ਚੇਨੱਈ (ਸਮਾਜ ਵੀਕਲੀ): ਡੀਐੱਮਕੇ ਆਗੂ ਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ.ਸਟਾਲਿਨ ਨੂੰ ਅੱਜ ਸਰਬਸੰਮਤੀ ਨਾਲ ਪਾਰਟੀ ਪ੍ਰਧਾਨ ਚੁਣ ਲਿਆ ਗਿਆ। ਪਾਰਟੀ ਦੀ ਨਵਗਠਿਤ ਜਨਰਲ ਕੌਂਸਲ ਨੇ ਸਟਾਲਿਨ ਨੂੰ ਬਿਨਾਂ ਮੁਕਾਬਲਾ ਡੀਐੱਮਕੇ ਦਾ ਪ੍ਰਧਾਨ ਐਲਾਨ ਦਿੱਤਾ। ਇਸੇ ਤਰ੍ਹਾਂ ਪਾਰਟੀ ਦੇ ਬਜ਼ੁਰਗ ਆਗੂਆਂ ਦੁਰੱਈਮੁਰੂਗਨ ਤੇ ਟੀ.ਆਰ.ਬਾਲੂ ਨੂੰ ਸਰਬਸੰਮਤੀ ਨਾਲ ਕ੍ਰਮਵਾਰ ਜਨਰਲ ਸਕੱਤਰ ਤੇ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ। ਇਹ ਤਿੰਨੋਂ ਆਗੂ ਆਪੋ-ਆਪਣੇ ਅਹੁਦਿਆਂ ’ਤੇ ਦੂਜੀ ਵਾਰ ਚੁਣੇ ਗਏ ਹਨ। ਇਸ ਤੋਂ ਪਹਿਲਾਂ ਪਾਰਟੀ ਦੀ ਜਨਰਲ ਕੌਂਸਲ ਮੀਟਿੰਗ ’ਚ ਪੁੱਜੇ ਮੁੱਖ ਮੰਤਰੀ ਸਟਾਲਿਨ ਦਾ ਪਾਰਟੀ ਵਰਕਰਾਂ ਨੇ ਪੂਰੇ ਜੋਸ਼ ਨਾਲ ਸਵਾਗਤ ਕੀਤਾ।
ਪਾਰਟੀ ਦੇ ਸਤਿਕਾਰਯੋਗ ਆਗੂ ਤੇ ਸਾਬਕਾ ਮੁੱਖ ਮੰਤਰੀ ਮਰਹੂਮ ਐੱਮ.ਕਰੁਣਾਨਿਧੀ ਦੇ ਛੋਟੇ ਪੁੱਤਰ ਸਟਾਲਿਨ (69) ਪਾਰਟੀ ਵਿੱਚ ਖ਼ਜ਼ਾਨਚੀ ਤੇ ਯੁਵਾ ਵਿੰਗ ਦੇ ਸਕੱਤਰ ਦੇ ਅਹੁਦਿਆਂ ’ਤੇ ਵੀ ਰਹੇ ਹਨ। ਸਟਾਲਿਨ 2018 ਵਿੱਚ ਕਰੁਣਾਨਿਧੀ ਦੇ ਅਕਾਲ ਚਲਾਣੇ ਮਗਰੋਂ ਸਰਬਸੰਮਤੀ ਨਾਲ ਪਾਰਟੀ ਪ੍ਰਧਾਨ ਚੁਣੇ ਗਏ ਸਨ। ਸਟਾਲਿਨ ਆਪਣੇ ਪਿਤਾ ਮਗਰੋਂ ਪਾਰਟੀ ਦੇ ਦੂਜੇ ਪ੍ਰਧਾਨ ਹਨ। ਕਰੁਣਾਨਿਧੀ 1969 ਵਿੱਚ ਡੀਐੱਮਕੇ ਦੇ ਪਹਿਲੇ ਪ੍ਰਧਾਨ ਬਣੇ ਸਨ ਅਤੇ ਉਦੋਂ ਇਹ ਪਹਿਲੀ ਵਾਰ ਸੀ ਜਦੋਂ ਪਾਰਟੀ ਵਿੱਚ ਪ੍ਰਧਾਨ ਦਾ ਅਹੁਦਾ ਸਿਰਜਿਆ ਗਿਆ ਸੀ। ਦਰਾਵਿੜ ਅੰਦੋਲਨ ਦੇ ਚਿਹਰੇ ਮੋਹਰੇ ਤੇ ਡੀਐੱਮਕੇ ਦੇ ਬਾਨੀ ਸੀ.ਐੱਨ.ਅੰਨਾਦੁਰੱਈ 1969 ਵਿੱਚ ਆਪਣੇ ਅਕਾਲ ਚਲਾਣੇ ਤੱਕ ਪਾਰਟੀ ਦੇ ਜਨਰਲ ਸਕੱਤਰ ਰਹੇ। ਡੀਐੱਮਕੇ 1949 ਵਿੱਚ ਹੋਂਦ ’ਚ ਆਈ ਸੀ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly