# ” ਇੰਡੀਆ ਬੁੱਕ ਆੱਫ ਰਿਕਾਰਡਜ਼ ” ਵਿੱਚ ਨਾਮ ਹੋਇਆ ਦਰਜ
( ਸ਼੍ਰੀ ਅਨੰਦਪੁਰ ਸਾਹਿਬ ) (ਸਮਾਜ ਵੀਕਲੀ): ਆਪਣੀਆਂ ਲਿਖਤਾਂ ਰਾਹੀਂ ਇੱਕ ਵੱਖਰੀ ਪਹਿਚਾਣ ਬਣਾ ਚੁੱਕੇ ” ਸਟੇਟ ਐਵਾਰਡੀ ” ਮਾਸਟਰ ਸੰਜੀਵ ਧਰਮਾਣੀ ਨੂੰ ਸਾਹਿਤ ਦੇ ਖੇਤਰ ਵਿੱਚ ਪਿਛਲੇ ਲਗਭਗ ਬਾਰਾਂ ਸਾਲ ਤੋਂ ਪਾਏ ਗਏ ਵਿਸ਼ੇਸ਼ ਯੋਗਦਾਨ ਲਈ ਭਾਰਤ ਸਰਕਾਰ ਦੇ ” ਇੰਡੀਆ ਬੁੱਕ ਆੱਫ਼ ਰਿਕਾਰਡਜ਼ ” ਵੱਲੋਂ ਵਿਸ਼ੇਸ਼ ਸਨਮਾਨ ਚਿੰਨ੍ਹ , ਪ੍ਰਸ਼ੰਸਾ ਪੱਤਰ ਅਤੇ ਐਵਾਰਡ ਆਦਿ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਹੁਣ ਉਨ੍ਹਾਂ ਦਾ ਨਾਂ ਸਾਹਿਤ ਦੇ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਵਿਸ਼ੇਸ਼ ਸੇਵਾਵਾਂ ਦੇ ਲਈ ” ਇੰਡੀਆ ਬੁੱਕ ਆੱਫ ਰਿਕਾਰਡਜ਼ ” ਵਿੱਚ ਦਰਜ ਕਰ ਲਿਆ ਗਿਆ ਹੈ ; ਜੋ ਕਿ ਸਮੁੱਚੇ ਇਲਾਕੇ ਲਈ ਬਹੁਤ ਮਾਣ ਵਾਲੀ ਗੱਲ ਹੈ। ਦੱਸਣਯੋਗ ਹੈ ਕਿ ਮਾਸਟਰ ਸੰਜੀਵ ਧਰਮਾਣੀ ਵੱਖ – ਵੱਖ ਵਿਸ਼ਿਆਂ ਜਿਵੇਂ ਕਿ ਬਾਲ – ਸਾਹਿਤ , ਸੱਭਿਆਚਾਰ , ਪ੍ਰੇਰਣਾਦਾਇਕ ਕਹਾਣੀਆਂ , ਕਵਿਤਾਵਾਂ , ਸਾਧਾਰਨ ਗਿਆਨ , ਸਮਾਜਿਕ ਬੁਰਾਈਆਂ , ਔਰਤਾਂ ਪ੍ਰਤੀ ਜਾਗਰੂਕਤਾ , ਆਪਣੇ ਜੀਵਨ ਦੀਆਂ ਪ੍ਰੇਰਨਾਦਾਇਕ ਸੱਚੀਆਂ ਘਟਨਾਵਾਂ , ਦੇਸ਼ ਭਗਤੀ , ਸੱਭਿਆਚਾਰ , ਸਿਹਤ , ਆਪਣੇ ਵਿਭਾਗ ਦੀਆਂ ਸਰਕਾਰੀ ਯੋਜਨਾਵਾਂ ਤੇ ਪ੍ਰਾਪਤੀਆਂ , ਗਿਆਨ – ਵਿਗਿਆਨ , ਜੀਵਨ ਉਪਯੋਗੀ ਅਤੇ ਪ੍ਰੇਰਣਾਦਾਇਕ ਰਚਨਾਵਾਂ ਆਦਿ ਬਾਰੇ ਨਿਰੰਤਰ ਲਿਖਦੇ ਆ ਰਹੇ ਹਨ ਅਤੇ ਮਾਂ – ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਹਨ। ਇਨ੍ਹਾਂ ਨੇ ਕਈ ਪੁਸਤਕਾਂ ਵੀ ਲਿਖੀਆਂ ਹਨ।
ਸਕੂਲ ਸਿੱਖਿਆ ਵਿਭਾਗ ਪੰਜਾਬ ਕੋਲ਼ ਵੀ ਇਹਨਾਂ ਦੀਆਂ ਦੋ ਪੁਸਤਕਾਂ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਲਈ ਛਪਾਈ ਅਧੀਨ ਹਨ। ਇਹ ਵੀ ਧਿਆਨਯੋਗ ਹੈ ਕਿ ਸਾਹਿਤ ਪੜ੍ਹਨ ਅਤੇ ਸਾਹਿਤ ਲਿਖਣ ਦੀ ਗੁੜ੍ਹਤੀ ਮਾਸਟਰ ਸੰਜੀਵ ਧਰਮਾਣੀ ਆਪਣੇ ਵਿਦਿਆਰਥੀਆਂ ਨੂੰ ਵੀ ਦੇ ਰਹੇ ਹਨ ਅਤੇ ਇਨ੍ਹਾਂ ਦੀ ਯੋਗ ਅਗਵਾਈ ਹੇਠ ਇਨ੍ਹਾਂ ਦੇ ਵਿਦਿਆਰਥੀ ਨਿਰੰਤਰ ਮਾਂ ਬੋਲੀ ਪੰਜਾਬੀ ਵਿੱਚ ਬਾਲ – ਕਵਿਤਾਵਾਂ , ਬਾਲ – ਕਹਾਣੀਆਂ , ਬਾਲ – ਲੇਖ ਆਦਿ ਲਿਖਣ ਦੇ ਯੋਗ ਹੋ ਗਏ ਹਨ। ਮਾਸਟਰ ਸੰਜੀਵ ਧਰਮਾਣੀ ਦੀਆਂ ਪੰਜਾਬੀ ਲਿਖਤਾਂ ਭਾਰਤ ਦੀਆਂ ਪੰਜਾਬੀ ਅਖਬਾਰਾਂ , ਸਰਕਾਰੀ ਅਤੇ ਹੋਰ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋਣ ਦੇ ਨਾਲ – ਨਾਲ ਦੇਸ਼ਾਂ – ਵਿਦੇਸ਼ਾਂ ਜਿਵੇਂ : ਅਮਰੀਕਾ , ਲੰਦਨ , ਆਸਟ੍ਰੇਲੀਆ , ਨਿਊਯੌਰਕ , ਕੈਨੇਡਾ , ਕੈਲੀਫੋਰਨੀਆ , ਯੂਨਾਈਟਿਡ ਕਿੰਗਡਮ , ਨਿਊਜ਼ੀਲੈਂਡ , ਸਾਨ ਫਰਾਂਸਿਸਕੋ ਆਦਿ ਅਨੇਕਾਂ ਵਿਦੇਸ਼ਾਂ ਦੀਆਂ ਅਖ਼ਬਾਰਾਂ ਤੇ ਰਸਾਲਿਆਂ ਵਿੱਚ ਰੋਜ਼ਾਨਾ ਛਪਦੀਆਂ ਰਹਿੰਦੀਆਂ ਹਨ।
ਇੱਥੇ ਦੱਸਣਯੋਗ ਹੈ ਕਿ ਮਾਸਟਰ ਸੰਜੀਵ ਧਰਮਾਣੀ ਇੱਕ ਸੁਯੋਗ ਅਧਿਆਪਕ ਹੋਣ ਦੇ ਨਾਲ – ਨਾਲ ਪ੍ਰਸਿੱਧ ਲੇਖਕ , ਪੁਸਤਕ ਪ੍ਰੇਮੀ , ਸਾਹਿਤਕਾਰ , ਪੱਤਰਕਾਰ , ਸਮਾਜ ਸੇਵੀ , ਕਲਾਕਾਰ , ਵਾਤਾਵਰਣ ਤੇ ਪੰਛੀ ਪ੍ਰੇਮੀ ਵੀ ਹਨ ਤੇ ਕਈ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਨਾਲ ਜੁੜੇ ਹੋਏ ਹਨ।ਆਸਰਾ ਫਾਊਂਡੇਸ਼ਨ ( ਰਜਿ: ) ਸ੍ਰੀ ਅਨੰਦਪੁਰ ਸਾਹਿਬ, ਸਿੱਖ ਮਿਸ਼ਨਰੀ ਕਾਲਜ ( ਰਜਿ:) ਸ੍ਰੀ ਅਨੰਦਪੁਰ ਸਾਹਿਬ , ਰਾਮਾਡਰਾਮੈਟਿਕ ਕਲੱਬ ( ਰਜਿ:) ਗੰਗੂਵਾਲ , ਭਾਰਤ ਸਰਕਾਰ ਦੇ ਅਦਾਰੇ ਨੈਸ਼ਨਲ ਬੁੱਕ ਟਰੱਸਟ ਆੱਫ ਇੰਡੀਆ ਨਵੀਂ ਦਿੱਲੀ , ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ , ਸਾਹਿਤਕ ਕਲੱਬਾਂ ਤੇ ਗਰੁੱਪਾਂ , ਸਾਹਿਤ ਕਲਸ਼ , ਰੇਡੀਓ ਪ੍ਰੋਗਰਾਮਾਂ , ਰੇਡੀਓ ਚੰਨ ਪਰਦੇਸੀ , ਭਾਸ਼ਾ ਵਿਭਾਗ ਪੰਜਾਬ ਆਦਿ ਨਾਲ ਵੀ ਜੁੜੇ ਹੋਏ ਹਨ। ਅਜਿਹੀ ਮਾਣਮੱਤੀ ਸ਼ਖ਼ਸੀਅਤ ‘ਤੇ ਪਿੰਡ ਅਤੇ ਇਲਾਕਾ ਵਾਸੀਆਂ ਨੂੰ ਬਹੁਤ ਮਾਣ ਹੈ। ਇਸ ਸਭ ਦੇ ਲਈ ਮਾਸਟਰ ਸੰਜੀਵ ਧਰਮਾਣੀ ਨੇ ਆਪਣੇ ਪਰਿਵਾਰ , ਆਪਣੇ ਹਿਤੈਸ਼ੀਆਂ , ਆਪਣੇ ਪਿਆਰੇ ਪਾਠਕਾਂ ਤੇ ਸਰੋਤਿਆਂ , ਆਪਣੇ ਅਧਿਆਪਕ ਸਾਥੀਆਂ , ਦੋਸਤਾਂ , ਆਪਣੇ ਵਿਦਿਆਰਥੀਆਂ , ਆਪਣੇ ਗੁਰੂਜਨਾਂ / ਅਧਿਆਪਕਾਂ ਦੇ ਪਿਆਰ , ਆਸ਼ੀਰਵਾਦ ਅਤੇ ਹੌਸਲਾ ਅਫ਼ਜ਼ਾਈ ਲਈ ਉਨ੍ਹਾਂ ਦਾ ਦਿਲੋਂ ਧੰਨਵਾਦ ਕੀਤਾ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly