(ਸਮਾਜ ਵੀਕਲੀ)
ਆਉ ਵਿਚਾਰੀਏ:-
*’ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ’*
(ਮਿਟੀ ਧੁੰਦ ਕਿਉਂ ?, ਮਿਟਿਆ ਹਨੇਰਾ ਜਾਂ ‘ਨੇਰ੍ਹਾ ਕਿਉਂ ਨਹੀਂ ?)
‘ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ’ ਭਾਈ ਗੁਰਦਾਸ ਜੀ ਦੀ ਉਪਰੋਕਤ ਤੁਕ ਪੜ੍ਹਨ/ਸੁਣਨ ਸਮੇਂ ਅਕਸਰ ਹੀ ਮੇਰੇ ਦਿਮਾਗ ਵਿੱਚ ਖ਼ਿਆਲ ਆਉਂਦਾ ਸੀ ਕਿ ਇੱਥੇ ਭਾਈ ਸਾਹਿਬ ਜੀ ਨੇ ਧੁੰਦ ਦੀ ਥਾਂ ‘ਤੇ ਹਨੇਰਾ ਜਾ ਨ੍ਹੇਰਾ ਸ਼ਬਦ ਕਿਉਂ ਨਹੀਂ ਵਰਤਿਆ ਕਿਉਂਕਿ ਚਾਨਣ ਹੋਣ ਦਾ ਸਬੰਧ ਤਾਂ ਆਮ ਹੀ ਹਨੇਰਾ ਦੂਰ ਹੋਣਾ ਸਮਝਿਆ ਜਾਂਦਾ ਹੈ। ਫਿਰ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਖ਼ਾਸ ਕਰਕੇ ‘ਦਇਆ ਕਪਾਹ ਸੰਤੋਖ ਸੂਤੁ ਜਤੁ ਗੰਢੀ ਸਤੁ ਵਟੁ’ ਅਤੇ ‘ਸੋ ਕਿਉ ਮੰਦਾ ਆਖਿਐ ਜਿਤੁ ਜੰਮਹਿ ਰਾਜਾਨ’ ਆਦਿ ਬਾਰੇ ਡੁੰਘਾਈ ਨਾਲ਼ ਸੋਚੀਦਾ ਹੈ ਤਾਂ ਨਤੀਜਾ ਇਹੀ ਨਿਕਲਦਾ ਹੈ ਕਿ ਬਾਬਾ ਜੀ ਦੇ ਆਗਮਨ ਸਮੇਂ ਵਹਿਮਾਂ, ਭਰਮਾਂ, ਪਾਖੰਡਾਂ ਅਤੇ ਹੋਰ ਸਮਾਜਿਕ ਕੁਰੀਤੀਆਂ ਦਾ ਹਨੇਰਾ ਹੀ ਨਹੀਂ ਬਲਕਿ ਗਹਿਰੀ ਧੁੰਦ ਛਾਈ ਹੋਈ ਸੀ ਤੇ ਹਨੇਰੇ ਨੂੰ ਦੂਰ ਕਰਨ ਲਈ ਤਾਂ ਕੋਈ ਛੋਟਾ ਜਿਹਾ ਦੀਵਾ, ਮੋਮਬੱਤੀ ਜਾਂ ਜ਼ੀਰੋ ਵਾਟ ਦਾ ਬਲਬ ਹੀ ਕਾਫ਼ੀ ਹੁੰਦਾ ਹੈ ਪਰ ਧੁੰਦ ਵਿੱਚ ਚਾਨਣ ਕਰਨ ਲਈ ਸੂਰਜ ਦਾ ਚੜ੍ਹਨਾ ਹੀ ਲਾਜ਼ਮੀ ਹੁੰਦਾ ਹੈ। ਸੋ ਉਸ ਕਾਲ ਸਮੇਂ ਛਾਈ ਉਪਰੋਕਤ ਕੁਰੀਤੀਆਂ ਦੀ ਧੁੰਦ ਵਿੱਚ ਚਾਨਣ ਕਰਨ ਲਈ ਵੀ ਕਿਸੇ ਗਿਆਨ ਦੇ ਸੂਰਜ ਦੀ ਲੋੜ ਸੀ। ਇਸੇ ਕਰਕੇ ਭਾਈ ਗੁਰਦਾਸ ਜੀ ਨੇ ਬਾਬਾ ਨਾਨਕ ਸਾਹਿਬ ਜੀ ਬਾਰੇ ਇਹ ਪਉੜੀ ਰਚਦਿਆਂ ਲਿਖਿਆ ਹੋਵੇਗਾ ‘ਮਿਟੀ ਧੁੰਧੁ ਜਗਿ ਚਾਨਣੁ ਹੋਆ’। ਅਜਿਹੇ ਵਹਿਣਾ ਵਿੱਚ ਵਹਿੰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ਼ ਨਾਲ਼ ਭਾਈ ਗੁਰਦਾਸ ਜੀ ਅੱਗੇ ਵੀ ਸਿਰ ਮੱਲੋਮੱਲੀ ਝੁਕ ਜਾਂਦਾ ਹੈ।
– ਰੋਮੀ ਘੜਾਮੇਂ ਵਾਲ਼ਾ
98552-81105