ਭਾਰਤੀ ਮਜਦੂਰ ਸਭਾ ਗ੍ਰੇਟ ਬ੍ਰਿਟੇਨ ਦੀ ਕਾਨਫਰੰਸ 22 ਸਤੰਬਰ 2018 ਨੂੰ ਸ਼ਹੀਦ ਊਧਮ ਸਿੰਘ ਵੈਲਫੇਅਰ ਸੈਂਟਰ ਵਿਖੇ ਆਯੋਜਿਤ ਕੀਤੀ ਗਈ ਜਿਸ ਵਿਚ ਪਿਛਲੇ ਦੋ ਸਾਲ ਦੀਆਂ ਸਰਗਰਮੀਆਂ ਦਾ ਲੇਖਾ ਜੋਖਾ ਕੀਤਾ ਗਿਆ ਅਤੇ ਆਉਣ ਵਾਲੇ ਦੋ ਸਾਲ ਦੀਆਂ ਸਰਗਰਮੀਆਂ ਦੀ ਰੂਪ-ਰੇਖਾ ਉਲੀਕੀ ਗਈ।
ਕਾਨਫਰੰਸ ਵਿਚ ਸਰਵਸੰਮਤੀ ਨਾਲ ਭਾਰਤੀ ਮਜਦੂਰ ਸਭਾ ਗ੍ਰੇਟ ਬ੍ਰਿਟੇਨ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਮੁਤਾਬਿਕ ਅਵਤਾਰ ਜੌਹਲ (ਪ੍ਰਧਾਨ) ਜਗਤਾਰ ਸਹੋਤਾ ( ਵਾਈਸ ਪ੍ਰਧਾਨ ) ਬਲਬੀਰ ਜੌਹਲ (ਜਨਰਲ ਸਕੱਤਰ ) ਸ਼ੀਰਾ ਜੌਹਲ (ਅਸਿਸਟੈਂਟ ਜਨਰਲ ਸਕੱਤਰ) ਅਤੇ ਭਗਵੰਤ ਸਿੰਘ ( ਖਜਾਨਚੀ ) ਚੁਣੇ ਗਏ ।
ਕਾਨਫਰੰਸ ਵਿਚ ਬੁਲਾਰਿਆਂ ਨੇ ਜਥੇਬੰਦੀ ਨੂੰ ਮੌਜੂਦਾ ਹਾਲਤਾਂ ਅਤੇ ਨਵੀਆਂ ਚੁਣੌਤੀਆਂ ਨਾਲ ਸਿੱਝਣ ਲਈ ਅਤੇ ਨੌਜਵਾਨ ਪੀੜ੍ਹੀ ਵਿਚ ਜਥੇਬੰਦੀ ਨੂੰ ਹੋਰ ਵਧੇਰੇ ਹਰਮਨ ਪਿਆਰਾ ਬਣਾਉਣ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ । ਨੈਸ਼ਨਲ ਹੈਲਥ ਸਰਵਿਸ ਅਤੇ ਹੋਰ ਪਬਲਿਕ ਸੇਵਾਵਾਂ ਵਿਚ ਸਰਕਾਰ ਵੱਲੋਂ ਲਗਾਤਾਰ ਕੀਤੇ ਜਾ ਰਹੇ ਨਿੱਜੀਕਰਣ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਹੋਰ ਤਕੜੇ ਹੋ ਕੇ ਹੰਭਲਾ ਮਾਰਨ ਦੀ ਅਪੀਲ ਕੀਤੀ ਗਈ । ਬਰਤਾਨੀਆਂ ਵਿਚ ਭਾਰਤੀ ਮਜਦੂਰ ਸਭਾ ਦੇ 1938 ਵਿਚ ਇਸਦੀ ਸਥਾਪਨਾ ਤੋਂ ਲੈ ਕੇ ਮੌਜੂਦਾ ਦੌਰ ਤੱਕ ਦੇ ਸ਼ਾਨਦਾਰ ਇਤਿਹਾਸ ਨੂੰ ਲਿਖਤੀ ਰੂਪ ਵਿਚ ਅਤੇ ਆਡੀਓ ਅਤੇ ਵੀਡੀਓ ਰਿਕਾਰਡਿੰਗ ਦੇ ਰੂਪ ਵਿਚ ਇਕੱਠਾ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਇਸਦੇ ਸ਼ਾਨਦਾਰ ਸੰਘਰਸ਼ਾਂ ਤੋਂ ਜਾਣੂ ਕਰਵਾਉਣ ਦਾ ਪਰੋਜੈਕਟ ਉਲੀਕਿਆ ਗਿਆ।
ਜਥੇਬੰਦੀ ਨੇ ਅਗਲੇ ਸਾਲ 2019 ਵਿੱਚ ਜਲਿਆਂਵਾਲਾ ਬਾਗ ਕਤਲੇਆਮ ਦੀ ਸ਼ਤਾਬਦੀ ਸਬੰਧੀ ਸਮਾਗਮ ਬਤਰਾਨੀਆਂ ਦੇ ਵੱਖ ਵੱਖ ਸ਼ਹਿਰਾਂ ਵਿਚ ਸਥਾਨਿਕ ਭਰਾਤਰੀ ਜਥੇਬੰਦੀਆਂ ਨਾਲ ਸਹਿਯੋਗ ਕਰਕੇ ਮਨਾਉਣ ਸਬੰਧੀ ਵਿਚਾਰਾਂ ਕੀਤੀਆਂ ਅਤੇ ਇਹਨਾਂ ਸਮਾਗਮਾਂ ਨੂੰ ਵੱਧ ਤੋਂ ਵੱਧ ਕਾਮਯਾਬ ਕਰਨ ਲਈ ਸਮੂਹ ਲੋਕਾਂ ਨੂੰ ਰਲ ਮਿਲ ਕੇ ਹੰਭਲਾ ਮਾਰਨ ਲਈ ਪ੍ਰੇਰਿਤ ਕਰਨ ਦਾ ਫੈਸਲਾ ਕੀਤਾ ।
ਭਾਰਤ ਦੇ ਸੂਬੇ ਕੇਰਲ ਵਿਚ ਪਿਛਲੇ ਦਿਨੀਂ ਹੜ੍ਹਾਂ ਕਾਰਨ ਹੋਈ ਭਿਆਨਕ ਤਬਾਹੀ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਮੱਦਦ ਵਾਸਤੇ ਭਾਰਤੀ ਮਜਦੂਰ ਸਭਾਂ ਗ੍ਰੇਟ ਬ੍ਰਿਟੇਨ ਦੀ ਅਪੀਲ ਤੇ 3405 ਪੌਂਡ ਇਕੱਠੇ ਕਰਕੇ ਚੀਫ ਮਨਿਸਟਰ ਰਿਲੀਫ ਫੰਡ ਵਿਚ ਭੇਜੇ ਗਏ ।
ਭਾਰਤ ਵਿਚ ਪਿਛਲੇ ਦਿਨੀਂ ਗਰਿਫਤਾਰ ਕੀਤੇ ਗਏ ਪੰਜ ਮਨੁੱਖੀ ਅਧਿਕਾਰ ਕਾਰਕੁਨਾਂ ਦੀ ਰਿਹਾਈ ਸਬੰਧੀ ਭਾਰਤੀ ਮਜਦੂਰ ਸਭਾਂ ਗ੍ਰੇਟ ਬ੍ਰਿਟੇਨ ਨੇ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਕੌਂਸਲੇਟ ਜਨਰਲ ਬਰਮਿੰਘਮ ਨੂੰ ਇੱਕ ਮੰਗਪੱਤਰ ਦਿੱਤਾ।
ਅੰਤ ਵਿਚ ਹਾਜ਼ਰੀਨ ਦਾ ਧੰਨਵਾਦ ਕਰਨ ਨਾਲ ਕਾਨਫਰੰਸ ਦੀ ਸਮਾਪਤੀ ਕੀਤੀ ਗਈ ।