(ਸਮਾਜ ਵੀਕਲੀ)
ਪੰਜਾਬੀ ਸ਼ਬਦਾਵਲੀ ਦੇ ਅੰਤ ਵਿਚ ‘ਐੜੇ’ ਅਤੇ ‘ਈੜੀ’ ਅੱਖਰਾਂ ਦੀ ਸਥਿਤੀ:
“”””””””””””””””””””””””””””””””””””””””””””””””””””””””””””””””””””””””””””””””””””
ਹਿੰਦੀ/ਸੰਸਕ੍ਰਿਤ ਭਾਸ਼ਾਵਾਂ ਦੇ ਕੁਝ ਸ਼ਬਦ ਅਜਿਹੇ ਹਨ ਜਿਨ੍ਹਾਂ ਦੇ ਅੰਤ ਵਿੱਚ ਵ ਅੱਖਰ ਪਾਏ ਜਾਣ ਨਾਲ਼ ਉਹ ਨਾਂਵ-ਸ਼ਬਦ ਦਾ ਰੂਪ ਧਾਰ ਲੈਂਦੇ ਹਨ, ਜਿਵੇਂ: ਬਦਲਾਵ, ਛਿੜਕਾਵ, ਦਬਾਵ, ਬਚਾਵ ਆਦਿ। ਪੰਜਾਬੀ ਵਿੱਚ ਪਹਿਲਾਂ-ਪਹਿਲ ਅਜਿਹੇ ਸ਼ਬਦਾਂ ਨੂੰ ਵਾਵੇ ਦੀ ਥਾਂ ਊੜੇ ਨੂੰ ਔਂਕੜ ਪਾ ਕੇ, ਜਿਵੇਂ: ਬਦਲਾਵ ਨੂੰ ਬਦਲਾਉ, ਛਿੜਕਾਵ ਨੂੰ ਛਿੜਕਾਉ, ਦਬਾਵ ਨੂੰ ਦਬਾਉ ਬਚਾਵ ਨੂੰ ਬਚਾਉ ਜਾਂ ਊੜੇ ਦਾ ਮੂੰਹ ਖੁੱਲ੍ਹਾ ਰੱਖ ਕੇ ਹੀ ਕੰਮ ਸਾਰ ਲਿਆ ਜਾਂਦਾ ਸੀ। ਕਈ ਤਾਂ ਅਜਿਹੇ ਸ਼ਬਦਾਂ ਨੂੰ ਹਿੰਦੀ ਵਾਂਗ ਅੰਤ ਵਿੱਚ ਵ ਅੱਖਰ ਪਾ ਕੇ ਹੀ ਲਿਖ ਦਿਆ ਕਰਦੇ ਸਨ।
ਪਰ “ਪੰਜਾਬੀ ਸ਼ਬਦ-ਰੂਪ ਅਤੇ ਸ਼ਬਦ-ਜੋੜ ਕੋਸ਼” ਦੇ ਆ ਜਾਣ ਉਪਰੰਤ ਇਹ ਪਿਰਤ ਹੁਣ ਬੰਦ ਹੋ ਗਈ ਹੈ। ਇਸ ਕੋਸ਼ ਨੇ ਸਾਨੂੰ ਦੱਸਿਆ ਹੈ ਕਿ ਜਿੱਥੇ ਵੀ ਅਜਿਹੇ ਢੰਗ ਨਾਲ਼ ਬਣੇ ਕਿਸੇ ਨਾਂਵ-ਸ਼ਬਦ ਨੂੰ ਲਿਖਣ ਦੀ ਨੌਬਤ ਆਉਂਦੀ ਹੈ, ਉੱਥੇ ਨਾ ਤਾਂ ਸ਼ਬਦ ਦੇ ਅੰਤ ਵਿੱਚ ਵਾਵਾ ਅੱਖਰ ਹੀ ਪਾਇਆ ਜਾਣਾ ਹੈ, ਨਾ ਊੜੇ ਦਾ ਮੂੰਹ ਖੁੱਲ੍ਹਾ ਰੱਖਿਆ ਜਾਣਾ ਹੈ ਅਤੇ ਨਾ ਹੀ ਊੜੇ ਨੂੰ ਔਂਕੜ ਹੀ ਪਾਇਆ ਜਾਣਾ ਹੈ। ਅਜਿਹੀ ਹਾਲਤ ਵਿੱਚ ਸ਼ਬਦ ਦੇ ਅੰਤ ਵਿੱਚ ਹਮੇਸ਼ਾਂ ‘ਐੜਾ’ ਮੁਕਤਾ (ਅ) ਹੀ ਪਾਉਣਾ ਹੈ, ਜਿਵੇਂ ਬਦਲਾਉਣਾ ਤੋਂ ਬਦਲਾਅ, ਛਿੜਕਾਉਣਾ ਤੋਂ ਛਿੜਕਾਅ, ਦਬਾਉਣਾ ਤੋਂ ਦਬਾਅ ਅਤੇ ਬਚਾਉਣਾ ਤੋਂ ਬਚਾਅ ਆਦਿ।
ਇਸ ਸੰਬੰਧ ਵਿੱਚ ਤ੍ਰਾਸਦੀ ਇਹ ਹੈ ਕਿ ਬਹੁਤ ਸਾਰੇ ਲੋਕ ਅਜੇ ਵੀ ਇਹਨਾਂ ਸ਼ਬਦਾਂ ਦੇ ਅੰਤ ਵਿੱਚ ਊੜੇ ਨੂੰ ਔਂਕੜ (ਉ) ਪਾ ਕੇ ਜਾਂ ਹਿੰਦੀ ਭਾਸ਼ਾ ਦੇ ਵਿਆਕਰਨਿਕ ਨਿਯਮਾਂ ਅਨੁਸਾਰ ਵ ਅੱਖਰ ਪਾ ਕੇ ਹੀ ਲਿਖੀ ਜਾ ਰਹੇ ਹਨ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹਰ ਭਾਸ਼ਾ ਦੇ ਵਿਆਕਰਨਿਕ ਨਿਯਮ ਉਸ ਦੇ ਆਪਣੇ ਉਚਾਰਨ, ਮੁਹਾਂਦਰੇ ਅਤੇ ਮੁਹਾਵਰੇ ਅਨੁਸਾਰ ਹੀ ਘੜੇ ਗਏ ਹੁੰਦੇ ਹਨ। ਇਹਨਾਂ ਨਿਯਮਾਂ ਉੱਤੇ ਅਮਲ ਕਰ ਕੇ ਹੀ ਅਸੀਂ ਕਿਸੇ ਭਾਸ਼ਾ ਦੇ ਲਿਖਤੀ ਰੂਪ ਵਿੱਚ ਇਕਸਾਰਤਾ ਲਿਆ ਸਕਦੇ ਹਾਂ। ਸੋ, ਪੰਜਾਬੀ ਭਾਸ਼ਾ ਵਿੱਚ ਇਕਸਾਰਤਾ ਸੁੰਦਰਤਾ ਅਤੇ ਸੁਚੱਜਤਾ ਲਿਆਉਣ ਦੀ ਖ਼ਾਤਰ ਸਾਨੂੰ ਪੰਜਾਬੀ ਭਾਸ਼ਾ ਦੇ ਵਿਆਕਰਨਿਕ ਨਿਯਮਾਂ ਉੱਤੇ ਪੂਰੀ ਤਨਦੇਹੀ ਨਾਲ਼ ਪਹਿਰਾ ਦੇਣ ਦੀ ਲੋੜ ਹੈ।
ਸੋ, ਇਸ ਨਿਯਮ ਸੰਬੰਧੀ ਯਾਦ ਰੱਖਣ ਵਾਲੀ ਪਹਿਲੀ ਗੱਲ ਤਾਂ ਉੱਪਰ ਲਿਖੀ ਹੀ ਜਾ ਚੁੱਕੀ ਹੈ ਕਿ ਅਜਿਹੇ ਹਿੰਦੀ/ਸੰਸਕ੍ਰਿਤ ਭਾਸ਼ਾਵਾਂ ਵਿਚਲੇ ਨਾਂਵ-ਸ਼ਬਦਾਂ ਦੇ ਪਿੱਛੇ ਲੱਗਿਆ ਵ ਅੱਖਰ ਪੰਜਾਬੀ ਵਿੱਚ ਐੜਾ ਮੁਕਤਾ ਵਿੱਚ ਬਦਲ ਜਾਂਦਾ ਹੈ। ਦੂਜੀ ਗੱਲ ਇਹ ਹੈ ਕਿ ਜੇਕਰ ਅਸੀਂ ਊੜੇ ਅੱਖਰ ਦਾ ਮੂੰਹ ਖੁੱਲ੍ਹਾ ਰੱਖਦੇ ਹਾਂ ਤਾਂ ਇਹਨਾਂ ਨਾਂਵ-ਸ਼ਬਦਾਂ ਦੇ ਕਿਰਿਆ-ਸ਼ਬਦਾਂ ਵਿੱਚ ਬਦਲ ਜਾਣ ਦਾ ਡਰ ਹੈ, ਜਿਵੇਂ: ਦਬਾਓ (ਕਿਸੇ ਚੀਜ਼ ਨੂੰ ਦਬਾਉਣ ਦੀ ਕਿਰਿਆ), ਬਚਾਓ (ਬੱਚਤ ਕਰਨੀ ਜਾਂ ਕਿਸੇ ਖ਼ਤਰੇ ਆਦਿ ਤੋਂ ਬਚਾਉਣ ਦੀ ਕਿਰਿਆ) ਅਤੇ ਛਿੜਕਾਓ (ਪਾਣੀ ਜਾਂ ਕੋਈ ਦਵਾਈ ਆਦਿ ਛਿੜਕਾਉਣਾ)।
ਤੀਜੀ ਗੱਲ ਇਹ ਹੈ ਕਿ ਜੇਕਰ ਅਸੀਂ ਆਖ਼ਰ ਵਿੱਚ ਆਏ ਊੜੇ ਨੂੰ ਔਂਕੜ (ਉ) ਪਾ ਕੇ ਲਿਖਦੇ ਹਾਂ ਤਾਂ ਇਸ ਸੰਬੰਧੀ ਅਸੀਂ ਇਸ ਲੇਖ- ਲੜੀ ਦੇ ਭਾਗ-੧ ਵਿੱਚ ਦੇਖ ਹੀ ਚੁੱਕੇ ਹਾਂ ਕਿ ਇੰਞ ਲਿਖਣਾ ਪੰਜਾਬੀ ਦੇ ਵਿਆਕਰਨਿਕ ਨਿਯਮਾਂ ਦੀ ਘੋਰ ਉਲੰਘਣਾ ਹੈ ਕਿਉਂਕਿ ਇਸ ਨਿਯਮ ਅਨੁਸਾਰ ਅਸੀਂ ਪੰਜਾਬੀ ਸ਼ਬਦਾਂ ਦੇ ਅਖੀਰ ਵਿਚ ਆਏ ਕੇਵਲ “ਇਉਂ, ਜਿਉਂ, ਕਿਉਂ, ਤਿਉਂ” ਚਾਰ ਸ਼ਬਦਾਂ ਨੂੰ ਹੀ ਊੜੇ ਨੂੰ ਔਂਕੜ ਪਾ ਕੇ ਲਿਖ ਸਕਦੇ ਹਾਂ, ਬਾਕੀ ਸਾਰੇ ਸ਼ਬਦ ਊੜੇ ਦਾ ਮੂੰਹ ਖੁੱਲ੍ਹਾ ਰੱਖ ਕੇ ਹੀ ਲਿਖਣੇ ਹਨ। ਸੋ, ਜਦੋਂ ਵੀ ਅਜਿਹੇ ਨਾਂਵ-ਸ਼ਬਦਾਂ ਨੂੰ ਲਿਖਣਾ ਹੋਵੇ ਤਾਂ ਕਦੇ ਵੀ ਇਹਨਾਂ ਸ਼ਬਦਾਂ ਨੂੰ ਹਿੰਦੀ ਭਾਸ਼ਾ ਦੀ ਰੀਸੇ ਅੰਤ ਵਿਚ ਵ ਅੱਖਰ ਪਾ ਕੇ ਜਾਂ ਊੜੇ ਦਾ ਮੂੰਹ ਖੁੱਲ੍ਹਾ ਰੱਖ ਕੇ ਨਹੀਂ ਲਿਖਣਾ ਸਗੋਂ ਅਜਿਹੇ ਸ਼ਬਦਾਂ ਦੇ ਅੰਤ ਵਿੱਚ ਐੜਾ (ਅ) ਅੱਖਰ ਪਾ ਕੇ ਹੀ ਲਿਖਣਾ ਹੈ।
