*ਸ਼ਹੀਦੀ ਸਮਾਗਮ ਜਾਂ ….. ?*

ਰੋਮੀ ਘੜਾਮੇਂ ਵਾਲਾ 

(ਸਮਾਜ ਵੀਕਲੀ)

ਅੱਜਕੱਲ੍ਹ ਆਇਆ ਹੈ ਸ਼ਰਧਾ ਦਾ ਜਿਉਂ ਹੜ੍ਹ
ਸ਼ਹੀਦਾਂ ਦੀ ਧਰਤੀ ਹੈ ਸਾਹਿਬ ਫਤਿਹਗੜ੍ਹ
ਹਜ਼ਾਰਾਂ ਦੀ ਗਿਣਤੀ ‘ਚ ਲੰਗਰ, ਸਟਾਲਾਂ
ਲੱਖਾਂ ਦੀਆਂ ਲੱਗੀਆਂ ਨੇ ਪੰਗਤਾਂ ਤੇ ਪਾਲਾਂ
ਅਸਥਾਨਾ ਦੇ ਲੱਗੀਆਂ ਗੁਬੰਦਾ ´ਤੇ ਲੜੀਆਂ
ਰਾਹ, ਰਸਤੇ ਜਾਂ ਰਾਹਾਂ ਸਜਾਈਆਂ ਨੇ ਬੜੀਆਂ
ਪਹਿਲੀ ਵਾਰ ਆਇਆ ਕੋਈ ਅਣਜਾਣ ਪੁੱਛੇ
ਹੈਰਾਨ ਬੜਾ ਹੈ ਤੱਕ ਲਾਈਟਾਂ ਦੇ ਗੁੱਛੇ
ਮੈਨੂੰ ਆ ਕੇ ਕਹਿੰਦਾ ਕਿ “ਕੀ ਖਾਸ ਅੱਜ ਹੈ
ਜੀ ਕਾਹਦੀ ਖੁਸ਼ੀ ਵਿੱਚ ਇਹ ਸਾਰੀ ਸੱਜ-ਧੱਜ ਹੈ ?”
ਮੈਂ ਉਲਝ ਗਿਆ ਸੁਣ ਕਿ ਕੀ ਮੈਂ ਸੁਣਾਵਾਂ
ਤੇ ਲੱਗਿਆ ਮੈਂ ਦੱਸਣ ਕੁੱਝ ਹੋ ਕੇ ਸੁਖਾਵਾਂ
ਕਿ “ਛੇਵੇਂ ਗੁਰੂ ਦੇ ਸਨ ਉਹ ਪੜਪੋਤੇ
ਦਸਵੇਂ ਦੇ ਪੁੱਤਰ ਤੇ ਨੋਵੇਂ ਦੇ ਪੋਤੇ
ਉਮਰ ਸੀ ਸੱਤਾਂ ਤੇ ਨੌਂ ਸਾਲਾਂ ਦੀ
ਨਾਲ ਸੀ ਦਾਦੀ ਦੋਵੇਂ ਬਾਲਾਂ ਦੀ
ਸੀ ਇਹੀਉਂ ਮਹੀਨਾ ਉਫ਼! ਸਰਦ ਹਵਾਵਾਂ
ਤੇ ਠੰਡੇ ਬੁਰਜ ਉਹਨਾਂ ਕੱਟੀਆਂ ਸਜਾਵਾਂ”
ਫਿਰ ਪੇਸ਼ੀਆਂ ਵਾਲਾ ਸੀ ਕਿੱਸਾ ਸੁਣਾਇਆ
ਕਿੰਝ ਅਣਖਾਂ ਦਾ ਉਹਨਾਂ ਸੀ ਡੰਕਾ ਵਜਾਇਆ
ਕਿਵੇਂ ਕੰਧ ਉਸਰੀ ਤੇ ਗੋਡਿਆਂ ਤੱਕ ਆਈ
ਕਰ ਬੇਧਿਆਨ ਇੱਟ ਕਿੱਥੇ ਤੇਸੀ ਚਲਾਈ
ਹਾਏ! ਦਮ ਹੋਊ ਘੁਟਿਆ ਤਾਂ ਤੜਫੇ ਤਾਂ ਹੋਣੇ
ਅਜੇ ਕਲੀਆਂ ਤੋਂ ਕੋਮਲ ਸਨ ਫੁੱਲਾਂ ਤੋਂ ਸੋਹਣੇ
ਅੰਤ ਲਾਸ਼ਾਂ ਸੀ ਪਈਆਂ ਜਦ ਅਣਹੋਣੀ ਵਰਤੀ
ਥਾਵੇਂ ਥੰਮ ਗਏ ਸੀ ਜਿਉਂ ਅੰਬਰ ਤੇ ਧਰਤੀ
ਤੇ ਠੰਡੇ ਬੁਰਜ ਵਿੱਚ ਦਾਦੀ ਇਕੱਲੀ
ਸੀ ਪਾ ਕੇ ਸ਼ਹੀਦੀ ਪੋਤਿਆਂ ਵੱਲ ਚੱਲੀ
ਉਹ ਅਣਜਾਣ ਰਾਹੀ ਸਭ ਸੁਣਕੇ ਕਹਾਣੀ
ਸੀ ਗੱਚ ਭਰ ਆਇਆ ਤੇ ਅੱਖੀਆਂ ‘ਚ ਪਾਣੀ
ਸੀ ਤੱਕੀਆਂ ਦੁਬਾਰਾ ਉਸ ਲੰਗਰਾਂ ਦੀਆਂ ਕਿਸਮਾਂ
ਸਜਾਵਟ, ਚਕਾਚੌਂਧ, ਰੁਸ਼ਨਾਉਂਦੀਆਂ ਰਿਸ਼ਮਾਂ
ਉਹ ਅਣਜਾਣ ਰਾਹੀ ਨੇ ਪੁੱਛਿਆ ਦੁਬਾਰੇ
“ਤੁਰੇ ਹੋਣੇ ਜੱਗ ਤੋਂ ਕੁਝ ਥੋਡੇ ਵੀ ਪਿਆਰੇ
ਕੀ ਉਹਨਾਂ ਦੀ ਏਦਾਂ ਹੋ ਬਰਸੀ ਮਨਾਉਂਦੇ ?
ਰੁਸ਼ਨਾ ਕੇ ਘਰਾਂ ਨੂੰ ਹੋ ਲੜੀਆਂ ਸਜਾਉਂਦੇ ?
ਜਾਂ ਸੱਤ ਪਕਵਾਨੇ ਬਣਾਉਂਦੇ ਹੋ ਖਾਣੇ ?
ਕਦੇ ਵਾਜੇ ਵਜਾਏ ਹਨ ਜਾਣੇ ਅਣਜਾਣੇ ?”
ਕੀ ਅੱਗਿਉਂ ਮੈਂ ਕਹਿੰਦਾ ਬੱਸ ਨੀਵੀਂ ਸੀ ਪਾ ਲਈ
ਬੇਸ਼ਰਮ ਜਿਹਾ ਬਣ ਪਿੱਠ ਸੀ ਘੁੰਮਾ ਲਈ
ਉਹ ਆਲੇ-ਦੁਆਲੇ ਪਿਆ ਤੱਕਦਾ ਸੀ ਹਾਲੇ
ਤੇ ਰੋਮੀ ਨੇ ਪਾ ਲਏ ਘੜਾਮੇਂ ਨੂੰ ਚਾਲੇ
ਉੱਥੇ ਕੁਝ ਕਹਿਣਾ ਨਾ ਹਿੰਮਤ ਸੀ ਮੇਰੀ
ਤੇ ਖਿਸਕ ਗਿਆ ਮੈਂ ਬਿਨਾਂ ਕਿਸੇ ਦੇਰੀ
ਸੋਧਿਆਂ ਤੋਂ ਡਰਦਾ ਨਾ ਸਕਦਾ ਕੁਝ ਕਰ ਸੀ
ਕਿਉਂਕਿ ਨਾ #ਫਤਿਹ ਮੈਂ ਤੇ ਨਾ #ਜੋ਼ਰਾਵਰ ਸੀ
ਕਿਉਂਕਿ ਨਾ ਫਤਿਹ ਮੈਂ ਤੇ ਨਾ ਜ਼ੋਰਾਵਰ ਸੀ
                                ਰੋਮੀ ਘੜਾਮੇਂ ਵਾਲਾ 
                                9855281105
Previous articleਮੇਰੀ ਕਵਿਤਾ
Next articleਰੋਮੀ ਘੜਾਮੇਂ ਵਾਲਾ