ਸ਼ਹੀਦ ਭਗਤ ਸਿੰਘ ਦੇ ਵਾਰਸੋ ਉੱਠੋ ਤੇ ਆਪਣਾ ਪਿੰਡ ਬਚਾਓ

ਸ਼ਹੀਦ ਭਗਤ ਸਿੰਘ

(ਸਮਾਜ ਵੀਕਲੀ)

ਸਤੰਬਰ 2007 ਦੀ ਗੱਲ ਹੈ। ਭਗਤ ਸਿੰਘ ਵਿਚਾਰ ਮੰਚ ਲੈਸਟਰ ਨੇ ਸ਼ਹੀਦ ਭਗਤ ਸਿੰਘ ਜੀ ਦਾ 100ਵਾਂ ਜਨਮ ਦਿਹਾੜਾ ਮਨਾਉਣ ਲਈ ਜਨਤਕ ਮੀਟਿੰਗ ਸਥਾਨਿਕ ਸਕੂਲ ਵਿੱਚ ਰੱਖੀ ਸੀ। ਇਤਫ਼ਾਕਨ ਪ੍ਰੋ. ਜਗਮੋਹਣ ਸਿੰਘ ਜੀ (ਸ਼ਹੀਦ ਭਗਤ ਸਿੰਘ ਜੀ ਦਾ ਭਾਣਜਾ) ਉਹਨੀਂ ਦਿਨੀਂ ਇੰਗਲੈਂਡ ਵਿੱਚ ਸਨ ਅਤੇ ਸਾਡੀ ਬੇਨਤੀ ਤੇ ਉਹਨਾਂ ਨੇ ਲੈਸਟਰ ਵਿੱਚ ਮੀਟਿੰਗ ਨੂੰ ਮੁੱਖ ਬੁਲਾਰੇ ਦੇ ਤੌਰ ਤੇ ਸੰਬੋਧਨ ਕੀਤਾ। ਇਕ ਗੱਲ ਜੋ ਉਹਨਾਂ ਜਨਤਕ ਮੀਟਿੰਗ ਵਿੱਚ ਅਤੇ ਅਗਲੇ ਦਿਨ ਕੁਝ ਗਿਣਵੇਂ ਦੋਸਤਾਂ ਦੀ ਇਕੱਤਰਤਾ ਵਿੱਚ ਕਹੀ ਉਹ ਮੇਰੇ ਜ਼ਿਹਨ ਵਿੱਚ ਅੱਜ ਵੀ ਉਸੇ ਤਰ੍ਹਾਂ ਉੱਕਰੀ ਪਈ ਹੈ। ਪ੍ਰੋ. ਜਗਮੋਹਣ ਸਿੰਘ ਜੀ ਨੇ ਕਿਹਾ ਸੀ ਕਿ “ਤੁਸੀਂ ਸਮਝ ਹੀ ਨਹੀਂ ਸਕੇ ਹੋ ਕਿ ਪੰਜਾਬ ਵਿੱਚ ਸਰਮਾਏਦਾਰੀ ਨੇ ਪਿੰਡ ਤੋੜ ਦਿੱਤਾ ਹੈ, ਆਉਣ ਵਾਲੇ ਸਮੇਂ ਵਿੱਚ ਇਸਦੇ ਬਹੁਤ ਘਾਤਕ ਨਤੀਜੇ ਤੁਹਾਡੇ ਸਾਹਮਣੇ ਆਉਣ ਵਾਲੇ ਹਨ”। ਮੈਨੂੰ ਨਹੀਂ ਪਤਾ ਕਿ ਜਨਤਕ ਮੀਟਿੰਗ ਵਿੱਚ ਹਾਜ਼ਰ ਲੋਕਾਂ ਅਤੇ ਕੁਝ ਗਿਣਵੇਂ ਦੋਸਤਾਂ ਦੀ ਇਕੱਤਰਤਾ ਵਿੱਚ ਹਾਜ਼ਰ ਕਿੰਨੇ ਕੁ ਲੋਕਾਂ ਨੂੰ ਉਹਨਾਂ ਦੀ ਗੱਲ ਦੀ ਡੂੰਘਾਈ, ਮਤਲਬ ਅਤੇ ਇਸਦੇ ਭਾਰਤੀ ਸਮਾਜ – ਖਾਸ ਕਰਕੇ ਪੰਜਾਬੀ ਸਮਾਜ – ਉੱਤੇ ਅਸਰ ਅਤੇ ਸੰਭਾਵੀ ਸਿੱਟਿਆਂ ਬਾਰੇ ਸਮਝ ਪਿਆ ਹੋਵੇਗਾ। ਪਰ ਮੈਂ ਨਹੀਂ ਸਮਝ ਸਕਿਆਂ ਸਾਂ। ਅਕਸਰ ਜੋ ਗੱਲ ਤੁਹਾਨੂੰ ਸਮਝ ਨਹੀਂ ਪੈਂਦੀ ਉਸਦੀ ਮਹੱਤਤਾ ਤੋਂ ਤੁਸੀਂ ਵਿਰਵੇ ਰਹਿ ਜਾਂਦੇ ਹੋ ਅਤੇ ਉਸ ਗੱਲ ਨੂੰ ਵਿਸਰ ਵੀ ਜਾਂਦੇ ਹੋ। ਫਿਰ ਵੀ ਇਹ ਗੱਲ ਮੈਂਨੂੰ ਯਾਦ ਹੀ ਨਹੀਂ ਰਹੀ ਬਲਕਿ ਮੇਰੇ ਦਿਮਾਗ ਤੇ ਉੱਕਰੀ ਗਈ। ਕਿਓਂ? ਮੈਂ ਇਸਦਾ ਕੋਈ ਮਨੋ-ਵਿਗਿਆਨਿਕ ਕਾਰਣ ਨਹੀਂ ਦੇ ਸਕਦਾ। ਮੇਰੇ ਲਗਾਤਾਰ ਇਸ ਬਾਰੇ ਸੋਚਦੇ ਰਹਿਣ ਕਰਕੇ ਇਹ ਵਾਕ ਕਦੇ ਮੇਰੇ ਦਿਮਾਗ ਵਿੱਚੋਂ ਗਿਆ ਹੀ ਨਹੀਂ।

ਜਿਵੇਂ ਜਿਵੇਂ ਹਿੰਦੋਸਤਾਨ ਵਿੱਚ ਘਟਨਾਵਾਂ ਵਾਪਰਦੀਆਂ ਗਈਆਂ ਤਿਵੇਂ ਤਿਵੇਂ ਪ੍ਰੋ. ਜਗਮੋਹਣ ਸਿੰਘ ਜੀ ਦੀ ਕਹੀ ਗੱਲ ਵਿਵਹਾਰਿਕ (ਅਮਲੀ) ਰੂਪ ਵਿੱਚ ਸਪਸ਼ਟ ਹੁੰਦੀ ਗਈ। 2014 ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ ਕੇਂਦਰ ਵਿੱਚ ਚੁਣਕੇ ਆ ਗਈ ਸੀ। 2014 ਤੋਂ ਜੋ ਕੁਝ ਹੁਣ ਤੀਕਰ ਵਾਪਰ ਚੁੱਕਾ ਹੈ ਉਹ ਕਿਸੇ ਕੋਲੋਂ ਛੁਪਿਆ ਹੋਇਆ ਨਹੀਂ ਹੈ। ਬੀਜੇਪੀ ਸਰਕਾਰ ਨੇ ਪਹਿਲੀਆਂ ਸਰਕਾਰਾਂ ਵਲੋਂ ਪਿੰਡ ਨੂੰ ਤੋੜਨ ਦੇ ਵਿੱਢੇ ਕੰਮ ਨੂੰ ਜ਼ਿਆਦਾ ਤੇਜ਼ ਰਫ਼ਤਾਰ ਨਾਲ ਨੇਪਰੇ ਚਾੜਨਾ ਸ਼ੁਰੂ ਕਰ ਦਿੱਤਾ।

ਪਿੰਡ – ਇਕ ਸੋਚ, ਮਾਨਵੀ ਕਦਰਾਂ ਕੀਮਤਾਂ ਦੇ ਮਾਪਦੰਡਾਂ ਅਤੇ ਉਤਪਾਦਨ ਸਾਧਨਾਂ ਦਾ ਪ੍ਰਤੀਕ ਹੈ। ਇਸੇ ਪਿੰਡ ਦੁਆਲੇ ਸਾਡੇ ਰਿਸ਼ਤੇ ਉਣੇ ਹੋਏ ਹਨ ਅਤੇ ਇਹਨਾਂ ਰਿਸ਼ਤਿਆਂ ਕਰਕੇ ਸਾਡੇ ਦੁੱਖਾਂ-ਸੁੱਖਾਂ ਦੀ ਸ਼ਿੱਦਤ ਵੀ ਪੇਤਲੀ ਜਾਂ ਗਹਿਰੀ ਹੁੰਦੀ ਜਾਂਦੀ ਹੈ। ਉਦਾਹਰਣ ਦੇ ਤੌਰ ਤੇ ਵਿਆਹ ਵੇਲੇ ਲਾੜਾ ਜਿਸ ਪਿੰਡ ਬਰਾਤ ਲੈ ਕੇ ਢੁੱਕਦਾ ਸੀ ਉਸ ਪਿੰਡ ਵਿੱਚ ਲਾੜੇ ਦੇ ਪਿੰਡੋਂ ਵਿਆਹੀ ਹੋਈ ਲੜਕੀ ਨੂੰ ਮੰਨਿਆਂ ਜਾਂਦਾ ਸੀ (ਭਾਵ ਕੋਈ ਛੋਟਾ ਮੋਟਾ ਤੋਹਫਾ ਭੇਂਟ ਕੀਤਾ ਜਾਂਦਾ ਸੀ) ਭਾਂਵੇ ਉਹ ਲੜਕੀ ਲਾੜੇ ਦੇ ਪਰਿਵਾਰ ਦੇ ਨਜ਼ਦੀਕੀਆਂ ਵਿੱਚੋਂ ਨਾ ਵੀ ਹੋਵੇ। ਅਜੋਕੀ ਪੀੜ੍ਹੀ ਨੂੰ ਇਹ ਗੱਲ ਭਾਂਵੇ ਵੇਲਾ ਵਿਹਾ ਚੁੱਕੀ ਲੱਗੇ ਪਰ ਇਹ ਸਨਮਾਨ ਅਤੇ ਰਿਸ਼ਤਿਆਂ ਦੇ ਅਪਣੱਤ ਦੀ ਗੱਲ ਸੀ। ਪਰ ਇਹ ਉਤਪਾਦਨ ਦੇ ਸਾਧਨਾਂ ਦੀ ਤਬਦੀਲੀ ਦੇ ਦੌਰ ਦਾ ਇਸ਼ਾਰਾ ਸੀ। ਇਹ ਨਿਘਾਰ ਇੱਥੋਂ ਸ਼ੁਰੂ ਹੁੰਦਾ ਹੋਇਆ ਮਾਪਿਆਂ ਦੀ ਹੁੰਦੀ ਰੋਜ਼ਾਨਾ ਦੁਰਗਤੀ ਦੀਆਂ ਸੁਰਖੀਆਂ ਤੇ ਆ ਪਹੁੰਚਾ ਹੈ। ਅੱਜ ਦੇ ਵਿਆਹਾਂ ਵਿੱਚ ਹੁੰਦੇ ਲੱਚਰ ਕਿਸਮ ਦੇ ਜਸ਼ਨ ਕਿਸੇ ਕੋਲੋ ਲੁਕੇ ਹੋਏ ਨਹੀਂ ਹਨ। ਇਹ ਇੱਕਾ ਦੁੱਕਾ ਉਦਾਹਰਣਾਂ ਨਹੀਂ ਹਨ ਇਹਨਾਂ ਦੀ ਇਕ ਲੰਬੀ ਕੜੀ ਹੈ ਜਿਸ ਵਿੱਚ ਜ਼ਿੰਦਗੀ ਨਾਲ ਜੁੜਿਆ ਹਰ ਸਮਾਜਿਕ, ਸੱਭਿਆਚਾਰਿਕ, ਆਰਥਿਕ, ਇਤਿਹਾਸਿਕ, ਧਾਰਮਿਕ ਅਤੇ ਸਿੱਖਿਅਕ ਪਹਿਲੂ ਸ਼ਾਮਲ ਹੈ। ਇਹ ਆਪ ਮੁਹਾਰੇ ਹੋਇਆ ਘਟਨਾਕ੍ਰਮ ਨਹੀਂ ਹੈ ਬਲਕਿ ਇਕ ਸੋਚੀ ਸਮਝੀ ਸਾਜਿਸ਼ ਅਤੇ ਯੋਜਨਾ ਤਹਿਤ ਹੋਇਆ ਹੈ।

ਇਹਨਾਂ ਸਾਜਿਸ਼ਾਂ ਦੇ ਫਲਸਰੂਪ ਆਈਆਂ ਤਬਦੀਲੀਆਂ ਕਰਕੇ ਹੀ ਅਸੀਂ ਅਜਿਹੇ ਮੋੜ ਤੇ ਆ ਪੁਹੰਚੇ ਹਾਂ ਕਿ ਸਾਡੇ ਰਿਸ਼ਤਿਆਂ ਦੀ ਤੰਦ ਪਤਲੀ ਹੋ ਕੇ ਇੰਨੀ ਕਮਜ਼ੋਰ ਪੈ ਗਈ ਹੈ ਕਿ ਸਾਨੂੰ ਪਤਾ ਹੀ ਨਹੀਂ ਲਗਦਾ ਕਿ ਕੋਈ ਰਿਸ਼ਤਾ ਕਦੋਂ ਦਾ ਫੌਤ ਹੋ ਚੁੱਕਾ ਹੁੰਦਾ ਹੈ ਅਤੇ ਅਸੀਂ ਉਸਦੀ ਮੌਤ ਨੂੰ ਲਕਾਉਂਦੇ ਹੋਏ ਆਪਣੇ ਮੁੱਖ ਤੇ ਮਸਨੂਈ ਹਾਸੀ ਚਿਪਕਾਈ ਹਫ ਕੇ ਰਹਿ ਜਾਂਦੇ ਹਾਂ। ਸਰਮਾਏਦਾਰੀ ਨੂੰ ਅਜਿਹੇ ਹਫੇ ਹੋਏ ਉਪਭੋਗੀ ਮਨੁੱਖ ਹੀ ਤਾਂ ਚਾਹੀਦੇ ਹਨ ਤਾਂ ਜੋ ਉਹ ਚੀਜਾਂ ਦੀ ਬੁਹਤਲਤਾ ਵਿੱਚੋਂ ਹੀ ਖੁਸ਼ੀ (ਮ੍ਰਿਗ-ਤ੍ਰਿਸ਼ਨਾ) ਭਾਲਣ ਅਤੇ ਧੜਾਧੜ ਵਸਤਾਂ ਖਰੀਦ ਖਰੀਦ ਕੇ ਆਪ ਤਾਂ ਕੰਗਾਲ ਹੋ ਜਾਣ ਅਤੇ ਕੁਝ ਕੁ ਨੂੰ ਮਾਲਾਮਾਲ ਕਰ ਦੇਣ। ਇਸ ਸਭ ਕੁਝ ਦੇ ਬਾਵਜੂਦ ਵੀ ਲੋਕ ਇਕ ਆਸ (ਇਕ ਖੁਸ਼ਫਹਿਮੀ) ਲਗਾ ਕੇ ਬੈਠੇ ਹਨ ਕਿ ਸ਼ਾਇਦ ਇਹ ਕਲਯੁੱਗ ਕਰਕੇ ਹੈ ਅਤੇ ਕਿਸੇ ਅਗੰਮੀ ਸ਼ਕਤੀ ਦੀ ਦਿਆਲਤਾ ਨਾਲ ਠੀਕ ਹੋ ਜਾਵੇਗਾ।

ਹੁਣ ਤੱਕ ਅਗਰ ਕੁਝ ਬਚਿਆ ਰਿਹਾ ਸੀ ਤਾਂ ਇਹ ਸੀ ਉਹ ਸੂਤਰ ਜਿਸ ਵਿੱਚ ਪਿੰਡ (ਸੋਚ) ਦੇ ਮਣਕੇ ਪਰੋਏ ਹੋਏ ਸਨ। ਇਹ ਸੂਤਰ ਸੀ ਪੰਜਾਬ ਦੇ ਪਿੰਡਾਂ ਦਾ ਮੁੱਖ ਰੁਜ਼ਗਾਰ ਸਾਧਨ ਭਾਵ ਖੇਤੀ, ਇਸਦੀ ਤਬਦੀਲੀ ਦੀ ਵਰਤਮਾਨ ਰਫ਼ਤਾਰ, ਜ਼ਾਮੀਨ ਦੀ  ਮਾਲਕੀ,  ਕਾਸ਼ਤ ਦੇ ਢੰਗ ਤਰੀਕੇ ਅਤੇ ਉਤਪਾਦਾ ਦਾ ਮੰਡੀਕਰਣ। ਇਹ ਨਵੇਂ ਖੇਤੀ ਆਰਡੀਨੈਂਸ (ਹੁਣ ਸੰਸਦ ‘ਚ ਪਾਸ ਹੋ ਕੇ ਬਣੇ ਕਾਨੂੰਨ) ਇਸ ਸੂਤਰ ਨੂੰ ਪੂਰੀ ਤਰ੍ਹਾਂ ਤਹਿਸ ਨਹਿਸ ਕਰ ਦੇਣਗੇ।

ਇਸ ਢਾਂਚੇ ਦੇ ਢਹਿ ਢੇਰੀ ਹੋ ਜਾਣ ਨਾਲ ਪੰਜਾਬੀਆਂ ਨੂੰ ਜਿਹਨਾਂ ਮੁਸ਼ਕਲਾਂ ਵਿੱਚੋਂ ਗੁਜ਼ਰਨਾ ਪਵੇਗਾ ਉਹ ਉਹਨਾਂ ਨੂੰ ਅੱਜ ਦਰਪੇਸ਼ ਸਮੱਸਿਆਵਾਂ – ਪਾਣੀ ਦੀ ਥੋੜ, ਵਾਤਾਵਰਣ ਆਦਿਕ – ਤੋਂ ਜਾਂ ਤਾਂ ਅਣਜਾਣ ਹੀ ਰੱਖਣਗੀਆਂ ਜਾਂ ਅਗਰ ਸੁਚੇਤ ਹੋ ਵੀ ਗਏ ਤਾਂ ਉਸ ਬਾਰੇ ਕੁਝ ਕਰ ਸਕਣ ਦੇ ਅਸਮਰੱਥ ਕਰ ਦੇਣਗੀਆਂ। ਅੱਜ ਤੋਂ 30-35 ਕੁ ਸਾਲ ਪਹਿਲਾਂ ਕੀ ਕਿਸੇ ਪੰਜਾਬੀ ਨੇ ਕਿਆਸਿਆ ਹੋਵੇਗਾ ਕਿ ਪੰਜਾਬ ਜੋ ਪਾਣੀਆਂ ਦੀ ਧਰਤੀ ਹੈ ਕਿ ਇਥੇ ਪਾਣੀ ਦੀ ਥੋੜ ਵੀ ਹੋ ਸਕਦੀ ਹੈ? ਹਾਲਾਂਕਿ ਪਿੰਗਲਵਾੜੇ ਵਾਲੇ ਭਗਤ ਪੂਰਨ ਸਿੰਘ ਨੇ ਆਪਣੇ ਜੀਵਨ ਕਾਲ ਵਿੱਚ ਹੀ ਪਾਣੀ ਦੀ ਥੋੜ ਬਾਰੇ ਚਿੰਤਾ ਜ਼ਾਹਰ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਉਸ ਸਮੇਂ ਬਹੁਤੇ ‘ਬੁੱਧੀਜੀਵੀ’ ਭਗਤ ਪੂਰਨ ਸਿੰਘ ਦਾ ਮਖੌਲ ਉਡਾਉਂਦੇ ਹੁੰਦੇ ਸਨ।

