(ਸਮਾਜ ਵੀਕਲੀ)
1.
ਵੀਹ ਸੌ ਵੀਹ ਦੀਆਂ ਕੌੜੀਆਂ ਯਾਦਾਂ
ਭੁੱਲਣ ਵਿੱਚ ਭਲਾਈ ਹੈ ।
ਰਲ਼ ਕੇ ਸੋਚੀਏ ਦੇਸ਼ ਦੀ ਚਾਬੀ
ਕਿਸ ਨੂੰ ਕੀਹਨੇ ਫੜਾਈ ਹੈ ।
ਅਪਣੀ ਚਾਬੀ ਅਪਣੇ ਹੱਥ ਵਿੱਚ
ਰੱਖਣ ਦਾ ਕੋਈ ਢੰਗ ਸੋਚੀਏ ;
ਹੋਰ ਵਧਾਈਏ ਏਕਾ ਕਿਉਂਕਿ
ਡਾਢਿਆਂ ਨਾਲ਼ ਲੜਾਈ ਹੈ ।
2.
ਚੰਗਾ ਹੋਵੇ ਨਵਾਂ ਸਾਲ ਅਸੀਂ
ਹਫ਼ਤਾ ਦਸ ਦਿਨ ਬਾਅਦ ਮਨਾਈਏ ।
ਹਾਕਮਾਂ ਦੇ ਅੱਥਰੇ ਘੋੜੇ ਨੂੰ
ਕੋਈ ਲੋਹੇ ਦਾ ਕੰਡਿਆਲ਼ਾ ਪਾਈਏ ।
ਪੈਰਾਂ ਦੇ ਵਿੱਚ ਜੂੜ ਪਾਉਂਣ ਲਈ
ਸਭ ਸੂਬਿਆਂ ਤੋਂ ਲੱਜਾਂ ਮੰਗਾਓ ;
ਜਿਸ ਦਿਨ ਝੋਟਾ ਚੋਇਆ ਜਾਵੇ
ਉਸ ਦਿਨ ਗਿੱਧਾ ਭੰਗੜਾ ਪਾਈਏ ।
3.
ਦੋ ਹਜ਼ਾਰ ਇੱਕੀ ਨੂੰ ਚੰਗਾ
ਬਣਾਉਂਣਾ ਸਾਡੇ ਹੱਥ ਵੀ ਹੈ ।
ਹੈਂਕੜ ਬਾਜਾਂ ਤਾਈਂ ਸਬਕ
ਸਿਖਾਉਂਣਾ ਸਾਡੇ ਹੱਥ ਵੀ ਹੈ ।
ਲੋਕ – ਏਕਤਾ ਅੱਗੇ ਤਾਂ ਮੈਂ
ਰੱਬ ਵੀ ਝੁਕਦਾ ਵੇਖਿਆ ਹੈ ;
ਅਪਣੇ ਦੇਸ਼ ਵਿੱਚ ਨਵਾਂ ਨਜਾਮ
ਲਿਆਉਂਣਾ ਸਾਡੇ ਹੱਥ ਵੀ ਹੈ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
94784 08898