ਸ਼ਿਵਕੁਮਾਰ ਨੂੰ ਮੁੰਬਈ ਪੁਲੀਸ ਨੇ ਜਬਰੀ ਬੰਗਲੌਰ ਦੇ ਜਹਾਜ਼ ’ਚ ਚੜ੍ਹਾਇਆ

ਮੁੰਬਈ: ਕਰਨਾਟਕ ਦੇ ਮੰਤਰੀ ਡੀ ਸ਼ਿਵਕੁਮਾਰ, ਕਾਂਗਰਸ ਆਗੂ ਮਿਲਿੰਦ ਦਿਉੜਾ ਅਤੇ ਨਸੀਮ ਖ਼ਾਨ ਨੂੰ ਬੁੱਧਵਾਰ ਨੂੰ ਉਸ ਆਲੀਸ਼ਾਨ ਹੋਟਲ ਦੇ ਬਾਹਰੋਂ ਹਿਰਾਸਤ ’ਚ ਲੈ ਲਿਆ ਗਿਆ ਜਿਥੇ ਬਾਗ਼ੀ ਵਿਧਾਇਕ ਠਹਿਰੇ ਹੋਏ ਹਨ। ਪੁਲੀਸ ਨੇ ਹੋਟਲ ਦੇ ਬਾਹਰ ਦਫ਼ਾ 144 ਲਾਗੂ ਕਰ ਦਿੱਤੀ ਹੈ। ਬਾਅਦ ’ਚ ਪੁਲੀਸ ਨੇ ਉਨ੍ਹਾਂ ਨੂੰ ਛੱਡ ਦਿੱਤਾ ਪਰ ਜਬਰੀ ਬੰਗਲੌਰ ਦੇ ਜਹਾਜ਼ ’ਚ ਬਿਠਾ ਦਿੱਤਾ। ਸ਼ਿਵਕੁਮਾਰ ਨੇ ਕਿਹਾ ਕਿ ਭਾਜਪਾ ਵੱਲੋਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਅਮਨ ਕਾਨੂੰਨ ਦੀ ਹਾਲਤ ’ਚ ਕੋਈ ਰੋੜਾ ਨਹੀਂ ਪਾਉਣਾ ਚਾਹੁੰਦੇ ਜਿਸ ਕਾਰਨ ਉਹ ਬੰਗਲੌਰ ਪਰਤ ਰਹੇ ਹਨ। ਇਸ ਤੋਂ ਪਹਿਲਾਂ ਕਾਂਗਰਸ ਦੇ ਸੰਕਟਮੋਚਕ ਮੰਨੇ ਜਾਂਦੇ ਸ਼ਿਵਕੁਮਾਰ ਸਵੇਰ ਤੋਂ ਪਵਈ ਦੇ ਰੈਨੇਸਾਂ ਹੋਟਲ ਦੇ ਬਾਹਰ ਡੇਰਾ ਜਮਾਈ ਬੈਠੇ ਸਨ। ਉਹ ਬਾਗ਼ੀ ਵਿਧਾਇਕਾਂ ਨਾਲ ਮੁਲਾਕਾਤ ਕਰਨ ’ਤੇ ਅੜੇ ਰਹੇ। ਹੋਟਲ ਦੇ ਬਾਹਰ ਸੁਰੱਖਿਆ ਕਰਮੀਆਂ, ਕੈਮਰਾਮੈਨਾਂ, ਮੀਡੀਆ ਕਰਮੀਆਂ ਅਤੇ ਸਿਆਸੀ ਸਮਰਥਕਾਂ ਵਿਚਕਾਰ ਧੱਕਾ-ਮੁੱਕੀ ਹੋਈ। ਇਕ ਹੋਰ ਗੁੱਟ ਨੇ ‘ਸ਼ਿਵਕੁਮਾਰ ਵਾਪਸ ਜਾਓ’ ਜਿਹੇ ਨਾਅਰੇ ਲਾਏ ਅਤੇ ਕੁਝ ਵਿਅਕਤੀ ਹੋਟਲ ਦੇ ਉੱਚੇ ਗੇਟ ’ਤੇ ਚੜ੍ਹ ਗਏ। ਮੁੰਬਈ ਪੁਲੀਸ ਨੇ ਜਦੋਂ ਸ਼ਿਵਕੁਮਾਰ ਨੂੰ ਹਿਰਾਸਤ ’ਚ ਲਿਆ ਤਾਂ ਉਹ ਟੀਵੀ ਚੈਨਲ ਨੂੰ ਇੰਟਰਵਿਊ ਦੇ ਰਹੇ ਸਨ। ਤਿੰਨਾਂ ਆਗੂਆਂ ਨੂੰ ਪੁਲੀਸ ਗੈਸਟ ਹਾਊਸ ਲੈ ਗਈ। ਸਵੇਰੇ ਸ਼ਿਵਕੁਮਾਰ ਦੇ ਹੋਟਲ ਪੁੱਜਣ ’ਤੇ ਪੁਲੀਸ ਨੇ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਜਦਕਿ ਸ਼ਿਵਕੁਮਾਰ ਨੇ ਕਿਹਾ ਕਿ ਉਨ੍ਹਾਂ ਦੀ ਹੋਟਲ ’ਚ ਬੁਕਿੰਗ ਹੈ। ਮੰਨਿਆ ਜਾ ਰਿਹਾ ਹੈ ਕਿ ਪੁਲੀਸ ਅਧਿਕਾਰੀਆਂ ਨੇ ਸ਼ਿਵਕੁਮਾਰ ਨੂੰ ਦੱਸਿਆ ਕਿ ਬਾਗ਼ੀ ਵਿਧਾਇਕਾਂ ਨੇ ਮੁੰਬਈ ਪੁਲੀਸ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਸ਼ਿਵਕੁਮਾਰ ਦੇ ਆਉਣ ਨਾਲ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ।

Previous articleਭਾਜਪਾ ਵੱਲੋਂ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ, ਰਾਜਪਾਲ ਨੂੰ ਮੰਗ ਪੱਤਰ ਸੌਂਪਿਆ
Next articleਖ਼ਜ਼ਾਨੇ ਦੀ ਮਜ਼ਬੂਤੀ ਲਈ ਵਚਨਬੱਧ, ਪਰ ਖਰਚਿਆਂ ਨਾਲ ਕੋਈ ਸਮਝੌਤਾ ਨਹੀਂ: ਸੀਤਾਰਾਮਨ