ਸਨਮਾਨ ਅਤੇ ਪੈਸਾ…..!!!

(ਸਮਾਜ ਵੀਕਲੀ)

ਤਹਿ ਦਿਲੋਂ ਕਿਸੇ ਦਾ ਮਾਣ ਕਰਨਾ ” ਸਨਮਾਨ ” ਹੁੰਦਾ ਹੈ। ਕਿਸੇ ਦੇ ਕੀਤੇ ਜਾ ਰਹੇ ਜਾਂ ਕੀਤੇ ਗਏ ਸ਼ੁਭ ਕਾਰਜਾਂ ਨੂੰ ਦੂਸਰਿਆਂ ਪਾਸੋਂ ਸਨਮਾਨ ਮਿਲਣਾ ਬਹੁਤ ਜ਼ਰੂਰੀ ਹੈ ਤੇ ਚੰਗੀ ਗੱਲ ਹੈ ; ਕਿਉਂ ਜੋ ਕਾਰਜਰਤ ਸਮਰਪਿਤ ਵਿਅਕਤੀਤਵ ਖ਼ੁਸ਼ੀ ਦਾ ਅਨੁਭਵ ਕਰ ਸਕੇ ਅਤੇ ਭਵਿੱਖ ਵਿੱਚ ਸਮਾਜ ਦੇ ਪ੍ਰਤੀ ਅਤੇ ਆਪਣੇ ਕਿੱਤੇ ਦੇ ਪ੍ਰਤੀ ਹੋਰ ਵਧੇਰੇ ਦ੍ਰਿੜ੍ਹਤਾ ਨਾਲ ਤੇ ਸਮਰਪਿਤ ਹੋ ਕੇ ਤਿਆਗ ਭਾਵਨਾ ਹਿਰਦੇ ‘ਚ ਵਸਾ ਕੇ ਆਪਣੇ ਦੇਸ਼ ਤੇ ਸਮਾਜ ਲਈ ਵਧੀਆ ਕਾਰਜ ਉਪਰਾਲੇ ਕਰਦਾ ਰਹੇ। ਸਨਮਾਨ ਇੱਕ ਤਰ੍ਹਾਂ ਦੀ ਹੱਲਾਸ਼ੇਰੀ ਤੇ ਉਤਸ਼ਾਹ ਹੁੰਦਾ ਹੈ ; ਪਰ ਅਕਸਰ ਕਈ ਵਾਰ ਦੇਖਣ ਤੇ ਮਹਿਸੂਸ ਕਰਨ ਵਿੱਚ ਆਉਂਦਾ ਹੈ ਕਿ ਆਮ – ਜਨ ਕਿਸੇ ਨੂੰ ਮਿਲੇ ਸਨਮਾਨ ਨੂੰ ਪੈਸੇ /ਰੁਪਿਆਂ ਨਾਲ ਜੋੜ ਕੇ ਹੀ ਦੇਖਦੇ ਹਨ।ਜੋ ਕਿ ਮੇਰੇ ਅਨੁਸਾਰ ਸਹੀ ਨਹੀਂ ਹੈ।

ਮੇਰੇ ਨਾਲ ਵੀ ਪਿਛਲੇ ਦਿਨੀਂ ਅਜਿਹਾ ਹੀ ਹੋਇਆ , ਜਦੋਂ ਮੈਨੂੰ ਸਿੱਖਿਆ ਤੇ ਸਮਾਜ ਦੇ ਖੇਤਰ ਵਿੱਚ ਕੀਤੇ ਕਾਰਜਾਂ ਲਈ ਪੰਜਾਬ ਸਰਕਾਰ ਵੱਲੋਂ ” ਸਟੇਟ ਐਵਾਰਡ ” ਪ੍ਰਦਾਨ ਕੀਤਾ ਗਿਆ। ਮੇਰੇ ਕਈ ਸਾਥੀ , ਸਹਿ – ਕਰਮੀ , ਰਿਸ਼ਤੇਦਾਰ , ਅਧਿਆਪਕ – ਸਾਥੀ , ਮਿੱਤਰ , ਹਿਤੈਸ਼ੀ ਆਦਿ ਜਦੋਂ ਵੀ ਮੈਨੂੰ ਵਧਾਈ ਦਿੰਦੇ ਜਾਂ ਮਿਲਦੇ ਤਾਂ ਇਹੋ ਪੁੱਛਦੇ , ” ਕਿੰਨੇ ਪੈਸੇ ਮਿਲੇ ? ਕਿੰਨੀਆਂ ਇੰਕਰੀਮੈਂਟਾਂ ਮਿਲੀਆਂ ? ਕਿੰਨੇ ਸਾਲ ਦਾ ਨੌਕਰੀ ਵਿੱਚ ਵਾਧਾ ਹੋਇਆ ? ਕਿੰਨਾ ਕੈਸ਼ ਮਿਲਿਆ ? ” ਜਦੋਂ ਮੈਂ ਇਨ੍ਹਾਂ ਨੂੰ ਦੱਸਿਆ ਕਿ ਸਨਮਾਨ ਤਾਂ ਕਿਸੇ ਦੀ ਇੱਜ਼ਤ ਹੁੰਦੀ ਹੈ।ਤੁਸੀਂ ‘ ਸਟੇਟ ਐਵਾਰਡ ‘ ਨੂੰ ਪੈਸੇ ਨਾਲ ਜੋੜ ਕੇ ਕਿਉਂ ਦੇਖਦੇ ਹੋ ? ਤੇ ਸਮਝਾਇਆ ਤਾਂ ਅਕਸਰ ਜਵਾਬ ਮਿਲਿਆ ਕਿ ਫੇਰ ” ਸਟੇਟ ਐਵਾਰਡ ” ਦਾ ਕੀ ਫ਼ਾਇਦਾ ????

