ਨਵੀਂ ਦਿੱਲੀ (ਸਮਾਜ ਵੀਕਲੀ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਇਕ ਦਿਨ ਮਗਰੋਂ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ। ਮੀਟਿੰਗ ’ਚ ਹੋਈ ਗੱਲਬਾਤ ਦੇ ਵੇਰਵਿਆਂ ਬਾਰੇ ਭਾਵੇਂ ਅਧਿਕਾਰਤ ਤੌਰ ’ਤੇ ਕੁਝ ਨਹੀਂ ਕਿਹਾ ਗਿਆ, ਪਰ ਸੂਤਰਾਂ ਦੀ ਮੰਨੀਏ ਤਾਂ ਚੌਟਾਲਾ ਨੇ ਪ੍ਰਧਾਨ ਮੰਤਰੀ ਨੂੰ ਕੋਵਿਡ-19 ਦੇ ਟਾਕਰੇ ਲਈ ਭਾਰਤ ਵਿੱਚ ਹੀ ਨਿਰਮਤ ਕਰੋਨਾ ਵੈਕਸੀਨ ਲਈ ਵਧਾਈ ਦਿੱਤੀ।
ਸੂਤਰਾਂ ਨੇ ਕਿਹਾ ਕਿ ਮੋਦੀ-ਚੌਟਾਲਾ ਮੁਲਾਕਾਤ ਦੌਰਾਨ ਮੌਜੂਦਾ ਸਿਆਸੀ ਹਾਲਾਤ ਤੇ ਕਿਸਾਨ ਅੰਦੋਲਨ ਨੂੰ ਲੈ ਕੇ ਹਰਿਆਣਾ ’ਚ ਅਮਨ ਤੇ ਕਾਨੂੰਨ ਦੀ ਸਥਿਤੀ ਬਾਰੇ ਵੀ ਚਰਚਾ ਹੋਈ। ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਪ੍ਰਧਾਨ ਮੰਤਰੀ ਨੂੰ ਲੰਘੇ ਦਿਨ ਪਾਰਟੀ (ਜੇਜੇਪੀ) ਵਿਧਾਇਕਾਂ ਨਾਲ ਕੀਤੀ ਮੀਟਿੰਗ ਅਤੇ ਖੇਤੀ ਦੇ ਆਧੁਨਿਕੀਕਰਨ ਤੇ ਇਸ ਨੂੰ ਹੋਰ ਲਾਭਦਾਇਕ ਬਣਾਉਣ ਲਈ ਮਿਲੇ ਸੁਝਾਵਾਂ ਤੋਂ ਜਾਣੂ ਕਰਵਾਇਆ।
ਦੁਸ਼ਯੰਤ ਨੇ ਮੀਟਿੰਗ ਦੌਰਾਨ ਹਰਿਆਣਾ ਨੂੰ ਟੈਕਸਟਾਈਲ ਹੱਬ ਤੇ ਪੂਰਬੀ-ਪੱਛਮੀ ਗਲਿਆਰਾ ਬਣਾਉਣ ਸਮੇਤ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਬਾਰੇ ਅਪੀਲ ਕੀਤੀ। ਪ੍ਰਧਾਨ ਮੰਤਰੀ ਦੀ ਰਿਹਾਇਸ਼ ਤੋਂ ਬਾਹਰ ਆਏ ਦੁਸ਼ਯੰਤ ਨੇ ਬਾਹਰ ਖੜ੍ਹੇ ਪੱਤਰਕਾਰਾਂ ਦੇ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ। ਦੁਸ਼ਯੰਤ ਨਾਲ ਮੀਟਿੰਗ ਉਪਰੰਤ ਪ੍ਰਧਾਨ ਮੰਤਰੀ ਮੋਦੀ ਕੇਂਦਰੀ ਕਾਨੂੰਨ ਤੇ ਨਿਆਂ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੂੰ ਵੀ ਆਪਣੀ ਰਿਹਾਇਸ਼ ’ਤੇ ਮਿਲੇ।