ਜੰਮੂ-ਕਸ਼ਮੀਰ ਦੇ ਬਡਗਾਓਂ ਇਲਾਕੇ ਵਿਚ ਹੈਲੀਕਾਪਟਰ ਕਰੈਸ਼ ਹੋਣ ਕਾਰਨ ਸ਼ਹੀਦ ਹੋਏ ਚੰਡੀਗੜ੍ਹ ਦੇ ਸਕੁਐਡਰਨ ਲੀਡਰ ਸਿਧਾਰਥ ਵਸ਼ਿਸ਼ਟ ਦੀ ਮ੍ਰਿਤਕ ਦੇਹ ਨੂੰ ਅੱਜ ਦੇਰ ਸ਼ਾਮ ਚੰਡੀਗੜ੍ਹ ਲਿਆਂਦਾ ਗਿਆ। ਏਅਰ ਫੋਰਸ ਦੇ 3ਬੀਆਰਡੀ ਸਟੇਸ਼ਨ ਦੇ ਅਧਿਕਾਰੀਆਂ ਦੀ ਮੌਜੂਦਗੀ ਵਿਚ ਪੂਰੇ ਸਰਕਾਰੀ ਸਨਮਾਨਾਂ ਸਹਿਤ ਮ੍ਰਿਤਕ ਦੇਹ ਨੂੰ ਸੈਕਟਰ-44 ਵਿਚ ਪਹੁੰਚਾਇਆ ਗਿਆ। ਜ਼ਿਕਰਯੋਗ ਹੈ ਕਿ ਸ੍ਰੀਨਗਰ ਵਿਚ ਡਿਊਟੀ ਦੌਰਾਨ ਹੈਲੀਕਾਪਟਰ ਕਰੈਸ਼ ਹੋਣ ਕਾਰਨ ਸਿਧਾਰਥ ਵਸ਼ਿਸ਼ਟ ਦੀ ਜਾਨ ਚਲੀ ਗਈ ਸੀ। ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਤੇ ਯੂਟੀ ਪੁਲੀਸ ਦੇ ਸੀਨੀਅਰ ਅਧਿਕਾਰੀ ਸਿਧਾਰਥ ਵਸ਼ਿਸ਼ਟ ਦੀ ਸੈਕਟਰ-44 ਰਿਹਾਇਸ਼ ’ਤੇ ਪਹੁੰਚੇ ਅਤੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਦੌਰਾਨ ਜੰਮੂ ਕਸ਼ਮੀਰ ਸਥਿਤ ਹਵਾਈ ਸੈਨਾ ਦੇ ਕੈਂਪ ਅਧਿਕਾਰੀ ਵੀ ਹਾਜ਼ਰ ਸਨ। ਸ਼ੁੱਕਰਵਾਰ ਸਵੇਰੇ 10 ਵਜੇ ਸਿਧਾਰਥ ਵਸ਼ਿਸ਼ਟ ਦੀ ਮ੍ਰਿਤਕ ਦੇਹ ਨੂੰ ਸੈਕਟਰ-25 ਦੇ ਸ਼ਮਸ਼ਾਨਘਾਟ ਵਿਚ ਅਗਨ ਭੇਟ ਕੀਤਾ ਜਾਵੇਗਾ। ਉਸ ਦਾ ਦੋ ਸਾਲਾਂ ਦਾ ਬੇਟਾ ਅਤੇ ਪਿਤਾ ਚਿਤਾ ਨੂੰ ਅਗਨੀ ਵਿਖਾਉਣਗੇ।
ਸਿਧਾਰਥ ਵਸ਼ਿਸ਼ਟ ਦੇ ਪਿਤਾ ਜਗਦੀਸ਼ ਚੰਦਰ ਕਸਾਲ ਨੇ ਦੱਸਿਆ ਕਿ 20 ਫਰਵਰੀ ਨੂੰ ਸਿਧਾਰਥ ਆਪਣੇ ਬੇਟੇ ਦੇ ਜਨਮ ਦਿਨ ’ਤੇ ਚੰਡੀਗੜ੍ਹ ਆਇਆ ਸੀ, ਪਰ ਇੱਕ ਘੰਟਾ ਠਹਿਰਣ ਮਗਰੋਂ ਵਾਪਸ ਕਸ਼ਮੀਰ ਚਲਾ ਗਿਆ ਸੀ।
ਬੁੱਧਵਾਰ ਸਵੇਰੇ ਜਦੋਂ ਭਾਰਤ ਅਤੇ ਪਾਕਿਸਤਾਨ ਵਿਚ ਤਣਾਅ ਵਧਿਆ ਤਾਂ ਉਨ੍ਹਾਂ ਨੂੰ ਆਪਣੇ ਬੇਟੇ ਦੀ ਚਿੰਤਾ ਸਤਾਉਣ ਲੱਗੀ। ਉਨ੍ਹਾਂ ਨੇ ਆਪਣੇ ਬੇਟੇ ਨੂੰ ਸਵੇਰੇ ਫੋਨ ਕੀਤਾ ਤਾਂ ਸਭ ਕੁਝ ਠੀਕ-ਠਾਕ ਸੀ। ਇਸ ਮਗਰੋਂ ਦੁਪਹਿਰ 2.10 ’ਤੇ ਖਬਰ ਆਈ ਕਿ ਸਿਧਾਰਥ ਦਾ ਹੈਲੀਕਾਪਟਰ ਕਰੈਸ਼ ਹੋ ਗਿਆ ਹੈ। ਇਹ ਖਬਰ ਸੁਣ ਕੇ ਪਰਿਵਾਰ ਵਿਚ ਸੋਗ ਦੀ ਲਹਿਰ ਦੌੜ ਗਈ। ਸਿਧਾਰਥ ਦੀ ਪਤਨੀ ਵੀ ਹਵਾਈ ਸੈਨਾ ਦੀ ਸਕੁਐਡਰਨ ਲੀਡਰ ਵਜੋਂ ਤਾਇਨਾਤ ਹੈ ਅਤੇ ਸੋਗ ਵਿੱਚ ਡੁੱਬੀ ਹੋਈ ਹੈ। ਇਸੇ ਦੌਰਾਨ ਸਿਧਾਰਥ ਦੇ ਪਿਤਾ ਨੇ ਹੈਲੀਕਾਪਟਰ ਹਾਦਸੇ ਦੀ ਉਚ-ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
INDIA ਸ਼ਹੀਦ ਸਕੁਐਡਰਨ ਲੀਡਰ ਸਿਧਾਰਥ ਵਸ਼ਿਸ਼ਟ ਦੀ ਮ੍ਰਿਤਕ ਦੇਹ ਚੰਡੀਗੜ੍ਹ ਪੁੱਜੀ