ਮੈਂ ਅਜਿਹੇ ਇਨਸਾਨਾਂ ਦੀ ਸੰਕੀਰਣ , ਰੂੜੀਵਾਦੀ , ਪਦਾਰਥਵਾਦੀ , ਭੌਤਿਕਵਾਦੀ ਤੇ ਸੌੜੀ – ਸੋਚ ਅੱਗੇ ਨਿਰਉੱਤਰ ਹੋ ਕੇ ” ਚੁੱਪ ” ਰਹਿਣਾ ਹੀ ਵਾਜਬ ਸਮਝਿਆ।ਮੈਨੂੰ ਇਹ ਗੱਲ ਸੁਣ ਕੇ ਦੇਖ ਕੇ ਬਹੁਤ ਦੁੱਖ ਹੋਇਆ ਕਿ ਅੱਜ ਦਾ ਇਨਸਾਨ ਆਪਣੀ ਸੋਚਣੀ ਵਿੱਚ ਕਿੰਨਾ ਨੀਵਾਂ ਹੋ ਗਿਆ ਹੈ !!! ਕਿ ਅੱਜ ਮਾਣ – ਸਨਮਾਨ , ਇੱਜ਼ਤ , ਤੁਹਾਡੀ ਕਾਰਜਪ੍ਰਣਾਲੀ , ਤੁਹਾਡੇ ਸਮਾਜਿਕ – ਰੁਤਬੇ, ਤੁਹਾਡੀ ਸ਼ਖ਼ਸੀਅਤ , ਸਰਕਾਰਾਂ ਵੱਲੋਂ ਦਿੱਤੇ ਸਨਮਾਨਾਂ ਜਾਂ ਸਨਮਾਨ – ਚਿੰਨ੍ਹਾਂ ਨੂੰ ਅੱਜ ਦਾ ਭੌਤਿਕਵਾਦੀ ਮਨੁੱਖ ਕੇਵਲ ਤੇ ਕੇਵਲ ਪੈਸਿਆਂ /ਰੁਪਿਆਂ/ ਭੌਤਿਕ ਪਦਾਰਥਾਂ ਨਾਲ ਜੋੜ ਕੇ ਦੇਖਦਾ ਹੈ।

ਹੱਦ ਤੋਂ ਵੱਧ ਦੁੱਖ ਉਦੋਂ ਪਹੁੰਚਦਾ ਹੈ , ਜਦੋਂ ਸਾਡੇ ਅਧਿਆਪਕ ਸਾਥੀ ਹੀ ਸਨਮਾਨ ਨੂੰ ਪੈਸੇ ਨਾਲ ਜੋੜ ਕੇ ਦੇਖਣ ਲੱਗ ਪਏ। ਧਨ /ਰਾਸ਼ੀ /ਇੰਕਰੀਮੈਂਟਾਂ ਜਾਂ ਨੌਕਰੀ ਵਿੱਚ ਵਾਧਾ ਕਿਸੇ ਸਨਮਾਨਿਤ ਕਰਮਚਾਰੀ ਨੂੰ ਦੇਣਾ ਜਾਂ ਨਾ ਦੇਣਾ ਸਰਕਾਰ ਦੇ ਫ਼ੈਸਲੇ ‘ਤੇ ਨਿਰਭਰ ਕਰਦਾ ਹੈ।ਪਰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਸਨਮਾਨ ਦਾ ਪੈਸੇ ਨਾਲ ਕੋਈ ਸੰਬੰਧ ਹੈ ਹੀ ਨਹੀਂ।ਅਸੀਂ ਆਪਣੇ ਅਧਿਆਪਕਾਂ , ਵੱਡੇ – ਵਡੇਰਿਆਂ , ਮਾਤਾ – ਪਿਤਾ ਜੀ , ਸੰਤਾਂ ਜਾਂ ਮਹਾਂਪੁਰਸ਼ਾਂ ਦੀ ਸੇਵਾ ਤੇ ਸਨਮਾਨ ਕਰਦੇ ਹਾਂ ; ਕੀ ਅਸੀਂ ਉਨ੍ਹਾਂ ਨੂੰ ਪੈਸੇ ਹੀ ਦਿੰਦੇ ਹਾਂ ? ਕੀ ਪੈਸਿਆਂ ਦੇ ਨਾਲ਼ ਹੀ ਉਨ੍ਹਾਂ ਦਾ ਸਨਮਾਨ ਕੀਤਾ ਜਾ ਸਕਦਾ ਹੈ ??? ਨਹੀਂ ! ਨਹੀਂ ! ਨਹੀਂ ! ਅਜਿਹਾ ਨਹੀਂ ਹੈ !!! ਸਨਮਾਨ ਤਾਂ ਉਤਸ਼ਾਹ ਭਰੇ ਦੋ ਸ਼ਬਦ ਵੀ ਹੋ ਸਕਦੇ ਹਨ। ਇਹ ਪਿਆਰ ਭਰੇ ਦੋ ਮਿੱਠੇ – ਹੱਲਾਸ਼ੇਰੀ ਉਤਸ਼ਾਹ ਭਰਪੂਰ ਦੋ ਸ਼ਬਦ ਅਤੇ ਹਾਵ – ਭਾਵ ਵੀ ਹੋ ਸਕਦੇ ਹਨ।

ਸਨਮਾਨ ਤਾਂ ਕਿਸੇ ਨੂੰ ਧਿਆਨ ਨਾਲ ਸੁਣ ਕੇ ਵੀ ਕੀਤਾ ਜਾ ਸਕਦਾ ਹੈ।ਸਨਮਾਨ ਤਾਂ ਕਿਸੇ ਦੇ ਚਰਨਾਂ ਨੂੰ ਛੂਹ ਕੇ ਵੀ ਕੀਤਾ ਜਾ ਸਕਦਾ ਹੈ।ਸਨਮਾਨ ਕਿਸੇ ਨੂੰ ਕੋਈ ਵਸਤੂ /ਤੋਹਫਾ ਭੇਂਟ ਕਰਕੇ ਵੀ ਕੀਤਾ ਜਾ ਸਕਦਾ ਹੈ। ਦਿਲੋਂ ਕਿਸੇ ਦਾ ਸਤਿਕਾਰ ਕਰਕੇ ਵੀ ਕਿਸੇ ਨੂੰ ਸਨਮਾਨ ਦਿੱਤਾ ਜਾ ਸਕਦਾ ਹੈ। ਇੱਜ਼ਤ – ਪਿਆਰ ਤੇ ਸਤਿਕਾਰ ਨਾਲ ਪਲ਼ਾਇਆ ਹੋਇਆ ਚਾਹ ਦਾ ਇੱਕ ਕੱਪ ਵੀ ਕਿਸੇ ਦਾ ਸਨਮਾਨ ਹੋ ਸਕਦਾ। ਕ੍ਰਾਂਤੀਕਾਰੀ ਰਾਸ਼ਟਰੀ ਸੰਤ ਮੁਨੀ ਸ਼੍ਰੀ ਤਰੁਣ ਸਾਗਰ ਜੀ ਮਹਾਰਾਜ ਕਹਿੰਦੇ ਹਨ , ” ਪੈਸੇ ਨੂੰ ਦਿਮਾਗ ਵਿੱਚ ਨਹੀਂ ਰੱਖਣਾ ਚਾਹੀਦਾ। ਉਨ੍ਹਾਂ ਅਨੁਸਾਰ ,
” ਪੈਸਾ ਜੇਬ ਮੇਂ ਹੈ ਤੋ ਪੈਸੇ ਹਾਥ ਕਾ ਮੈਲ ਹੈ ,
ਔਰ ਪੈਸਾ ਦਿਮਾਗ ਮੇਂ ਹੈ ,
ਤੋ ਪੈਸੇ ਕੇ ਸਾਮਨੇ ਰਿਸ਼ਤੇ – ਨਾਤੇ ਸਭ ਫੇਲ੍ਹ ਹੈਂ ”

