ਸਤਰੰਜ

ਅਮਨ ਜੱਖਲਾਂ

(ਸਮਾਜ ਵੀਕਲੀ)

“ਮੈਂ ਇਸ ਬੇਈਮਾਨ ਸੈਨਾ ਦਾ ਹੁਣ ਹੋਰ ਸਾਥ ਨਹੀਂ ਦੇ ਸਕਦਾ”, ਇਹ ਸਬਦ ਬੋਲ ਕੇ,ਉਹ ਸਤਰੰਜ ਦੀ ਇੱਕ ਕੁਰਸੀ ਤੋਂ ਉੱਠ ਕੇ ਮੇਜ ਦੇ ਦੂਜੇ ਪਾਸੇ ਪਈ ਕੁਰਸੀ ਉੱਤੇ ਆ ਬੈਠਾ ਹੈ ਅਤੇ ਨਵੀਂ ਚਾਲ ਚੱਲਣ ਲਈ ਬਿਲਕੁਲ ਤਿਆਰ ਹੈ। ਦੋਵੇਂ ਪਾਸਿਆਂ ਤੋਂ ਚਾਲ ਖੁਦ ਹੀ ਚੱਲ ਰਿਹਾ ਹੈ। ਦੋਵੇਂ ਪਾਸਿਆਂ ਦੇ ਵਜੀਰ, ਸੈਨਾਪਤੀ, ਸਿਪਾਹੀ, ਹਾਥੀ, ਘੋੜੇ ਸਭ ਉਸਦੀ ਬੇਈਮਾਨ ਤੱਕੜੀ ਵਿੱਚ ਤੁਲੇ ਜਾਪ ਰਹੇ ਹਨ। ਪਰਜਾ ਨੂੰ ਇਸ ਸਤਰੰਜ ਦੀ ਦੂਰ ਦੂਰ ਤੱਕ ਕੋਈ ਸਮਝ ਨਹੀਂ ਪੈ ਰਹੀ।

ਦੋਵੇਂ ਪਾਸੇ ਦੀ ਪਰਜਾ ਆਪੋ ਆਪਣੇ ਸਿਪਾਹੀਆਂ ਨੂੰ ਟੁੱਟ-ਟੁੱਟ ਕੇ ਪੈ ਰਹੀ ਹੈ। ਆਜੜੀ ਦਾ ਤਜਰਬਾ ਰਾਜ ਭਾਗ ਚਲਾਉਣ ਵਿੱਚ ਮਦਦਗਾਰ ਸਾਬਿਤ ਹੋ ਰਿਹਾ ਹੈ। ਬੇਸ਼ੱਕ ਉਸਨੂੰ ਖੇਡ ਵਿੱਚ ਕੋਈ ਅਨੰਦ ਨਹੀਂ ਆ ਰਿਹਾ, ਭਲਾ ਵਿਰੋਧੀ ਧਿਰ ਤੋਂ ਬਿਨਾ ਰੋਮਾਂਚ ਕਿਵੇਂ ਹੋ ਸਕਦਾ ਹੈ? ਪਰ ਉਸ ਲਈ ਅਨੰਦ ਦਾ ਅਰਥ ਮੂਰਖ ਬਣ ਰਹੀ ਪਰਜਾ ਹੈ। ਪਰਜਾ ਦੀਆਂ ਚੀਕਾਂ ਉਸ ਨੂੰ ਅਨੰਦਮਈ ਅਵਸਥਾ ਵਿੱਚ ਲੈ ਕੇ ਜਾ ਰਹੀਆਂ ਹਨ। ਉਹ ਹੱਥ ਵਿੱਚ ਮੋਹਰਾ ਚੁੱਕ ਕੇ ਇੱਕ ਡੂੰਘੇ ਚਿੰਤਨ ਵਿੱਚ ਜਾਣ ਦਾ ਜਬਰਦਸਤ ਨਾਟਕ ਕਰ ਰਿਹਾ ਹੈ, ਜਿਸਨੂੰ ਪਰਜਾ ਟਿਕਟਿਕੀ ਲਗਾ ਕੇ ਦੇਖ ਰਹੀ ਹੈ।

ਪਰਜਾ ਕਿਸੇ ਕਰਾਂਤੀ ਦੀ ਉਡੀਕ ਵਿੱਚ ਹੈ, ਭਾਵੇਂ ਉਸਨੂੰ ਕਰਾਂਤੀ ਦਾ ਭਾਵ ਅਰਥ ਨਹੀਂ ਪਤਾ। ਹੁੰਦੀ ਹੋਵੇਗੀ, ਕੁਝ ਤਾਂ ਇਸ ਤੋਂ ਵਧੀਆ ਹੀ ਹੋਵੇਗਾ। ਗੁਰੂਆਂ ਪੀਰਾਂ ਦੀ ਧਰਤੀ ਪੂਰੀ ਤਰ੍ਹਾਂ ਸਤਰੰਜ ਵਿੱਚ ਤਬਦੀਲ ਹੋ ਚੁੱਕੀ ਹੈ। ਕੋਈ ਨਹੀਂ ਜਾਣਦਾ ਸਵੇਰ ਤੱਕ ਕਿਸ ਦਾ ਬਾਲ, ਕਿਸ ਦੀ ਗੋਦ ਵਿੱਚ ਜਾ ਬੈਠੇਗਾ।ਉਹ ਇਤਿਹਾਸ, ਮਿਥਿਹਾਸ, ਤਾਨਾਸਾਹੀ, ਲੋਕਤੰਤਰ ਤੋਂ ਉੱਪਰ ਉੱਠ ਚੁੱਕਾ ਹੈ। ਉਸ ਨੇ ਪਾਸੇ ਬਦਲਣ ਦੀ ਗਤੀ ਵਿੱਚ ਵਾਧਾ ਕਰ ਦਿੱਤਾ ਹੈ। ਸਭ ਤੋਂ ਹੌਲੀ ਖੇਡੀ ਜਾਣ ਵਾਲੀ ਸਤਰੰਜ, ਟੀ-ਟਵੰਟੀ ਦੀ ਰਫਤਾਰ ਫੜ ਚੁੱਕੀ ਹੈ। ਇਸ ਤੇਜ ਤਰਾਰ ਸਤਰੰਜ ਨੂੰ ਦੇਖਣ ਲਈ ਵਿਸਵਾਨਾਥਨ ਆਨੰਦ ਵੀ ਦਰਸਕਾਂ ਦੀ ਭੀੜ ਵਿੱਚ ਕਿਧਰੇ ਖੜਾ ਤਾੜੀ ਵਜਾ ਰਿਹਾ ਹੈ…

ਅਮਨ ਜੱਖਲਾਂ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਧੀ ਭੈਣ
Next articleਨੌਕਰੀ vs ਜਿੰਮੇਵਾਰੀਆਂ