ਤਰਕਸ਼ੀਲ ਸੁਸਾਇਟੀ ਲੈਸਟਰ ਇਹ ਮਹਿਸੂਸ ਕਰਦੀ ਹੈ ਭਾਰਤੀ ਸਰਕਾਰ ਦੁਆਰਾ ਲਿਆਂਦੇ ਗਏ ਤਿੰਨੋ ਕਾਨੂੰਨ ਖੇਤੀ ਦੇ ਅਜੋਕੇ ਰੂਪ ਨੂੰ ਬਿਲਕੁਲ ਤਹਿਸ ਨਹਿਸ ਕਰ ਦੇਣੇਗੇ ਜਿਸ ਨਾਲ ਸਥਾਨਿਕ ਲੋਕ ਜੋ ਸਿੱਧੇ ਜਾਂ ਸਹਾਇਕ ਕਿੱਤਿਆਂ ਦੁਆਰਾ ਖੇਤੀ ਨਾਲ ਜੁੜੇ ਹੋਏ ਹਨ ਉਹਨਾਂ ਦੀ ਆਰਥਿਕਤਾ ਬਹੁਤ ਹੀ ਅਸਥਿਰ ਹੋ ਜਾਵੇਗੀ। ਇਹ ਅਸਥਿਰਤਾ ਰੁਜ਼ਗਾਰ ਦੇ ਹੋਰਨਾਂ ਮੌਕਿਆਂ ਦੀ ਥੋੜ ਕਾਰਨ ਹੋਰ ਵੀ ਮਾਰੂ ਸਿੱਧ ਸਾਬਤ ਹੋਵੇਗੀ। ਇਹਨਾਂ ਮਾਰੂ ਸਿੱਟਿਆਂ ਵਿੱਚ ਸਰੀਰਿਕ ਅਤੇ ਮਾਨਸਿਕ ਸਿਹਤ ਦੀਆਂ ਗੰਭੀਰ ਸਮੱਸਿਆਵਾਂ, ਸਿੱਖਿਆ ਦੇ ਮੌਕਿਆਂ ਦੀ ਥੋੜ, ਵਾਤਾਵਰਣ ਸੰਬੰਧੀ ਮਸਲੇ, ਸਮਾਜਿਕ ਅਰਾਜਕਿਤਾ, ਗਰੀਬੀ ਆਮੀਰੀ ਦਾ ਪਾੜਾ ਅਤੇ ਇਸ ਪਾੜੇ ਦੀ ਰਫਤਾਰ ਦਾ ਵੱਧਣਾ, ਭਰਾਤਰੀ ਭਾਵ ਵਾਲੇ ਸਮਾਜਿਕ ਤਾਣੇ ਬਾਣੇ ਆਦਿ ਦਾ ਟੁੱਟਣਾ ਲੱਗਭੱਗ ਤੈਅ ਹੀ ਹਨ।

ਅੱਜ ਲੋੜ ਹੈ ਕਿ ਹਰ ਜਾਗਦਾ, ਚਿੰਤਤ ਪੰਜਾਬੀ, ਹਿੰਦੋਸਤਾਨੀ – ਚਾਹੇ ਉਸਦੀ ਧਾਰਮਿਕ, ਆਰਥਿਕ, ਸਿਆਸੀ, ਬੋਲੀ, ਖਿੱਤਾ, ਪਹਿਰਾਵਾ, ਪਿਛੋਕੜ ਆਦਿ ਕੁਝ ਵੀ ਹੋਵੇ – ਉਹ ਉੱਠ ਕੇ ਇਹਨਾਂ ਕਾਨੂੰਨਾਂ ਦਾ ਹਰ ਸੰਭਵ ਤਰੀਕੇ ਆਪਣੀ ਸਮਰੱਥਾ ਅਨੁਸਾਰ ਭਰਪੂਰ ਵਿਰੋਧ ਕਰੇ। ਇਹਨਾਂ  ਲੋਕ ਵਿਰੋਧੀ  ਕਾਨੂੰਨਾਂ ਦਾ ਵਿਰੋਧ ਨਾ ਕਰਨ ਦਾ ਕੋਈ ਵੀ ਬਹਾਨਾ ਨਿਗੂਣਾ ਅਤੇ ਆਧਾਰਹੀਣ ਹੋਵੇਗਾ। ਹਰ ਉਹ ਵਿਅਕਤੀ ਅਤੇ ਸੰਸਥਾ ਜੋ ਜਾਣੇ ਜਾਂ ਅਣਜਾਣੇ ਇਸ ਵਿਰੁੱਧ ਨਹੀਂ ਖੜਾ ਹੋ ਰਿਹਾ ਉਹ ਇਹਨਾਂ ਕਾਨੂੰਨਾਂ ਵਿਰੁੱਧ ਉੱਠੀ ਲਹਿਰ ਦੇ ਪ੍ਰਤੀਰੋਧ ਵਿੱਚ ਭੁਗਤਦਾ ਹੈ ਅਤੇ ਉਹ ਲੋਕ ਦੋਖੀ ਹੈ।

ਤਰਕਸ਼ੀਲ ਸੁਸਾਇਟੀ ਲੈਸਟਰ ਸੰਘਰਸ਼ ਕਰ ਰਹੇ ਪੰਜਾਬੀਆਂ ਦੇ ਸੰਘਰਸ਼ ਨਾਲ ਖੜੀ ਹੈ। ਅਸੀਂ ਤੁਹਾਡੇ ਰਿਣੀ ਵੀ ਹਾਂ ਕਿ ਤੁਸੀਂ ਆਪਣੇ ਪੁਰਖਿਆਂ ਦੀ ਰਿਵਾਇਤ, (ਜੇ ਜੀਵੈ, ਪਤਿ ਲਥੀ ਜਾਏ। ਸਭੁ ਹਰਾਮੁ ਜੇਤਾ ਕਿਛੁ ਖਾਇ।) ਰੱਖ ਵਿਖਾਈ ਹੈ ਅਤੇ ਨਿਪੱਤੇ ਹੋ ਕੇ ਜੀਉਣ ਨਾਲੋਂ ਲੜ ਕੇ ਜਿਉਣ ਨੂੰ ਤਰਜ਼ੀਹ ਦਿੱਤੀ ਹੈ।

ਅੱਜ 28 ਸਤੰਬਰ 2020 ਨੂੰ ਅਸੀਂ ਸ਼ਹੀਦ ਭਗਤ ਸਿੰਘ ਦਾ ਜਨਮ ਮਨਾ ਰਹੇ ਹਾਂ। ਅੱਜ ਦੇ ਦਿਨ ਕੁਝ ਕੁ ਗਾਣੇ ਵਜਾ ਲੈਣੇ, ਵੱਟਸਐਪ ਤੇ ਸੁਨੇਹੇ ਭੇਜ ਦੇਣੇ ਅਤੇ ਨਾਹਰੇ ਲਗਾ ਲੈਣ ਨਾਲ ਕੁਝ ਵੀ ਸੁਧਰਣ ਵਾਲਾ ਨਹੀਂ ਹੈ। ਆਓ ਸ਼ਹੀਦ ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਦੇਣ ਲਈ ਉਹਨਾਂ ਦੀ ਸੋਚ ਨੂੰ ਅੱਗੇ ਤੋਰਨ ਅਤੇ ਆਪਣੇ ਭਵਿੱਖ ਨੂੰ ਬਚਾਉਣ ਲਈ ਉੱਠ ਕੇ ਖੜੇ ਹੋਈਏ ਅਤੇ ਮੋਦੀ ਸਰਕਾਰ ਦੇ ਲੋਕ ਵਿਰੋਧੀ ਫ਼ੈਸਲਿਆਂ ਨੂੰ ਨਾ-ਮਨਜ਼ੂਰ ਕਰੀਏ ਅਤੇ ਰੱਦ ਕਰਵਾਉਣ ਲਈ ਸਘੰਰਸ਼ ਕਰੀਏ।

– Navdeep Singh
Asian Rationalist Society Britain

Previous articleTribute to Jaswant Singh
Next articleचांदनी चौक एतिहासिक बुद्ध विहार से दुखद घटना, असामाजिक मनुवादी तत्वो द्वारा मेन गेट पर लगे बोर्ड को तोड़ा गया