ਸ਼ਾਂਤਮਈ ਅੰਦੋਲਨ ਕਰ ਰਹੇ ਕਿਸਾਨਾਂ ਤੇ ਪੱਥਰ ਬਰਸਾਉਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਵੇ ਸਰਕਾਰ – ਸਮਤਾ ਸੈਨਿਕ ਦਲ

ਫੋਟੋ ਕੈਪਸ਼ਨ: ਮੀਟਿੰਗ ਤੋਂ ਬਾਦ ਪ੍ਰੈਸ ਨੂੰ ਜਾਣਕਾਰੀ ਦਿੰਦੇ ਸਮਤਾ ਸੈਨਿਕ ਦਲ ਦੇ ਆਗੂ

ਜਲੰਧਰ (ਸਮਾਜ ਵੀਕਲੀ): ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ), ਪੰਜਾਬ ਯੂਨਿਟ ਦੀ ਮੀਟਿੰਗ ਦਲ ਦੇ ਸੂਬਾ ਪ੍ਰਧਾਨ ਜਸਵਿੰਦਰ ਵਰਿਆਣਾ ਦੀ ਪ੍ਰਧਾਨਗੀ ਹੇਠ ਅੰਬੇਡਕਰ ਭਵਨ ਜਲੰਧਰ ਵਿਖੇ ਹੋਈ. ਮੀਟਿੰਗ ਵਿਚ ਦਲ ਦੀ ਸਲਾਨਾ ਚੋਣ ਬਾਰੇ, ਦਲ ਦੀ ਪੰਜਾਬ ਸ਼ਾਖਾ ਵੱਲੋਂ ਸੋਵੀਨਰ 2021 ਪ੍ਰਕਾਸ਼ਿਤ ਕਰਨ ਬਾਰੇ ਅਤੇ ਦਲ ਦੀਆਂ ਗਤੀਵਿਧੀਆਂ ਨੂੰ ਸਰਗਰਮ ਕਰਨ ਬਾਰੇ ਵਿਚਾਰ-ਚਰਚਾ ਕੀਤੀ ਗਈ. ਦਲ ਦਾ ਪੰਜਾਬ ਯੂਨਿਟ ਹਰ ਸਾਲ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਅਲੱਗ ਅਲੱਗ ਵਿਸ਼ਿਆਂ ਤੇ ਸੋਵੀਨਰ ਪ੍ਰਕਾਸ਼ਿਤ ਕਰਦਾ ਆ ਰਿਹਾ ਹੈ. ਇਸ ਬਾਰ ਵੀ ਅੰਬੇਡਕਰਾਈਟ ਫਲਸਫੇ ਦੇ ਅਨੁਸਾਰ ਜਨਤਾ ਨਾਲ ਸਬੰਧਤ ਮੁੱਦਿਆਂ ‘ਤੇ ਬਾਬਾ ਸਾਹਿਬ ਡਾ. ਅੰਬੇਡਕਰ ਦੇ ਜਨਮ ਦਿਨ ‘ਤੇ 14 ਅਪ੍ਰੈਲ ਨੂੰ ਸੋਵੀਨਰ ਪ੍ਰਕਾਸ਼ਿਤ ਕਰਨ ਦਾ ਫੈਸਲਾ ਕੀਤਾ ਗਿਆ. ਦਲ ਦੇ ਨਵੇਂ ਮੇਮ੍ਬਰ ਬਣਾਉਣ ਅਤੇ ਬੌਡੀ ਦੀ ਚੋਣ ਮਈ ਵਿਚ ਕਰਾਉਣ ਦਾ ਵੀ ਫੈਸਲਾ ਕੀਤਾ ਗਿਆ.

ਜਸਵਿੰਦਰ ਵਰਿਆਣਾ ਨੇ ਕਿਹਾ ਕਿ ਕਿਸਾਨ ਅੰਨ ਦਾਤਾ ਹਨ ਜੋ ਗਰੀਬ ਤੇ ਅਮੀਰ, ਪੁਰਸ਼ ਤੇ ਔਰਤ, ਬਚੇ ਤੇ ਬੁੱਢੇ ਅਤੇ ਗੋਰੇ ਤੇ ਕਾਲੇ, ਸਭ ਲਈ ਅੰਨ ਪੈਦਾ ਕਰਦੇ ਹਨ. ਕਿਸਾਨ ਖੇਤੀ ਦੇ ਤਿੰਨ ਕਾਲੇ ਕਾਨੂੰਨਾਂ ਨੂੰ ਸਰਕਾਰ ਕੋਲੋਂ ਰੱਦ ਕਰਾਉਣ ਲਈ ਦਿੱਲੀ ਦੇ ਬਾਰਡਰਾਂ ਤੇ ਤਕਰੀਬਨ 70 ਦਿਨਾਂ ਤੋਂ ਲਗਾਤਾਰ ਸ਼ਾਂਤੀਪੂਰਨ ਅੰਦੋਲਨ ਕਰ ਰਹੇ ਹਨ. ਕੁਝ ਸ਼ਰਾਰਤੀ ਅਨਸਰ ਸ਼ਾਂਤਮਈ ਢੰਗ ਨਾਲ ਅੰਦੋਲਨ ਕਰ ਰਹੇ ਕਿਸਾਨਾਂ ਤੇ ਪੱਥਰ ਬਰਸਾ ਕੇ ਉਨ੍ਹਾਂ ਦੇ ਅੰਦੋਲਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ. ਸਮਤਾ ਸੈਨਿਕ ਦਲ ਇਸ ਦੀ ਘੋਰ ਨਿੰਦਿਆ ਕਰਦਾ ਹੈ ਅਤੇ ਸਰਕਾਰ ਤੋਂ ਮੰਗ ਕਰਦਾ ਹੈ ਕਿ ਸ਼ਰਾਰਤੀ ਅਨਸਰਾਂ ਵਿਰੁੱਧ ਪਰਚੇ ਦਰਜ ਕਰਕੇ ਉਨ੍ਹਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਖੇਤੀ ਦੇ ਤਿੰਨ ਕਾਲੇ ਕਾਨੂੰਨਾਂ ਨੂੰ ਜਲਦ ਰੱਦ ਕਰਕੇ ਕਿਸਾਨਾਂ ਦਾ ਅੰਦੋਲਨ ਖਤਮ ਕੀਤਾ ਜਾਵੇ. ਇਹ ਜਾਣਕਾਰੀ ਦਲ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਪ੍ਰੈਸ ਨੂੰ ਜਾਰੀ ਇੱਕ ਬਿਆਨ ਵਿਚ ਕੀਤੀ. ਮੀਟਿੰਗ ਵਿਚ ਸਰਵਸ਼੍ਰੀ ਐੱਲ ਆਰ ਬਾਲੀ, ਐਡਵੋਕੇਟ ਕੁਲਦੀਪ ਭੱਟੀ, ਵਰਿੰਦਰ ਕੁਮਾਰ, ਚਮਨ ਲਾਲ, ਤਿਲਕ ਰਾਜ, ਨੀਤੀਸ਼, ਸ਼ੁਭਮ ਕੁਮਾਰ, ਗੌਤਮ ਹੋਸ਼ਿਆਰਪੂਰ ਅਤੇ ਸੁਖਰਾਜ ਹਾਜਰ ਸਨ.

ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ
ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ), ਪੰਜਾਬ ਯੂਨਿਟ

 

Previous articleਮਿੱਠੀ ਜਿਹੀ ਵੰਗਾਰ
Next article“ਮੋਰਚੇ ਨੂੰ ਮਲ੍ਹਮ ਲਾ ਦਿਉ”