ਮੁੱਕਦੀ ਗੱਲ ਇਹੋ ਹੈ ਕਿ ਚੰਗਾ ਕਾਰਜ ਕਰਨ ਵਾਲੇ ਇਨਸਾਨ ਦਾ ਘਰ ਤੇ ਸਮਾਜ ਵਿੱਚ ਸਤਿਕਾਰ ਹੋਣਾ ਚਾਹੀਦਾ ਹੈ। ਕੋਈ ਵੀ ਇਨਸਾਨ ਪੈਸੇ , ਧਨ , ਭੌਤਿਕ ਪਦਾਰਥਾਂ ਦਾ ਭੁੱਖਾ ਨਹੀਂ ਹੁੰਦਾ।ਪੈਸਾ , ਧਨ , ਸੋਨਾ , ਗਹਿਣਾ ਇਹ ਤਾਂ ਅਸਮਾਜਿਕ ਤੇ ਅਸੱਭਿਅਕ ਲੋਕਾਂ ਕੋਲ ਵੀ ਹੋ ਸਕਦੇ ਹਨ ਤੇ ਹੁੰਦੇ ਵੀ ਹਨ , ਪਰ ਇੱਜ਼ਤ , ਸਤਿਕਾਰ ਤੇ ਸਨਮਾਨ ਕੇਵਲ ਕਿਸੇ ਖ਼ਾਸ , ਮਿਹਨਤੀ , ਸਮਰਪਿਤ ਅਤੇ ਚੰਗੇ ਇਨਸਾਨ ਨੂੰ ਹੀ ਪਰਮਪਿਤਾ ਪ੍ਰਮਾਤਮਾ ਦੇ ਹੁਕਮ , ਉਸ ਦੇ ਭਾਣੇ ਅਤੇ ਉਸਦੀ ਇੱਛਾ ਸ਼ਕਤੀ ਨਾਲ ਹੀ ਪ੍ਰਾਪਤ ਹੁੰਦੇ ਹਨ। ਸਨਮਾਨ ਪੈਸੇ /ਧਨ ਨਾਲ ਖਰੀਦੇ ਨਹੀਂ ਜਾ ਸਕਦੇ , ਸਨਮਾਨ ਪ੍ਰਮਾਤਮਾ ਦੀ ਰਜ਼ਾ ਨਾਲ ਚੰਗੇ ਕਰਮਾਂ ਸਦਕਾ ਇਨਸਾਨੀਅਤ ਧਰਮ ਨਿਭਾ ਕੇ ਅਤੇ ਲੋੜਵੰਦਾਂ ਦੀ ਸਹਾਇਤਾ ਕਰਕੇ ਹੀ ਮਿਲਦੇ ਹਨ।

ਜੇਕਰ ਉਹ ਚੰਗਾ ਕਾਰਜ ਕਰਨ ਵਾਲਾ ਕੋਈ ਆਮ ਇਨਸਾਨ ਨਾ ਹੋ ਕੇ ਸਗੋਂ ਕੌਮ ਦਾ ਨਿਰਮਾਤਾ ਅਧਿਆਪਕ / ਗੁਰੂ ਹੈ ਤਾਂ ਇਹ ਹੋਰ ਵੀ ਜ਼ਰੂਰੀ ਬਣ ਜਾਂਦਾ ਹੈ ਕਿ ਉਸ ਦਾ ਸਨਮਾਨ ਜ਼ਰੂਰ ਹੋਵੇ।ਪਰ ਜਿੱਥੋਂ ਤੱਕ ਗੱਲ ਹੈ ਸਨਮਾਨ ਨੂੰ ਪੈਸੇ ਨਾਲ ਜੋੜ ਕੇ ਦੇਖਣ ਦੀ ਇਹ ਅੱਜ ਦੇ ਇਨਸਾਨ ਦੀ ਸੌੜੀ ਤੇ ਸੰਕੀਰਨ ਸੋਚ ‘ਤੇ ਜ਼ਰੂਰ ਪ੍ਰਸ਼ਨ ਚਿੰਨ੍ਹ ਖੜ੍ਹਾ ਕਰਦੀ ਹੈ ਤੇ ਪਤਨ ਵੱਲ ਵਧ ਰਹੇ ਮਨੁੱਖ ਦੀ ਭੌਤਿਕਤਾਵਾਦੀ ਤੇ ਪਦਾਰਥਵਾਦੀ ਇੱਛਾ ਨੂੰ ਜੱਗ ਜ਼ਾਹਰ ਕਰਦੀ ਹੈ।
” ਖ਼ੁਦਾ ਤੋ ਮਿਲਤਾ ਹੈ ,
ਇੰਨਸਾਂ ਨਹੀਂ ਮਿਲਤਾ ,
ਯਹ ਚੀਜ਼ ਵੋਹ ਹੈ ,
ਜੋ ਦੇਖੀ ਕਹੀਂ – ਕਹੀਂ ਮੈਂਨੇ।”

ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ,
ਪ੍ਰਸਿੱਧ ਅੰਤਰਰਾਸ਼ਟਰੀ ਲੇਖਕ
ਸ੍ਰੀ ਅਨੰਦਪੁਰ ਸਾਹਿਬ (ਪੰਜਾਬ )

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਮਸਲਾ