ਐਸ.ਏ.ਐਸ. ਨਗਰ (ਮੁਹਾਲੀ) (ਸਮਾਜ ਵੀਕਲੀ): ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਛੋਟੇ ਭਰਾ ਤੇ ਜ਼ਿਲ੍ਹਾ ਸਹਿਕਾਰੀ ਬੈਂਕ ਦੇ ਚੇਅਰਮੈਨ ਅਮਰਜੀਤ ਸਿੰਘ ਸਿੱਧੂ ਉਰਫ਼ ਜੀਤੀ ਸਿੱਧੂ ’ਤੇ ਮੁਹਾਲੀ ਨੇੜਲੇ ਪਿੰਡ ਦੈੜੀ ਦੀ ਕਰੋੜਾਂ ਰੁਪਏ ਦੀ ਸ਼ਾਮਲਾਤ ਜ਼ਮੀਨ ਦਾ ਆਪਣੇ ਹੱਕ ਵਿੱਚ ਤਬਾਦਲਾ ਕਰਵਾਉਣ ਦੇ ਦੋਸ਼ ਲੱਗੇ ਹਨ। ਇਸ ਸਬੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪਿੰਡ ਵਾਸੀ ਬਲਜੀਤ ਸਿੰਘ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਸ਼ਾਮਲਾਤ ਜ਼ਮੀਨ ਦੇ ਤਬਾਦਲੇ ’ਤੇ ਰੋਕ ਲਗਾਈ ਹੈ।
ਅੱਜ ਇੱਥੇ ਜ਼ਿਲ੍ਹਾ ਯੂਥ ਅਕਾਲੀ ਦਲ ਮੁਹਾਲੀ (ਸ਼ਹਿਰੀ) ਦੇ ਪ੍ਰਧਾਨ ਪਰਵਿੰਦਰ ਸਿੰਘ ਬੈਦਵਾਨ ਅਤੇ ਬਲਜੀਤ ਸਿੰਘ ਦੈੜੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਦੈੜੀ ਵਿੱਚ ਲਗਭਗ 43 ਕਨਾਲ ਪੰਚਾਇਤੀ ਜ਼ਮੀਨ ਦਾ ਤਬਾਦਲਾ ਪ੍ਰਾਈਵੇਟ ਫਰਮ ਨਾਲ ਕੀਤਾ ਗਿਆ ਹੈ। ਇਸ ਪ੍ਰਾਈਵੇਟ ਕੰਪਨੀ ਵਿੱਚ ਸਿਹਤ ਮੰਤਰੀ ਦਾ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਵੀ ਹਿੱਸੇਦਾਰ ਹੈ। ਉਨ੍ਹਾਂ ਦੱਸਿਆ ਕਿ ਬੀਤੀ 9 ਜੂਨ ਨੂੰ ਵਿੱਤ ਕਮਿਸ਼ਨਰ ਨੇ ਸ਼ਾਮਲਾਤ ਜ਼ਮੀਨ ਦਾ ਤਬਾਦਲਾ ਕਰਨ ਦੇ ਆਦੇਸ਼ ਦਿੱਤੇ ਸਨ।
ਇਸ ਸਬੰਧੀ ਪਿੰਡ ਵਾਸੀ ਬਲਜੀਤ ਸਿੰਘ ਨੇ ਹਾਈ ਕੋਰਟ ਦਾ ਬੂਹਾ ਖੜਕਾਉਂਦਿਆਂ ਇਨਸਾਫ਼ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਜਿਸ ਜ਼ਮੀਨ ਨਾਲ ਤਬਾਦਲਾ ਕੀਤਾ ਗਿਆ ਹੈ, ਉਸ ਜ਼ਮੀਨ ਦੇ ਲਗਭਗ 6 ਏਕੜ ਦਾ ਫਰੰਟ ਮੁਹਾਲੀ ਕੌਮਾਂਤਰੀ ਏਅਰਪੋਰਟ ਸੜਕ (ਪੀਆਰ-9) ਨਾਲ ਲਗਦਾ ਹੈ ਜਦੋਂਕਿ ਪ੍ਰਾਈਵੇਟ ਫਰਮ ਦੀ ਮਲਕੀਅਤ ਵਾਲੀ ਜ਼ਮੀਨ ਪਿੰਡ ਦੈੜੀ ਵਾਲੇ ਚੋਅ ਦੇ ਨਾਲ ਲਗਦੀ ਸੀ। ਉਂਜ ਵੀ ਇਹ ਜ਼ਮੀਨ ਕਾਫ਼ੀ ਪਿੱਛੇ ਹਟਵੀਂ ਹੈ। ਸ੍ਰੀ ਬੈਦਵਾਨ ਨੇ ਦੱਸਿਆ ਕਿ ਤਬਾਦਲੇ ਤੋਂ ਪਹਿਲਾਂ ਜ਼ਮੀਨ ਦੀ ਮਾਰਕੀਟ ਵੈਲਿਊ ਵੀ ਨਹੀਂ ਪੁਆਈ ਗਈ। ਉਨ੍ਹਾਂ ਜ਼ਮੀਨ ਦਾ ਸੀਐਲਯੂ ਰੱਦ ਕਰਨ ਅਤੇ ਸੀਬੀਆਈ ਜਾਂ ਹਾਈ ਕੋਰਟ ਦੇ ਸਾਬਕਾ ਜੱਜ ਤੋਂ ਜਾਂਚ ਦੀ ਮੰਗ ਕੀਤੀ।