(ਸਮਾਜ ਵੀਕਲੀ)
ਅਮਰ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਵਲੋਂ ਜਾਨਾਂ ਕੁਰਬਾਨ ਕਰਕੇ ਭਾਰਤ ਅੰਦਰ ਲਿਆਂਦੀ ਅਜ਼ਾਦੀ ਦਾ ਪੂਰਨ ਅਨੰਦ ਮਾਣ ਕੇ ਜੋ ਉਸ ਨੂੰ ਅੱਤਵਾਦੀ ਆਖ ਰਹੇ ਹਨ ਜੇਕਰ ਉਨ੍ਹਾਂ ਦਾ ਪਿਛੋਕੜ ਫੋਲਿਆ ਜਾਵੇ ਤਾਂ ਉਹ ਸਾਮਰਾਜੀਆਂ ਦੇ ਖਾਨਦਾਨੀ ਹਮਾਇਤੀ ਹੋਣ ਤੋਂ ਬਿਨਾਂ ਕਿਸੇ ਚੰਗੀ ਕਰਤੂਤ ਦੇ ਮਾਲਕ ਨਹੀਂ ਅਤੇ ਦੂਜੇ ਪਾਸੇ ਸ਼ਹੀਦਾਂ ਦਾ ਸ਼ਾਨਾਮੱਤਾ ਇਤਿਹਾਸ ਪੜ੍ਹ ਕੇ ਹਰੇਕ ਭਾਰਤੀ ਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ। ਭਗਤ ਸਿੰਘ ਨੂੰ ਅੱਤਵਾਦੀ ਕਹਿਣ ਵਾਲੇ ਇਹ ਕਿਉਂ ਭੁੱਲ ਜਾਂਦੇ ਹਨ ਕਿ ਉਸ ਨੇ ਦਿੱਲੀ ਅਸੈਂਬਲੀ ਬੰਬ ਸੁੱਟ ਕੇ ਇਹ ਕਿਹਾ ਸੀ ਕਿ ਇਹ ਬੰਬ ਕਿਸੇ ਨੂੰ ਜਾਂਨੋ ਮਾਰਨ ਲਈ ਨਹੀਂ ਅੰਨ੍ਹੀ ਤੇ ਬੋਲ਼ੀ ਸਰਕਾਰ ਦੇ ਅੱਖਾਂ ਤੇ ਕੰਨ ਖੋਲ੍ਹਣ ਵਾਸਤੇ ਸਿਰਫ ਧਮਾਕਾ ਹੈ। ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਪਿੰਡ ਬੰਗਾ ਜਿਲ੍ਹਾ ਲਾਇਲਪੁਰ, ਪੰਜਾਬ (ਪਾਕਿਸਤਾਨ) ਵਿਖੇ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ।
ਉਨ੍ਹਾਂ ਦਾ ਜੱਦੀ ਘਰ ਜਿਲ੍ਹਾ ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਦੇ ਬੰਗਾ ਨੇੜੇ ਪਿੰਡ ਖਟਕੜ ਕਲਾਂ ਵਿਖੇ ਸਥਿਤ ਹੈ। ਉਨ੍ਹਾਂ ਦੇ ਪਿਤਾ ਕਿਸ਼ਨ ਸਿੰਘ ਅਤੇ ਮਾਤਾ ਵਿਦਿਆਵਤੀ ਸਨ। ਉਨ੍ਹਾਂ ਦੇ ਜਨਮ ਸਮੇਂ ਉਨ੍ਹਾਂ ਦੇ ਪਿਤਾ ਅਤੇ ਦੋਵੇਂ ਚਾਚਾ ਅਜੀਤ ਸਿੰਘ ਅਤੇ ਸਵਰਨ ਸਿੰਘ ਲਾਹੌਰ ਜੇਲ੍ਹ ਤੋਂ ਰਿਹਾਅ ਹੋ ਕੇ ਘਰ ਪਰਤੇ ਸਨ ਇਸ ਕਰਕੇ ਇਸ ਨੂੰ ਭਾਗਾਂ ਵਾਲਾ ਕਹਿੰਦੇ ਹੋਏ ਇਸ ਦਾ ਨਾਮ ਭਗਤ ਸਿੰਘ ਰੱਖਿਆ ਗਿਆ। ਇਸ ਪ੍ਰੀਵਾਰ ਦੇ ਵੱਡੇ-ਵਡੇਰੇ ਭਾਰਤ ਦੀ ਆਜ਼ਾਦੀ ਦੀ ਲਹਿਰ ਵਿੱਚ ਪੂਰੀ ਤਰ੍ਹਾਂ ਸਰਗਰਮ ਸਨ ਅਤੇ ਕੁੱਝ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਨੌਕਰੀ ਕਰਦੇ ਸਨ। ਉਸ ਦੇ ਪਿਤਾ ਅਤੇ ਚਾਚੇ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਲਾਲਾ ਹਰਦਿਆਲ ਦੀ ਅਗਵਾਈ ਹੇਠ ਗਦਰ ਪਾਰਟੀ ਵਿਚ ਸ਼ਾਮਿਲ ਸਨ।
ਭਗਤ ਸਿੰਘ ਨੇ ਮੁੱਢਲੀ ਵਿੱਦਿਆ ਤੋਂ ਬਾਅਦ ਡੀ ਏ ਵੀ ਹਾਈ ਸਕੂਲ ਲਾਹੌਰ ਵਿਚ ਦਾਖ਼ਲਾ ਲਿਆ ਤਾਂ ਉਸ ਵਕਤ ਅੰਗਰੇਜ਼ੀ ਹਕੂਮਤ ਇਸ ਸਕੂਲ ਨੂੰ “ਰਾਜ ਵਿਰੋਧੀ” ਗਤੀਵਿਧੀਆਂ ਦਾ ਕੇਂਦਰ ਮੰਨਦੀ ਸੀ। ਜਿਵੇਂ ਅਜਕਲ੍ਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ (ਜੇ ਐਨ ਯੂ) ਨੂੰ ਭਾਜਪਾ ਸਰਕਾਰ ਵਲੋਂ ਕਿਹਾ ਜਾ ਰਿਹਾ ਹੈ। ਭਗਤ ਸਿੰਘ 1919 ਵਿੱਚ ਜਦੋਂ ਸਿਰਫ਼ 12 ਸਾਲ ਦੀ ਉਮਰ ਵਿੱਚ ਪੈਦਲ ਚੱਲ ਕੇ ਜੱਲ੍ਹਿਆ ਵਾਲਾ ਬਾਗ (ਅੰਮ੍ਰਿਤਸਰ) ਪਹੁੰਚੇ ਤਾਂ ਉਥੇ 13 ਅਪ੍ਰੈਲ ਨੂੰ ਇਕ ਪਬਲਿਕ ਸਭਾ ਵਿਚ ਇਕੱਤਰ ਹਜਾਰਾਂ ਨਿਹੱਥੇ ਲੋਕਾਂ ਨੂੰ ਅੰਗਰੇਜ਼ੀ ਸਰਕਾਰ ਨੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ। ਇੱਥੇ ਕੰਧਾਂ ਵਿੱਚ ਲੱਗੇ ਗੋਲੀਆਂ ਦੇ ਨਿਸ਼ਾਨਾ ਨੇ ਭਗਤ ਸਿੰਘ ਦੇ ਦਿਲ ਨੂੰ ਹਲੂਣਾ ਦਿੱਤਾ ਅਤੇ ਉਸ ਨੇ ਇੱਥੋਂ ਲਹੂ ਭਿੱਜੀ ਮਿੱਟੀ ਚੁੱਕੀ ਅਤੇ ਅੰਗਰੇਜ਼ੀ ਹਕੂਮਤ ਦਾ ਬੋਰੀ-ਬਿਸਤਰਾ ਗੋਲ ਕਰਨ ਦੀ ਕਸਮ ਖਾਧੀ ਅਤੇ ਉਹ ਅਜਾਦੀ ਦੀ ਲੜਾਈ ਵਿੱਚ ਕੁੱਦ ਪਏ।
ਮਹਾਤਮਾ ਗਾਂਧੀ ਦੇ ਨਾਮਿਲਵਰਤਨ ਅੰਦੋਲਨ ਵਾਪਸ ਲੈਣ ਦੇ ਫੈਸਲੇ ਤੇ ਭਗਤ ਸਿੰਘ ਨੇ ਨਿਰਾਸ਼ਾ ਜਾਹਰ ਕੀਤੀ। 1923 ਵਿਚ ਭਗਤ ਸਿੰਘ ਨੇ ਨੈਸ਼ਨਲ ਕਾਲਜ ਲਾਹੌਰ ਵਿਚ ਦਾਖਲਾ ਲਿਆ ਜਿੱਥੇ ਉਸ ਨੇ ਨਾਟ-ਕਲਾ ਸੋਸਾਇਟੀ ਵਿੱਚ ਸਰਗਰਮ ਹਿੱਸਾ ਲਿਆ ਇਸ ਦੌਰਾਨ ਉਸ ਨੇ ਪੰਜਾਬੀ ਹਿੰਦੀ ਸਾਹਿਤ ਸੰਮੇਲਨ ਦੁਆਰਾ ਕਰਵਾਇਆ ਨਿਬੰਧ ਮੁਕਾਬਲਾ ਜਿੱਤਿਆ ਜਿਸ ਵਿਚ ਉਸ ਨੇ ਪੰਜਾਬ ਦੀਆਂ ਸਮੱਸਿਆਵਾਂ ਵਾਰੇ ਲਿਖਿਆ ਸੀ ਇਹ ਉਸ ਨੇ ਜੁਯੈਪੇ ਮੋਤੇਸਿਨੀ ਦੀ “ਯੰਗ ਇਟਲੀ” ਲਹਿਰ ਤੋਂ ਪ੍ਰਭਾਵਿਤ ਹੋ ਕੇ ਲਿਖਿਆ ਸੀ। 1926 ਵਿਚ ਭਗਤ ਸਿੰਘ ਨੇ ਨੌਜਵਾਨਾਂ ਨੂੰ ਸਮਾਜਵਾਦੀ ਵਿਚਾਰਧਾਰਾ ਨਾਲ ਜੋੜਨ ਲਈ “ਨੌਜਵਾਨ ਭਾਰਤ ਸਭਾ” ਬਣਾਈ ਅਤੇ ਕੁੱਝ ਅਰਸੇ ਬਾਅਦ ਸਭਾ ਨੂੰ” ਭਾਰਤੀ ਰਿਪਬਲਿਕਨ ਐਸੋਸੀਏਸ਼ਨ” ਵਿਚ ਮਰਜ਼ ਕਰ ਲਿਆ ਜਿਸ ਦੇ ਚੰਦਰ ਸ਼ੇਖਰ ਆਜ਼ਾਦ, ਰਾਮ ਪ੍ਰਸਾਦ ਬਿਸਮਿਲ ਅਤੇ ਅਸ਼ਫਾਕਉੱਲਾ ਖਾਨ ਪ੍ਰਮੁੱਖ ਆਗੂ ਸਨ।
ਭਗਤ ਸਿੰਘ ਨੂੰ ਇਨਕਲਾਬੀ ਅਤੇ ਅਗਾਂਹਵਧੂ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਸੀ। ਭਗਤ ਸਿੰਘ ਦੇ ਪਰਿਵਾਰ ਨੇ ਜਦੋਂ ਉਸ ਉੱਤੇ ਸ਼ਾਦੀ ਕਰਵਾਉਣ ਲਈ ਜ਼ੋਰ ਪਾਇਆ ਤਾਂ ਉਹ ਵਿਆਹ ਤੋਂ ਬਚਣ ਲਈ ਘਰੋਂ ਭੱਜ ਕੇ ਕਾਨਪੁਰ ਚਲੇ ਗਿਆ ਅਤੇ ਪਰਿਵਾਰ ਲਈ ਇਕ ਖ਼ਤ ਲਿਖ ਕੇ ਰੱਖ ਗਿਆ ਕਿ “ਮੇਰੇ ਜੀਵਨ ਦਾ ਸਭ ਤੋਂ ਉੱਤਮ ਮਕਸਦ ਦੇਸ਼ ਦੀ ਅਜਾਦੀ ਦੇ ਸੰਘਰਸ਼ ਨੂੰ ਸਮਰਪਿਤ ਹੋ ਗਿਆ ਹੈ ਇਸ ਲਈ ਕੋਈ ਐਸ਼ੋ-ਆਰਾਮ ਜਾਂ ਕੋਈ ਦੁਨਿਆਵੀ ਇੱਛਾ ਹੁਣ ਮੈਨੂੰ ਲੁਭਾ ਨਹੀਂ ਸਕਦੀ”
ਜਦੋਂ 1928 ਵਿਚ ਬ੍ਰਿਟਿਸ਼ ਸਰਕਾਰ ਨੇ ਭਾਰਤ ਦੀ ਸਿਆਸੀ ਸਥਿਤੀ ਬਾਰੇ ਰਿਪੋਰਟ ਦੇਣ ਲਈ “ਸਾਈਮਨ ਕਮਿਸ਼ਨ” ਨਿਯੁਕਤ ਕੀਤਾ ਤਾਂ ਦੇਸ਼ ਦੀਆਂ ਕੁੱਝ ਸਿਆਸੀ ਪਾਰਟੀਆਂ ਨੇ ਕਮਿਸ਼ਨ ਦਾ ਬਾਈਕਾਟ ਕਰਦਿਆਂ ਸਖਤ ਵਿਰੋਧ ਕੀਤਾ 30 ਅਕਤੂਬਰ 1928 ਨੂੰ ਜਦੋਂ ਕਮਿਸ਼ਨ ਲਾਹੌਰ ਪੁੱਜਾ ਤਾਂ ਲਾਲਾ ਲਾਜਪਤ ਰਾਏ ਦੀ ਅਗਵਾਈ ਹੇਠ ਲੋਕਾਂ ਨੇ ਇਸ ਦਾ ਭਾਰੀ ਵਿਰੋਧ ਕੀਤਾ ਤੇ ਅੰਗਰੇਜ਼ ਪੁਲਿਸ ਦੇ ਸੁਪਰਡੈਂਟ ਅਫਸਰ “ਸਕਾਟ ਨੇ ਲਾਠੀਚਾਰਜ ਕਰਵਾ ਦਿੱਤਾ ਜਿਸ ਦੌਰਾਨ ਲਾਲਾ ਜੀ ਸਖਤ ਜਖ਼ਮੀ ਹੋ ਗਏ ਅਤੇ 17 ਨਵੰਬਰ 1928 ਨੂੰ ਲਾਲਾ ਲਾਜਪਤ ਰਾਏ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਭਗਤ ਸਿੰਘ ਹੋਰੀਂ ਆਪਣੀ ਪਾਰਟੀ ਦਾ ਨਾਂ ਬਦਲ ਕੇ “ਭਾਰਤੀ ਸੋਸਲਿਸ਼ਟ ਰਿਪਬਲਿਕਨ ਐਸੋਸੀਏਸ਼ਨ” ਰੱਖ ਲਿਆ ਅਤੇ ਪਾਰਟੀ ਵਲੋਂ ਲਾਲਾ ਜੀ ਦੀ ਮੌਤ ਦਾ ਬਦਲਾ ਲੈਣ ਦੀ ਯੋਜਨਾ ਬਣਾਈ ਗਈ ਅਤੇ ਫਿਰ ਸਹੀ ਪਹਿਚਾਣ ਨਾ ਹੋ ਸਕਣ ਕਾਰਨ “ਸਕਾਟ ਦੀ ਬਜਾਏ ਗਲਤੀ ਨਾਲ ਜੌਹਨ ਪੀ ਸਾਡਰਸ ਮਾਰਿਆ ਗਿਆ।
1929 ਵਿੱਚ ਭਗਤ ਸਿੰਘ ਤੇ ਸਾਥੀਆਂ ਵਲੋਂ ਆਪਣੀਆਂ ਸਰਗਰਮੀਆਂ ਤੇਜ ਕਰਦਿਆਂ ਪੈਰਿਸ ਵਿੱਚ “ਚੈੰਬਰ ਆਫ ਡਿਪਟੀਜ਼” ਉੱਤੇ ਬੰਬ ਸੁੱਟਣ ਵਾਲੇ ਫਰਾਂਸੀਸੀ ਅਰਾਜਕਤਾਵਾਦੀ ਅਗਸਟਮ ਵੈਲਟ ਤੋਂ ਪ੍ਰਭਾਵਿਤ ਹੋ ਕੇ ਭਗਤ ਸਿੰਘ ਨੇ “ਕੇਂਦਰੀ ਅਸੈਂਬਲੀ ਦਿੱਲੀ” ਅੰਦਰ ਬੰਬ ਧਮਾਕਾ ਕਰਨ ਦੀ ਯੋਜਨਾ ਬਣਾਈ। ਜਿਸ ਦਾ ਮੁੱਖ ਮਕਸਦ “ਪਬਲਿਕ ਸੇਫਟੀ ਬਿੱਲ” ਅਤੇ “ਵਪਾਰ ਵਿਵਾਦ ਕਾਨੂੰਨ” ਦਾ ਵਿਰੋਧ ਕਰਨਾ ਸੀ। ਜਿਸ ਨੂੰ ਅਸੈਂਬਲੀ ਵਲੋਂ ਰੱਦ ਕਰਨ ਦੇ ਬਾਅਦ ਵੀ ਵਾਇਸਰਾਏ ਆਪਣੀ ਤਾਕਤ ਦਾ ਇਸਤੇਮਾਲ ਕਰਕੇ ਬਣਾ ਰਿਹਾ ਸੀ। ਕਾਫ਼ੀ ਵਿਰੋਧ ਅਤੇ ਵਿਵਾਦ ਤੋਂ ਬਾਅਦ ਸਰਬਸੰਮਤੀ ਨਾਲ ਬੰਬ ਸੁੱਟਣ ਲਈ ਭਗਤ ਸਿੰਘ ਤੇ ਬੁੱਕਟੇਸਵਰ ਦੱਤ ਦੀ ਚੋਣ ਤੇ ਸਹਿਮਤੀ ਪ੍ਰਗਟ ਕੀਤੀ ਗਈ। ਯੋਜਨਾ ਅਨੁਸਾਰ 8 ਅਪ੍ਰੈਲ 1929 ਨੂੰ ਅਸੈਂਬਲੀ ਵਿੱਚ ਇਨ੍ਹਾਂ ਦੋਵਾਂ ਇਨਕਲਾਬੀਆਂ ਨੇ ਹਾਲ ਵਿਚ ਖਾਲੀ ਜਗ੍ਹਾ ਤੇ ਬੰਬ ਸੁੱਟ ਦਿੱਤਾ ਕਿਉਂਕਿ ਉਨ੍ਹਾਂ ਦਾ ਮਕਸਦ ਕਿਸੇ ਸੱਟ ਚੋਟ ਜਾਂ ਜਾਨੋਂ ਮਾਰਨਾ ਨਹੀਂ ਸੀ ਪਰ ਫਿਰ ਵੀ ਵਾਇਸਰਾਏ ਦੇ ਕਾਰਜਕਾਰੀ ਕੌਂਸਲ ਦੇ ਵਿੱਤ ਮੈਂਬਰ ਜਾਰਜ ਅਰਨੇਟਰ ਸ਼ੂਟਰ ਸਮੇਤ ਕੁੱਝ ਮੈਂਬਰ ਜਖ਼ਮੀ ਹੋ ਗਏ।
ਪੂਰਾ ਹਾਲ ਧੂੰਏ ਨਾਲ ਭਰ ਗਿਆ ਅਤੇ ਦੋਵੇਂ ਯੋਧਿਆਂ ਨੇ ਮੌਕੇ ਤੋਂ ਭੱਜਣ ਦੀ ਬਜਾਏ ਅਸੈਂਬਲੀ ਵਿੱਚ ਆਪਣੇ ਪ੍ਰੋਗਰਾਮ ਦੇ ਪਰਚੇ ਸੁੱਟਦੇ ਹੋਏ “ਇਨਕਲਾਬ ਜਿੰਦਾਬਾਦ” ਦੇ ਨਾਹਰੇ ਲਗਾਉਂਦੇ ਰਹੇ ਅਤੇ ਕੁੱਝ ਸਮੇਂ ਬਾਅਦ ਉਨ੍ਹਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। ਪਾਰਟੀ ਵਲੋਂ ਲਾਹੌਰ ਅਤੇ ਸਹਾਰਨਪੁਰ ਵਿਚ ਬੰਬ ਬਣਾਉਣ ਲਈ ਫੈਕਟਰੀਆਂ ਲਗਾਈਆਂ ਹੋਈਆਂ ਸਨ 15 ਅਪ੍ਰੈਲ 1929 ਪੁਲਸ ਵਲੋਂ ਲਾਹੌਰ ਬੰਬ ਫੈਕਟਰੀ ਤੇ ਛਾਪੇਮਾਰੀ ਕੀਤੀ ਗਈ ਜਿਸ ਦੌਰਾਨ ਪਾਰਟੀ ਦੇ ਸਰਗਰਮ ਮੈਂਬਰ ਸਾਥੀ ਕਿਸ਼ੋਰੀ ਲਾਲ, ਸੁਖਦੇਵ ਤੇ ਜੈ ਗੋਪਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਅਜਾਦੀ ਪ੍ਰਵਾਨਿਆਂ ਖਿਲਾਫ ਵੱਖ – ਵੱਖ ਕੇਸਾਂ ਦੀ ਸੁਣਵਾਈ ਚੱਲਦੀ ਰਹੀ ਅਖੀਰ 7 ਅਕਤੂਬਰ 1930 ਨੂੰ ਅਦਾਲਤ ਨੇ ਆਪਣੇ ਸਾਰੇ ਸਬੂਤਾਂ ਦੇ ਆਧਾਰ ਤੇ 300 ਪੰਨਿਆਂ ਦਾ ਫੈਸਲਾ ਜਾਰੀ ਕਰਦਿਆਂ ਅਤੇ ਸਾਡਰਸ ਦੀ ਹੱਤਿਆ ਦੇ ਮਾਮਲੇ ਵਿੱਚ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫ਼ਾਂਸੀ ਦੀ ਸਜਾ ਸੁਣਾਈ ਅਤੇ ਕੁੱਝ ਸਾਥੀਆਂ ਨੂੰ ਉਮਰ ਕੈਦ ਅਤੇ ਕੁੱਝ ਨੂੰ 7 ਤੇ 5 ਸਾਲ ਦੀ ਸਜਾ ਸੁਣਾਈ ਗਈ। ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ 24 ਮਾਰਚ 1931 ਨੂੰ ਫਾਂਸੀ ਦੇਣ ਦਾ ਹੁਕਮ ਸੁਣਾਇਆ ਗਿਆ ਸੀ ਪਰ ਲੋਕਾਂ ਦੇ ਰੋਹ ਨੂੰ ਦੇਖਦੇ ਹੋਏ ਡਰਦਿਆਂ ਹੋਇਆ ਅੰਗਰੇਜ਼ੀ ਸਾਮਰਾਜ ਹਕੂਮਤ ਨੇ 23 ਮਾਰਚ ਦੀ ਰਾਤ ਸਾਢੇ ਸੱਤ ਵਜੇ ਦੇ ਕਰੀਬ ਹੀ ਤਿੰਨ ਕ੍ਰਾਂਤੀਕਾਰੀ ਯੋਧਿਆਂ ਨੂੰ ਫਾਂਸੀ ਦੇ ਦਿੱਤੀ ਅਤੇ ਫਿਰ ਜੇਲ੍ਹ ਦੀ ਪਿਛਲੀ ਕੰਧ ਤੋੜ ਕੇ ਚੋਰੀ ਛਿਪੇ ਹੀ ਲਾਸ਼ਾਂ ਦੇ ਟੁਕੜੇ ਕਰਕੇ ਬੋਰੀਆਂ ਵਿੱਚ ਪਾ ਕੇ ਬਾਹਰ ਲਿਜਾ ਕੇ “ਗੰਡਾ ਸਿੰਘ ਵਾਲਾ” ਪਿੰਡ ਦੇ ਬਾਹਰ ਸਤਲੁਜ ਨਦੀ ਦੇ ਕੰਢੇ ਤੇ ਸੰਸਕਾਰ ਕਰ ਦਿੱਤਾ। ਸ਼ਹੀਦ ਭਗਤ ਸਿੰਘ ਮਾਰਕਸਵਾਦੀ, ਲੈਨਿਨਵਾਦੀ ਵਿਚਾਰਧਾਰਾ ਦਾ ਧਾਰਨੀ ਸੀ ਆਖਰੀ ਵਕਤ ਵੀ ਉਹ ਜੇਲ੍ਹ ਅੰਦਰ ਕਾਮਰੇਡ ਲੈਨਿਨ ਦੀ ਕਿਤਾਬ “ਰਾਜ ਤੇ ਇਨਕਲਾਬ” ਪੜ੍ਹ ਰਿਹਾ ਸੀ ਜਦੋਂ ਉਸ ਨੂੰ ਜੇਲ੍ਹਰ ਨੇ ਫਾਂਸੀ ਦੇ ਤਖਤੇ ਵੱਲ ਚਲਣ ਲਈ ਕਿਹਾ ਤਾਂ ਉਸ ਨੇ ਕਿਹਾ ਕਿ ਥੋੜ੍ਹਾ ਠਹਿਰ ਜਾਹ ਇੱਕ ਇਨਕਲਾਬੀ ਦੂਸਰੇ ਇਨਕਲਾਬੀ (ਲੈਨਿਨ) ਨੂੰ ਮਿਲ ਰਿਹਾ ਹੈ। ਫਿਰ ਭਗਤ ਸਿੰਘ ਇਸ ਕਿਤਾਬ ਦਾ ਪੰਨਾ ਮੋੜ ਕੇ ਮੁਸ਼ਕਰਾਉਦਾ ਹੋਇਆ ਜੇਲ੍ਹਰ ਨਾਲ ਤੁਰ ਪਿਆ।
ਸ਼ਹੀਦ ਭਗਤ ਸਿੰਘ ਅਕਸਰ ਇਹ ਕਹਿੰਦਾ ਹੁੰਦਾ ਸੀ ਕਿ ਗੋਰੇ ਅੰਗਰੇਜ਼ ਤਾਂ ਹੁਣ ਇੱਥੋਂ ਚਲੇ ਹੀ ਜਾਣਗੇ ਪਰ ਫਿਰ ਕਾਲੇ ਸਰਮਾਏਦਾਰ ਸਾਨੂੰ ਗੁਲਾਮ ਬਣਾ ਕੇ ਸਾਡੀ ਲੁੱਟ ਕਸੁੱਟ ਜਾਰੀ ਰੱਖਣਗੇ ਇਸ ਕਰਕੇ ਸਾਨੂੰ ਅਧੂਰੀ ਅਜਾਦੀ ਮੰਨਜੂਰ ਨਹੀਂ ਅਸੀਂ ਤਾਂ ਇਹੋ ਜਿਹੇ ਸਮਾਜਵਾਦੀ ਢਾਂਚੇ ਦੀ ਸਥਾਪਨਾ ਕਰਨੀ ਚਾਹੁੰਦੇ ਹਾਂ ਜਿਸ ਵਿੱਚ”ਇਨਸਾਨ ਹੱਥੋਂ ਇਨਸਾਨ” ਦੀ ਲੁੱਟ ਖ਼ਤਮ ਹੋ ਜਾਵੇ। ਅਜੋਕੇ ਸਮੇਂ ਦੌਰਾਨ ਇਹੀ ਕੁੱਝ ਤਾਂ ਹੋ ਰਿਹਾ ਹੈ ਕਿ ਕਾਲੇ ਅੰਗਰੇਜ਼ ਅੰਬਾਨੀ – ਅਡਾਨੀ ਵਰਗੇ ਕੁੱਝ ਗਿਣਤੀ ਦੇ ਪੂੰਜੀਵਾਦੀ ਘਰਾਣੇ ਸਾਡੇ ਮਹਾਨ ਭਾਰਤ ਨੂੰ ਮੁੜ ਗੁਲਾਮ ਬਣਾਉਣ ਦੇ ਮਕਸਦ ਨਾਲ ਦਿਨ ਰਾਤ ਲੁੱਟਣ ਤੇ ਲੱਗੇ ਹੋਏ ਹਨ।
ਦੂਜੇ ਪਾਸੇ ਸੱਤਾ ਤੇ ਕਾਬਜ ਭਾਜਪਾ ਦੀ ਮੋਦੀ ਸਰਕਾਰ ਇਨ੍ਹਾਂ ਲੁਟੇਰਿਆਂ ਦੇ ਪੱਖ ਵਿੱਚ ਲੋਕ ਮਾਰੂ “ਕਾਲੇ ਕਾਨੂੰਨ ਬਣਾ ਕੇ ਅਤੇ ਦੇਸ਼ ਦੇ ਮਿਹਨਤਕਸ਼ ਲੋਕਾਂ ਦੇ ਖੂਨ – ਪਸੀਨੇ ਨਾਲ ਬਣੇ ਹੋਏ ਪਬਲਿਕ ਅਦਾਰੇ ਇਨ੍ਹਾਂ ਪੂੰਜੀਪਤੀਆਂ ਨੂੰ ਕੌਡੀਆਂ ਦੇ ਭਾਅ ਵਿੱਚ ਬੇਚ ਕੇ ਦੇਸ਼ ਨੂੰ ਕੰਗਾਲ ਕਰਕੇ ਆਮ ਲੋਕਾਂ ਦੇ ਹੱਕਾਂ-ਹਿੱਤਾਂ ਨੂੰ ਖ਼ਤਮ ਕਰਦੇ ਹੋਏ ਦੇਸ਼ ਦੇ ਪਵਿੱਤਰ ਸਵਿੰਧਾਨ ਨੂੰ ਤਹਿਸ-ਨਹਿਸ ਕਰ ਕੇ ਲੋਕਤੰਤਰ ਦਾ ਘਾਣ ਅਤੇ ਹਿੱਟਲਰਸ਼ਾਹੀ ਹਕੂਮਤ ਸਥਾਪਿਤ ਕਰਨ ਤੇ ਲੱਗੀ ਹੋਈ ਹੈ ਅਤੇ ਕੁੱਝ ਸਿਮਰਨਜੀਤ ਸਿੰਘ ਮਾਨ ਵਰਗੇ ਸਾਮਰਾਜੀਆਂ ਦੇ ਖਾਨਦਾਨੀ ਝੋਲੀਚੁੱਕ ਆਮ ਲੋਕਾਂ ਨੂੰ ਮਹਾਨ ਸ਼ਹੀਦਾਂ ਦੀ ਕ੍ਰਾਂਤੀਕਾਰੀ ਸੋਚ ਤੋਂ ਦੂਰ ਲਿਜਾਣ ਵਾਸਤੇ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿ ਕੇ ਆਪਣੀ ਗਿਰੀ ਹੋਈ ਘਟੀਆ ਸੋਚ ਦਾ ਪ੍ਰਗਟਾਵਾ ਕਰ ਰਹੇ ਹਨ ਪਰ ਭਾਰਤ ਦੇ ਸੂਝਵਾਨ ਲੋਕ ਇਹ ਭਲੀਭਾਂਤ ਜਾਣਦੇ ਹਨ ਕਿ ਇਸ ਖਤਰਨਾਕ ਤੇ ਖੌਫਜ਼ਦਾ ਦੌਰ ਵਿੱਚ ਸ਼ਹੀਦ ਭਗਤ ਸਿੰਘ ਤੇ ਹੋਰ ਦੇਸ਼ ਭਗਤ, ਗਦਰੀ ਬਾਬਿਆਂ ਦੀ ਸਮਾਜਵਾਦੀ ਸੋਚ ਨੂੰ ਅਪਣਾਉਂਦੇ ਹੋਏ ਸੰਘਰਸ਼ ਦੇ ਮੈਦਾਨ ਵਿੱਚ ਕੁੱਦ ਕੇ ਹਰ ਕੁਰਬਾਨੀ ਕਰਨ ਲਈ ਅੱਗੇ ਵਧਣਾ ਹੀ ਸਾਡੇ ਅਮਰ ਸ਼ਹੀਦਾਂ ਦੇ ਵੱਡਮੁੱਲੇ ਵਿਚਾਰਾਂ ਦਾ ਅਸਲੀ ਮਾਣ-ਸਨਮਾਨ ਹੋਵੇਗਾ ਅਤੇ ਮਨੁੱਖਤਾ ਵਿਰੋਧੀ ਸਾਮਰਾਜੀਆਂ ਦਾ ਵਿਨਾਸ਼ ਹੋਵੇਗਾ ।
ਦਵਿੰਦਰ ਪਾਲ ਹੀਉਂ (ਬੰਗਾ)
ਸਪੰਰਕ – 0039 3203459870
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly