ਸ਼ੀਸ਼ੇ ਦੇ ਗਿਲਾਸ

(ਸਮਾਜ ਵੀਕਲੀ)

ਤੈਨੂੰ ਭੋਰਾ ਜਿਨਾ ਕਿਧਰੋਂ ਵੀ ਚਿੱਬ ਨਹੀਂ ਆਇਆ,
ਅਸੀਂ ਟੁੱਟ ਗਏ ਹਾਂ ਸ਼ੀਸ਼ੇ ਦੇ ਗਿਲਾਸ ਬਣ ਕੇ ।
ਥੱਕੇ ਜੁੱਸੇ ਵਿੱਚ ਲੱਗੇ ਬੁਝੇ ਦਿਲ ਵਾਂਗਰਾਂ ,
ਬੁਝੇ ਦਿਲ ਵਿੱਚ ਬੈਠੇ ਟੁੱਟੀ ਆਸ ਬਣ ਕੇ ।

ਖੜਾ ਹੋ ਕੇ ਤੂੰ ਕਿਨਾਰੇ ਤੇ ਤੂਫ਼ਾਨ ਵੇਖੀ ਜਾਵੇਂ ,
ਕਿਵੇਂ ਜਾਂਦੀ ਤੇਰੇ ਆਸ਼ਕਾਂ ਦੀ ਜਾਨ ਵੇਖੀ ਜਾਵੇਂ ,
ਅਸੀਂ ਵੇਖਿਆ ਨਾ ਚਿਰ ਹੋਇਆ ਚਿਹਰਾ ਹੱਸਦਾ ,
ਕਿਵੇਂ ਹੱਸ-ਹੱਸ ਯਾਰਾ ਤੂੰ ਜਹਾਨ ਵੇਖੀ ਜਾਵੇਂ ।
ਅੱਜ ਅਣਗੌਲ਼ੇ ਹੋਏ ਤੇਰੇ ਰਾਹਾਂ ਦੇ ਸ਼ੁਦਾਈ ,
ਕਦੀ ਰਹਿੰਦੇ ਸਾਂ ਨਿਗਾਹਾਂ ਵਿੱਚ ਖਾਸ ਬਣ ਕੇ ।
ਤੈਨੂੰ ਭੋਰਾ ਜਿਨਾ———–
ਟੁੱਟੇ ਟਾਂਡੇ ਵਾਂਗੂੰ ਡਿੱਗੇ ਹਾਂ ਤੇ ਬੈਂਕ ਵਾਂਗੂੰ ਲੁੱਟੇ ,
ਪੀੜੇ ਚਾਅ ਗੰਨੇ ਵਾਂਗੂੰ ,ਅਸੀਂ ਝੋਰਿਆਂ ਨੇ ਘੁੱਟੇ ,
ਤੈਨੂੰ ਠੰਡੀਆਂ ਹਵਾਵਾਂ ,ਇਹ ਬਾਗ਼ ਤੇ ਬਹਾਰਾਂ ,
ਅਸੀਂ ਫੁੱਲਾਂ ਨਾਲੋਂ ਸੋਹਲ ਕਿਉਂ ਥਲਾਂ ਵਿੱਚ ਸੁੱਟੇ ।
ਉੱਠੇ ਦਿਲ ਵਿੱਚੋਂ ਲਾਵਾ ,ਜਿਵੇਂ ਅੱਗ ਦੇ ਹੈ ਸ਼ੋਲੇ ,
ਕਦੀ ਠੰਡੇ ਠੰਡੇ ਜੰਮ ਗਏ ਸਵਾਸ ਬਣ ਕੇ ।
ਤੈਨੂੰ ਭੋਰਾ ਜਿਨਾ—–
ਇਉਂ ਚੰਦ ਜਿਹੇ ਮੁੱਖੜੇ ਦਾ ਤਾਰਾ ਅਸੀਂ ਲਾਹ ਕੇ ,
ਹਾਸੇ ਵਾਰ ਦਿੱਤੇ ਤੈਥੋਂ ,ਹੰਝੂ ਅੱਖਾਂ ਚ’ ਸਮਾਕੇ ,
ਗਿਲਾ ਅਜੇ ਵੀ ਬਥੇਰਾ ਤੈਨੂੰ ਸਾਡੇ ਉੱਤੇ ਹੋਣਾ ?
ਦੁੱਖ ਗੀਤਾਂ ਚ’ ਸੁਣਾਏ ਅਸੀਂ ਰੱਖੇ ਨਾ ਲੁਕਾ ਕੇ ।
ਕੀ ਕਰਦਾ ਵਿਯੋਗੀ” ਨਾ ਹੋਰ ਕੋਈ ਚਾਰਾ ?
ਰਹਿ ਗਈ ਜ਼ਿੰਦ ਸਾਡੀ, ਦੁੱਖਾਂ ਵਾਲੀ ਰਾਸ ਬਣ ਕੇ ।
ਤੈਨੂੰ ਭੋਰਾ ਜਿਨਾ ਕਿਧਰੋਂ ਵੀ ਚਿੱਬ ਨਹੀਂ ਆਇਆ ,
ਅਸੀਂ ਟੁੱਟ ਗਏ ਹਾਂ ਸ਼ੀਸ਼ੇ ਦੇ ਗਿਲਾਸ ਬਣ ਕੇ ।

ਬਿੱਕਰ ਸਿੰਘ ਵਿਯੋਗੀ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਕਵਿਤਾ