ਤੇ ਆਤਮ ਹੱਤਿਆ ਕਰ ਲਈ, ਤਾਂ ਕਾਫੀ ਦੇਰ ਤਕ ਉਸਦੀ ਲਾਸ਼ ਨੂੰ ਵੀ ਚੁੱਕਿਆ ਨਹੀਂ ਗਿਆ। ਇੱਥੋਂ ਤੱਕ ਕਿ ਕੱਲ੍ਹ ਸਾਰਾ ਦਿਨ ਲਾਸ਼ ਦਾ ਪੋਸਟ ਮਾਰਟਮ ਨਹੀਂ ਹੋਇਆ ਅਤੇ ਉਨ੍ਹਾਂ ਵੱਲੋਂ ਡੀਸੀਪੀ (ਸਾਊਥ) ਨਾਲ ਗੱਲ ਕੀਤੇ ਜਾਣ ਤੋਂ ਬਾਅਦ ਅੱਜ ਸਵੇਰੇ ਲਾਸ਼ ਦਾ ਪੋਸਟਮਾਰਟਮ ਹੋਇਆ ਹੈ। ਉਨ੍ਹਾਂ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਤੋਂ ਪੂਰੇ ਮਾਮਲੇ ਦੀ ਸੰਵੇਦਨਸ਼ੀਲਤਾ ਨਾਲ ਜਾਂਚ ਕੀਤੇ ਜਾਣ ਦੀ ਮੰਗ ਕਰਦਿਆਂ ਕਿਹਾ ਕਿ ਨੌਜਵਾਨ ਨੂੰ ਹਸਪਤਾਲ ਤੋਂ ਲੈ ਜਾਇਆ ਜਾਂਦਾ ਹੈ ਅਤੇ ਉਥੇ ਕਿਸੇ ਨੂੰ ਲੱਗਦਾ ਹੈ ਕਿ ਉਸ ਨੂੰ ਕਥਿਤ ਤੌਰ ’ਤੇ ਕਰੋਨਾਵਾਇਰਸ ਹੋ ਸਕਦਾ ਹੈ, ਜਿਹੜਾ ਉਸ ਵੱਲੋਂ ਆਤਮ ਹੱਤਿਆ ਕੀਤੇ ਜਾਣ ਦਾ ਕਾਰਨ ਨਹੀਂ ਹੋਣਾ ਚਾਹੀਦਾ ਸੀ ਜਾਂ ਫਿਰ ਅਸੀਂ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਮਾਨਸਿਕ ਤੌਰ ’ਤੇ ਤਿਆਰ ਨਹੀਂ ਹਾਂ, ਇਹ ਜਾਂਚ ਦਾ ਵਿਸ਼ਾ ਹੈ।

Previous articleਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ
Next articleਕਰੋਨਾਵਾਇਰਸ: ਪੰਜਾਬ ’ਚ ਨੌਂ ਸ਼ੱਕੀ ਮਰੀਜ਼ ਸਾਹਮਣੇ ਆਏ