ਸ਼ਿਵ ਥਾਪਾ (63 ਕਿਲੋ), ਪੂਜਾ ਰਾਣੀ (75 ਕਿਲੋ) ਅਤੇ ਅਸ਼ੀਸ਼ (69 ਕਿਲੋ) ਓਲੰਪਿਕ ਟੈਸਟ ਮੁੱਕੇਬਾਜ਼ੀ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚ ਗਏ ਹਨ, ਜਦਕਿ ਚਾਰ ਭਾਰਤੀਆਂ ਨੂੰ ਕਾਂਸੀ ਦੇ ਤਗ਼ਮਿਆਂ ਨਾਲ ਸਬਰ ਕਰਨਾ ਪਿਆ। ਚਾਰ ਵਾਰ ਦੇ ਏਸ਼ਿਆਈ ਤਗ਼ਮਾ ਜੇਤੂ ਅਤੇ ਇਸ ਮਹੀਨੇ ਦੇ ਸ਼ੁਰੂ ਵਿੱਚ ਤੀਜਾ ਕੌਮੀ ਖ਼ਿਤਾਬ ਜਿੱਤਣ ਵਾਲੇ ਥਾਪਾ ਨੇ ਸੈਮੀ-ਫਾਈਨਲ ਦੇ ਸਵੇਰ ਦੇ ਸੈਸ਼ਨ ਵਿੱਚ ਜਾਪਾਨ ਦੇ ਦੇਈਸੁਕੇ ਨਾਰਿਮਾਤਸੂ ਨੂੰ ਸ਼ਿਕਸਤ ਦਿੱਤੀ।
ਏਸ਼ਿਆਈ ਖੇਡਾਂ ਦੀ ਕਾਂਸੀ ਦਾ ਤਗ਼ਮਾ ਜੇਤੂ ਰਾਣੀ ਨੇ ਬ੍ਰਾਜ਼ੀਲ ਦੀ ਬੀਟਰਿਜ਼ ਸੋਅਰਜ਼ ਨੂੰ ਬਹੁਸੰਮਤੀ ਵਾਲੇ ਫ਼ੈਸਲੇ ਨਾਲ ਮਾਤ ਦਿੱਤੀ। ਰਾਣੀ ਨੇ ਇਸ ਸਾਲ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਭਾਰਤੀ ਮੁੱਕੇਬਾਜ਼ੀ ਦੇ ਹਾਈ ਪਰਫਾਰਮੈਂਸ ਨਿਰਦੇਸ਼ਕ ਸੈਂਟਿਆਗੋ ਨੀਵਾ ਨੇ ਕਿਹਾ, ‘‘ਸ਼ਿਵ ਅਤੇ ਪੂਜਾ ਨੇ ਸਖ਼ਤ ਮੁਕਾਬਲਿਆਂ ਵਿੱਚ ਜਿੱਤ ਦਰਜ ਕੀਤੀ। ਦੋਵਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ।’’ ਸ਼ਾਮ ਦੇ ਸੈਸ਼ਨ ਵਿੱਚ ਅਸ਼ੀਸ਼ (69 ਕਿਲੋ) ਨੇ ਜਾਪਾਨ ਦੇ ਹਿਰੋਕੀ ਕਿੰਜਿਓ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ। ਮਹਿਲਾ ਵਰਗ ਵਿੱਚ ਸਾਬਕਾ ਵਿਸ਼ਵ ਜੂਨੀਅਰ ਚੈਂਪੀਅਨ ਨਿਖਤ ਜ਼ਰੀਨ (51 ਕਿਲੋ), ਸਿਰਮਨਜੀਤ ਕੌਰ (60 ਕਿਲੋ) ਅਤੇ ਪੁਰਸ਼ ਵਰਗ ਵਿੱਚ ਏਸ਼ਿਆਈ ਖੇਡਾਂ ਦੇ ਚਾਂਦੀ ਦਾ ਤਗ਼ਮਾ ਜੇਤੂ ਸੁਮਿਤ ਸਾਂਗਵਾਨ (91 ਕਿਲੋ) ਤੇ ਵਾਹਲਿੰਪੁਈਆ (75 ਕਿਲੋ) ਨੂੰ ਸੈਮੀ-ਫਾਈਨਲ ਵਿੱਚ ਹਾਰਨ ਮਗਰੋਂ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਇਹ ਸਾਰੇ ਮੁੱਕੇਬਾਜ਼ ਬਿਨਾਂ ਚੁਣੌਤੀ ਦਿੱਤੇ ਸੈਮੀ-ਫਾਈਨਲ ਤੱਕ ਪਹੁੰਚੇ ਸਨ, ਕਿਉਂਕਿ ਉਨ੍ਹਾਂ ਦੇ ਭਾਰ ਵਰਗ ਵਿੱਚ ਵਿਰੋਧੀ ਖਿਡਾਰੀ ਘੱਟ ਸਨ।ਜ਼ਰੀਨ ਨੂੰ ਜਾਪਾਨ ਦੀ ਸਨਾ ਕਾਵਾਨੋ ਤੋਂ ਹਾਰ ਮਿਲੀ, ਜਦਕਿ ਵਾਹਲਿੰਪੁਈਆ ਨੂੰ ਘਰੇਲੂ ਮਜ਼ਬੂਤ ਦਾਅਵੇਦਾਰ ਯੂਇਤੋ ਮੋਰੀਵਾਕੀ ਨੇ ਸ਼ਿਕਸਤ ਦਿੱਤੀ। ਸਾਂਗਵਾਨ ਨੂੰ ਕਜ਼ਾਖ਼ਸਤਾਨ ਦੇ ਐਬਕ ਓਰਲਬੇ ਨੇ ਹਰਾਇਆ, ਜਦਕਿ ਸਿਮਰਨਜੀਤ ਨੂੰ ਵੀ ਕਜਾਖ਼ਸਤਾਨ ਦੀ ਰਿੰਮਾ ਵੋਲੋਸੈਂਕੋ ਨੇ ਚਿੱਤ ਕੀਤਾ। ਨੀਵਾ ਨੇ ਕਿਹਾ, ‘‘ਸਾਡੇ ਮੁੱਕੇਬਾਜ਼ ਸਖ਼ਤ ਮੁਕਾਬਲੇ ਵਿੱਚ ਹਾਰ ਗਏ, ਪਰ ਉਨ੍ਹਾਂ ਸਾਰਿਆਂ ਨੇ ਬਿਹਤਰੀਨ ਖੇਡ ਵਿਖਾਈ। ਮੈਨੂੰ ਲਗਦਾ ਹੈ ਕਿ ਨਿਖਤ ਜਾਂ ਹਰ ਕੋਈ ਤਕਨੀਕੀ ਤੌਰ ’ਤੇ ਹੀ ਬਿਹਤਰ ਪ੍ਰਦਰਸ਼ਨ ਕਰ ਸਕਦਾ ਸੀ, ਜੋ ਉਨ੍ਹਾਂ ਨੇ ਕੀਤਾ।’’
Sports ਸ਼ਿਵ ਥਾਪਾ ਸਣੇ ਤਿੰਨ ਮੁੱਕੇਬਾਜ਼ ਫਾਈਨਲ ’ਚ