(ਸਮਾਜ ਵੀਕਲੀ)
ਅੰਤਾ ਦਾ ਜਦ ਹੋਵਾਂ ਉਦਾਸ।
ਬਹੁਤ ਹੀ ਦੁਖੀ, ਨਿਰਾਸ਼, ਹਤਾਸ਼।
ਓਸ ਵੇਲ਼ੇ ਬੱਸ ਇੱਕ ਸਹਾਰਾ।
‘ਡੁੱਬਦੇ ਨੂੰ ਜਿਉਂ ਮਿਲੇ ਕਿਨਾਰਾ’।
ਸਦਾਬਹਾਰ ਮੇਰੀ ਇੱਕ ਸਾਥਣ।
ਸੁਬ੍ਹਾ, ਦੁਪਿਹਰ ਹੋਵੇ ਜਾਂ ਆਥਣ।
ਹਰਦਮ, ਹਰਪਲ ਤਿਆਰ ਹੈ ਰਹਿੰਦੀ।
ਬਾਹਾਵਾਂ ਅੱਡ “ਜੀ ਆਇਆਂ…” ਕਹਿੰਦੀ।
ਬੁੱਕਲ਼ ਵਿੱਚ ਲੁਕਾ ਲੈਂਦੀ ਐ।
ਮੋਢੇ ਦੇ ਨਾਲ਼ ਲਾ ਲੈਂਦੀ ਐ।
ਪਿੱਠ ਕਦੇ ਸਿਰ ਥਪ-ਥਪਾਉਂਦੀ।
ਉੰਗਲ਼ਾਂ ਵਾਲ਼ਾਂ ਵਿੱਚ ਘੁੰਮਾਉਂਦੀ।
ਕਹੇ “ਸੋਹਣਿਆ ਖੁੱਲ੍ਹ ਕੇ ਰੋ।
ਐਪਰ ਬਿਲਕੁੱਲ ਖਾਲੀ ਹੋ।
ਸੰਗ, ਸ਼ਰਮ ਨਾ ਕਰ ਪਰਵਾਹ।
ਕੋਈ ਨਾ ਏਥੇ ਸਕਦਾ ਆ।
ਦੱਬ ਕੇ ਲੱਗਜਾ ਝੱਲ ਖਿਲਾਰਨ।
ਮੈਂ ਬੈਠੀ ਹਾਂ ਪਹਿਰੇਦਾਰਨ।”
ਸੱਚੀਉਂ ਹੈ ਵਫਾ ਦੀ ਪੰਡ।
ਕਦੇ ਵੀ ਨਾ ਵਿਖਾਉਂਦੀ ਕੰਡ।
ਫੇਲ੍ਹ ਹੋਣ ਜਦ ਵੈਦ, ਦਵਾਵਾਂ।
ਅਰਦਾਸਾਂ ਤੇ ਪ੍ਰਾਰਥਨਾਵਾਂ।
ਅੰਤ ਇਹ ਬੱਸ ਕਰਦੀ ਸ਼ਾਂਤ।
ਇਸ ਪਿਆਰੀ ਦਾ ਨਾਮ ਏਕਾਂਤ।
ਕੁਦਰਤ ਦੀ ਸੌਗਾਤ ਏਕਾਂਤ।
ਬਿਨ ਮੰਗੀ ਹੋਈ ਦਾਤ ਏਕਾਂਤ।
ਪਿੰਡ ਘੜਾਮੇਂ ਰੋਮੀ ਤਾਈਂ ਤਾਈਂ।
ਮਿਲੇ ਸਦਾ ਹੀ ਚਾਈਂ ਚਾਈਂ।
ਰੋਮੀ ਘੜਾਮੇਂ ਵਾਲ਼ਾ
98552-81105