ਹਾਂ, ਇਸ ਸੰਬੰਧ ਵਿਚ ਹੁਣ ਤੱਕ ਇੱਕ ਅਪਵਾਦ ਦੇਖਣ ਨੂੰ ਜ਼ਰੂਰ ਮਿਲ਼ਿਆ ਹੈ ਕਿ “ਘਿਰਾਓ” ਸ਼ਬਦ ਨੂੰ ਉਪਰੋਕਤ ਨਿਯਮਾਂ ਤੋਂ ਛੋਟ ਦਿੱਤੀ ਗਈ ਹੈ। ਉਹ ਵੀ ਸ਼ਾਇਦ ਇਸ ਕਾਰਨ ਕਿ ਇਸ ਸ਼ਬਦ ਦੇ ਅਖੀਰ ਵਿੱਚ ਊੜੇ ਦਾ ਮੂੰਹ ਖੁੱਲ੍ਹਾ ਰੱਖਣ ਨਾਲ਼ ਇਹ ਸ਼ਬਦ ਕਿਰਿਆ-ਰੂਪ ਇਖ਼ਤਿਆਰ ਨਹੀਂ ਕਰਦਾ ਸਗੋਂ ਨਾਂਵ-ਸ਼ਬਦ ਹੀ ਰਹਿੰਦਾ ਹੈ। ਇਸ ਦੇ ਕਿਰਿਆ ਰੂਪ ਘੇਰੋ, ਘੇਰਨਾ, ਘੇਰਿਆ ਆਦਿ ਸ਼ਬਦ ਹਨ। ਹੋ ਸਕਦਾ ਹੈ ਕਿ ਇਹੋ-ਜਿਹੇ ਇੱਕਾ- ਦੁੱਕਾ ਕੁਝ ਹੋਰ ਸ਼ਬਦ ਵੀ ਹੋਣ ਪਰ ਅਜਿਹੀ ਸੰਭਾਵਨਾ ਬਹੁਤ ਘੱਟ ਹੈ।
ਇਸ ਸੰਬੰਧ ਵਿੱਚ ਸ਼ਬਦਾਂ ਦੇ ਅੰਤ ਵਿੱਚ ਅ ਮੁਕਤਾ ਨਾਲ਼ ਲਿਖੇ ਜਾਣ ਵਾਲ਼ੇ ਨਾਂਵ-ਸ਼ਬਦਾਂ ਦੀਆਂ ਕੁਝ ਹੋਰ ਉਦਾਹਰਨਾਂ ਹੇਠ ਲਿਖੇ ਅਨੁਸਾਰ ਹਨ:
ਉਪਾਅ, ਝੁਕਾਅ, ਢੁਕਾਅ, ਨਿਭਾਅ, ਸੁਭਾਅ, ਟਿਕਾਅ, ਰੱਖ- ਰਖਾਅ, ਫੜ-ਫੜਾਅ, ਠਹਿਰਾਅ, ਰਿਸਾਅ, ਲੁਕਾਅ, ਛਿਪਾਅ, ਵਹਾਅ, ਪ੍ਰਗਟਾਅ, ਚਾਅ, ਜੀਅ, ਲੋਅ, ਉਤਰਾਅ, ਚੜ੍ਹਾਅ,ਅਕੜਾਅ, ਅਟਕਾਅ, ਸੁਝਾਅ, ਸਰਾਂਅ (ਬਹੁਵਚਨ ਸਰਾਵਾਂ), ਵਧਾਅ-ਘਟਾਅ, ਕੰਬੋਅ (ਕੰਬੋਜ), ਫੈਲਾਅ, ਲਮਕਾਅ, ਲਿਖ-ਲਿਖਾਅ, ਖਿਚਾਅ, ਘੁਮਾਅ, ਪਘਰਾਅ (ਪੱਘਰ ਤੋਂ ਬਣਿਆ), ਜਮਾਅ, ਗਰਾਂਅ (ਪਿੰਡ), ਲਗਾਅ ਆਦਿ।
ਉਪਰੋਕਤ ਉਦਾਹਰਨਾਂ ਅਨੁਸਾਰ ਅਸੀਂ ਦੇਖਦੇ ਹਾਂ ਕਿ ਕਈ ਵਾਰ ਸ਼ਬਦਾਂ ਦੇ ਅੰਤ ਵਿਚ ਲੱਗੀਆਂ ਵ ਤੋਂ ਬਿਨਾਂ ਜ ਜਾਂ ਯ ਆਦਿ ਧੁਨੀਆਂ ਵੀ ਅ ਧੁਨੀ ਦੇ ਰੂਪ ਵਿੱਚ ਬਦਲ ਜਾਂਦੀਆਂ ਹਨ। ਕਈ ਵਾਰ ਦੇਖਣ ਵਿੱਚ ਇਹ ਗੱਲ ਵੀ ਆਈ ਹੈ ਕਿ ਕੁਝ ਲੋਕ ਉਪਰੋਕਤ ਅ-ਅੰਤਿਕ ਨਾਂਵ-ਸ਼ਬਦਾਂ ਨੂੰ ਕਿਰਿਆ-ਸ਼ਬਦਾਂ ਦੀ ਥਾਂ ‘ਤੇ ਵਰਤਣਾ ਸ਼ੁਰੂ ਕਰ ਦਿੰਦੇ ਹਨ ਜੋਕਿ ਸਰਾਸਰ ਗ਼ਲਤ ਰੁਝਾਨ ਹੈ। ਉਦਾਹਰਨ ਦੇ ਤੌਰ ‘ਤੇ “ਨਿਭਾ ਰਿਹਾ” ਨੂੰ “ਨਿਭਾਅ ਰਿਹਾ”, “ਫੈਲਾ ਰਿਹਾ” ਨੂੰ “ਫੈਲਾਅ ਰਿਹਾ” ਅਤੇ “ਬਚਾ ਰਿਹਾ” ਨੂੰ “ਬਚਾਅ ਰਿਹਾ” ਦੇ ਤੌਰ ‘ਤੇ ਲਿਖਣਾ ਪੂਰੀ ਤਰ੍ਹਾਂ ਗ਼ਲਤ ਹੈ। ਪੰਜਾਬੀ ਵਿੱਚ ਲਿਖਣ ਵੇਲ਼ੇ ਸਾਨੂੰ ਅਜਿਹੀਆਂ ਕੁਤਾਹੀਆਂ ਤੋਂ ਬਚਣ ਦੀ ਲੋੜ ਹੈ।
ਜਿਨ੍ਹਾਂ ਸ਼ਬਦਾਂ ਪਿੱਛੇ ‘ਅ’ ਮੁਕਤਾ ਪਾਉਣ ਦੀ ਲੋੜ ਨਹੀਂ ਹੈ:
“””””””””””””””””””””””””””””””””””””””””””””””””””””””””””””””””””
ਉਪਰੋਕਤ ਤੋਂ ਬਿਨਾਂ ਪੰਜਾਬੀ ਦੇ ਕੁਝ ਸ਼ਬਦ ਅਜਿਹੇ ਵੀ ਹਨ ਜਿਨ੍ਹਾਂ ਦੇ ਅੰਤ ਵਿਚ ਅ ਮੁਕਤਾ ਪਾ ਕੇ ਲਿਖਣ ਦੀ ਲੋੜ ਨਹੀਂ ਹੈ ਪਰ ਅਸੀਂ ਖ਼ਾਹ- ਮਖ਼ਾਹ ਹੀ ਉਹਨਾਂ ਸ਼ਬਦਾਂ ਦੇ ਅੰਤ ਵਿੱਚ ਵੀ ਅ ਮੁਕਤਾ ਪਾ ਕੇ ਲਿਖੀ ਜਾ ਰਹੇ ਹਾਂ, ਜਿਵੇਂ: ਤੈ (ਮਸਲਾ ਤੈ ਹੋਣਾ), ਖੌ (ਹੱਡਾਂ ਦਾ ਖੌ), ਭੈ (ਡਰ), ਭੌਂ (ਜ਼ਮੀਨ ਨੂੰ ਭੋਂ ਜਾਂ ਭੋਇੰ ਲਿਖਣਾ ਗ਼ਲਤ ਹੈ), ਕਨਸੋ (ਬਹੁਵਚਨ= ਕਨਸੋਆਂ), ਚੋ (ਕਿਰਿਆ ਅਤੇ ਨਾਂਵ; ਬਹੁਵਚਨ=ਚੋਆਂ), ਲੈ (ਸੁਰ-ਤਾਲ; ਬਹੁਵਚਨ= ਲੈਆਂ), ਰੌ (ਰੌਆਂ), ਕੈ (ਕੈਆਂ), ਸ਼ੈ (ਸ਼ੈਆਂ), ਸ਼ੋ (ਬਹੁਵਚਨ=ਸ਼ੋਆਂ; ਸ਼ੋ-ਕੇਸ, ਸ਼ੋ-ਰੂਮ, ਸ਼ੋ-ਪੀਸ ਆਦਿ), ਗੌਂ (ਗੌਂਆਂ), ਜੋ (ਹਲ਼ ਜੋਣਾ), ਢੋ (ਢੋ ਲਾਉਣੀ), ਬੈ (ਵੇਚਣ ਦਾ ਭਾਵ), ਖ਼ੁੁਸ਼ਬੋ (ਖ਼ੁਸ਼ਬੂ ਲਿਖਣਾ ਗ਼ਲਤ ਹੈ) ਆਦਿ।
ਦਾ,ਦੇ ਅਤੇ ਦਾਅ,ਦੇਅ ਸ਼ਬਦਾਂ ਵਿੱਚ ਵਖਰੇਵਾਂ ਪਾਉਣ ਲਈ ‘ਅ’ ਦੀ ਵਰਤੋਂ:
“”””””””””””””””””””””””””””””””””””””””””””””””””””””””””””””””””””””””””””””””””””
ਉਪਰੋਕਤ ਤੋਂ ਬਿਨਾਂ ਕੁਝ ਸ਼ਬਦ ਅਜਿਹੇ ਵੀ ਹਨ ਜਿਨ੍ਹਾਂ ਨੂੰ ਉਹਨਾਂ ਨਾਲ ਰਲਦੇ-ਮਿਲਦੇ ਕੁਝ ਸ਼ਬਦਾਂ ਤੋਂ ਵਖਰਿਆਉਣ ਲਈ ਸ਼ਬਦਾਂ ਦੇ ਅੰਤ ਵਿੱਚ ‘ਐੜਾ’ ਅੱਖਰ ਲਾਇਆ ਗਿਆ ਹੈ, ਜਿਵੇਂ: ਦਾਅ (ਢੰਗ, ਚਾਲ) ਅਤੇ ਦੇਅ (ਰਾਖਸ਼) ਸ਼ਬਦਾਂ ਨੂੰ ਦਾ ਅਤੇ ਦੇ ਸੰਬੰਧਕ-ਸ਼ਬਦਾਂ ਤੋਂ ਵਖਰਿਆਉਣ ਲਈ ਉਪਰੋਕਤ ਸ਼ਬਦਾਂ (ਦਾਅ ਅਤੇ ਦੇਅ) ਦੇ ਪਿੱਛੇ ਅ ਮੁਕਤਾ ਲਾਇਆ ਗਿਆ ਹੈ।
ਪੰਜਾਬੀ ਵਿੱਚ ਅੈੜੇ ਅੱਖਰ ਨਾਲ਼ ਦਸਾਂ ਵਿੱਚੋਂ ਕੁੱਲ ਚਾਰ ਲਗਾਂ: ਮੁਕਤਾ, ਕੰਨਾ, ਦੁਲਾਵਾਂ ਅਤੇ ਕਨੌੜਾ ਲੱਗਦੀਆਂ ਹਨ ਅਤੇ ਈੜੀ ਨਾਲ਼ ਸਿਹਾਰੀ, ਬਿਹਾਰੀ ਅਤੇ ਲਾਂ।
ਸ਼ਬਦਾਂ ਦੇ ਅੰਤ ਵਿੱਚ ਆਈ ‘ਈੜੀ’ (ੲ) ਨੂੰ ਲਾਂ ਜਾਂ ਸਿਹਾਰੀ ਕਦੋਂ ਪਾਈਏ?
“””””””””””””””””””””””””””””””””””””””””””””””””””””””””””””””””””””””””””””””””””
ਜਿੱਥੋਂ ਤੱਕ ‘ਈੜੀ’ ਅੱਖਰ ਦਾ ਸੰਬੰਧ ਹੈ, ਪਹਿਲੇ ਸਮਿਆਂ ਵਿੱਚ ਆਮ ਤੌਰ ‘ਤੇ ਸ਼ਬਦਾਂ ਦੇ ਅੰਤ ਵਿੱਚ ਲੱਗੀ ਈੜੀ ਨਾਲ਼ ਬਣੇ ਸ਼ਬਦਾਂ: ਰਾਏ (ਬਹੁਵਚਨ=ਰਾਵਾਂ), ਬਜਾਏ, ਬਰਾਏ (ਬਰਾਏ ਮਿਹਰਬਾਨੀ) ਆਦਿ ਨੂੰ ਸਿਹਾਰੀ ਪਾ ਕੇ ਅਰਥਾਤ ਰਾਇ, ਬਜਾਇ, ਬਰਾਇ ਆਦਿ ਹੀ ਲਿਖਿਆ ਜਾਂਦਾ ਸੀ ਪਰ ਹੁਣ ਇਹ ਨਿਯਮ ਬਦਲ ਚੁੱਕੇ ਹਨ ਅਤੇ ਅਜਿਹੇ ਸ਼ਬਦਾਂ ਦੇ ਅੰਤ ਵਿੱਚ ਆਈ ਈੜੀ ਨੂੰ ਲਾਂ ਦੀ ਮਾਤਰਾ ਪਾ ਕੇ ਹੀ ਲਿਖਿਆ ਜਾਣਾ ਹੈ। ਹਾਏ, ਓਏ ਆਦਿ ਸ਼ਬਦ ਵੀ ਈੜੀ ਨੂੰ ਲਾਂ ਪਾ ਕੇ ਹੀ ਲਿਖਣੇ ਹਨ, ਸਿਹਾਰੀ ਨਾਲ਼ ਨਹੀਂ। ਹਾਂ, ਅਧਿਆਇ, ਪਰਿਆਇ (ਪਰਿਆਇਵਾਚੀ) ਆਦਿ ਕੁਝ ਇੱਕ ਸ਼ਬਦਾਂ ਨੂੰ ਪਰੰਪਰਾਗਤ ਢੰਗ ਨਾਲ਼ ਲਿਖਣ ਦੀ ਜ਼ਰੂਰ ਛੋਟ ਹੈ।
………………………
ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ. 98884-03052
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly