ਸ਼ਹੀਦਾਂ ਦੀ ਕੁਰਬਾਨੀ ਨੂੰ ਸੰਗਤ ਵੱਲੋਂ ਸਿਜਦਾ

ਅੰਮ੍ਰਿਤਸਰ (ਸਮਾਜ ਵੀਕਲੀ) : ਸਾਕਾ ਨਨਕਾਣਾ ਸਾਹਿਬ ਸ਼ਤਾਬਦੀ ਸਮਾਗਮ ਅੱਜ ਪਾਕਿਸਤਾਨ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਮਨਾਇਆ ਗਿਆ, ਜਿਸ ਵਿੱਚ ਸਥਾਨਕ ਤੇ ਦੂਰ ਦੁਰਾਡਿਓਂ ਪਹੁੰਚੀ ਸੰਗਤ ਨੇ ਭਰਵੀਂ ਸ਼ਮੂਲੀਅਤ ਕਰ ਕੇ ਸ਼ਹੀਦਾਂ ਨੂੰ ਯਾਦ ਕੀਤਾ। ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਮਾਗਮ ’ਚ ‘ਜ਼ੂਮ’ ਰਾਹੀਂ ਹਾਜ਼ਰੀ ਲਵਾਈ। ਚੇਤੇ ਰਹੇ ਕਿ ਕੇਂਦਰ ਸਰਕਾਰ ਵੱਲੋਂ ਐਨ ਆਖਰੀ ਮੌਕੇ ਹਰੀ ਝੰਡੀ ਨਾ ਦਿੱਤੇ ਜਾਣ ਕਰਕੇ ਭਾਰਤੀ ਸਿੱਖ ਸ਼ਰਧਾਲੂਆਂ ਦਾ ਜਥਾ ਇਨ੍ਹਾਂ ਸ਼ਤਾਬਦੀ ਸਮਾਗਮਾਂ ਵਿੱਚ ਸ਼ਾਮਲ ਨਹੀਂ ਹੋ ਸਕਿਆ।

ਭਾਰਤ ਤੇ ਪਾਕਿਸਤਾਨ ਵਿਖੇ ਹੋਏ ਸ਼ਤਾਬਦੀ ਸਮਾਗਮਾਂ ਦੌਰਾਨ ਮੋਦੀ ਸਰਕਾਰ ਦੇ ਇਸ ਫੈਸਲੇ ਦੀ ਨਿਖੇਧੀ ਕੀਤੀ ਗਈ ਹੈ।  ਗੁਰਦੁਆਰਾ ਪ੍ਰਕਾਸ਼ ਅਸਥਾਨ ਨਨਕਾਣਾ ਸਾਹਿਬ ਵਿਖੇ ਸ਼ਤਾਬਦੀ ਸਮਾਗਮਾਂ ਦੇ ਸਬੰਧ ਵਿਚ ਰੱਖੇ ਗਏ ਅਖੰਡ ਪਾਠ ਦੇ ਅੱਜ ਸਵੇਰੇ ਭੋਗ ਪਾਏ ਗਏ, ਜਿਸ ਵਿਚ ਨਨਕਾਣਾ ਸਾਹਿਬ, ਪਿਸ਼ਾਵਰ, ਸਿੰਧ, ਸੱਖਰ ਤੇ ਹੋਰ ਥਾਵਾਂ ਤੋਂ ਪੁੱਜੀ ਸਿੱਖ ਸੰਗਤ ਨੇ ਸ਼ਮੂਲੀਅਤ ਕੀਤੀ। ਸਮਾਗਮ ਵਿੱਚ ਵੱਡੀ ਗਿਣਤੀ ਵਿਚ ਬੀਬੀਆਂ ਵੀ ਸ਼ਾਮਲ ਸਨ। ਪਾਕਿਸਤਾਨ ਸਰਕਾਰ ਦੇ ਫੈਡਰਲ ਮੰਤਰੀ ਬ੍ਰਿਗੇਡੀਅਰ (ਸੇਵਾ ਮੁਕਤ) ਇਜਾਜ਼ ਸ਼ਾਹ ਅਤੇ ਹੋਰ ਸਥਾਨਕ ਆਗੂ ਵੀ ਸਮਾਗਮ ਵਿਚ ਸ਼ਾਮਲ ਹੋਏ। ਸਮਾਗਮ ਦੇ ਪ੍ਰਬੰਧ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਔਕਾਫ ਬੋਰਡ ਵਲੋਂ ਕੀਤੇ ਗਏ ਸਨ।

ਇਸ ਮੌਕੇ ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਖਾਸ ਕਰਕੇ ਸਿੱਖ ਆਗੂਆਂ ਨੇ ਭਾਰਤ ਸਰਕਾਰ ਵਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਰੋਕੇ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਪੀਜੀਪੀਸੀ ਦੇ ਪ੍ਰਧਾਨ ਸਤਵੰਤ ਸਿੰਘ ਨੇ ਆਪਣੇ ਸੰਬੋਧਨ ’ਚ ਪਾਕਿਸਤਾਨ ਸਰਕਾਰ ਵੱਲੋਂ ਸ਼ਤਾਬਦੀ ਸਮਾਗਮਾਂ ਦੇ ਪ੍ਰਬੰਧਾਂ ਵਿਚ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।

‘ਜ਼ੂਮ’ ਐਪ ਰਾਹੀਂ ਸਮਾਗਮ ਨਾਲ ਜੁੜੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਾਕਿਸਤਾਨ ਵਿਖੇ ਸਿੱਖ ਸੰਗਤ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਸਾਕਾ ਨਨਕਾਣਾ ਸਾਹਿਬ ਦੇ ਇਤਿਹਾਸ ’ਤੇ ਚਾਨਣਾ ਪਾਇਆ ਅਤੇ ਉਸ ਵੇਲੇ ਦੇ ਹਾਲਾਤ ਨੂੰ ਸੰਗਤ ਦੇ ਸਾਹਮਣੇ ਰੱਖਿਆ। ਉਨ੍ਹਾਂ ਕਿਹਾ ਕਿ ਸਿੱਖ ਕੌਮ ਆਪਣੇ ਸ਼ਹੀਦਾਂ ਨੂੰ ਕਦੇ ਭੁਲ ਨਹੀਂ ਸਕਦੀ, ਜਿਨ੍ਹਾਂ ਨੇ ਆਪਣੀਆਂ ਸ਼ਹਾਦਤਾਂ ਨਾਲ ਸਿੱਖ ਕੌਮ ਦੀਆਂ ਨੀਹਾਂ ਨੂੰ ਮਜ਼ਬੂਤ ਕੀਤਾ ਹੈ। ਇਸ ਮੌਕੇ ਉਨ੍ਹਾਂ ਪਾਕਿਸਤਾਨ ਸਰਕਾਰ ਵਲੋਂ ਸ਼ਤਾਬਦੀ ਸਮਾਗਮਾਂ ਲਈ ਦਿੱਤੇ ਸਹਿਯੋਗ ਦੀ ਜਿੱਥੇ ਸ਼ਲਾਘਾ ਕੀਤੀ, ਉਥੇ ਭਾਰਤ ਸਰਕਾਰ ਵਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਰੋਕੇੇ ਜਾਣ ’ਤੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਸਿੱਖ ਕੌਮ ਆਪਣੇ ਸ਼ਹੀਦਾਂ ਦੀ ਯਾਦ ਵਿਚ ਹਰ ਵਰ੍ਹੇ ਇਹ ਦਿਹਾੜਾ ਮਨਾਉਂਦੀ ਰਹੇਗੀ।

ਪਾਕਿਸਤਾਨ ਵਿੱਚ ਮਨਾਏ ਗਏ ਸ਼ਤਾਬਦੀ ਸਮਾਗਮ ਵਿੱਚ ਪੀਜੀਪੀਸੀ ਦੇ ਪ੍ਰਧਾਨ ਸਤਵੰਤ ਸਿੰਘ, ਜਨਰਲ ਸਕੱਤਰ ਅਮੀਰ ਸਿੰਘ, ਮੈਂਬਰ ਡਾ. ਮਿਮਪਾਲ ਸਿੰਘ, ਐੱਮਪੀਏ ਮਹਿੰਦਰਪਾਲ ਸਿੰਘ, ਸਾਬਕਾ ਮੈਂਬਰ ਗੋਪਾਲ ਸਿੰਘ ਚਾਵਲਾ, ਡਾ. ਤਰਨਜੀਤ ਸਿੰਘ, ਈਟੀਪੀਬੀ ਦੇ ਵਧੀਕ ਸਕੱਤਰ ਤਾਰਿਕ ਵਜੀਰ, ਡਿਪਟੀ ਸਕੱਤਰ ਇਮਰਾਨ ਗੌਂਦਲ ਤੇ ਹੋਰ ਪਤਵੰਤਿਆਂ ਨੇ ਸ਼ਮੂਲੀਅਤ ਕੀਤੀ।

Previous articleਬੰਗਾਲ: ਮਮਤਾ ਦੇ ਭਤੀਜੇ ਦੀ ਪਤਨੀ ਨੂੰ ਸੀਬੀਆਈ ਦਾ ਨੋਟਿਸ
Next articleਜਹਾਜ਼ ਦੀ ਐਮਰਜੈਂਸੀ ਲੈਂਡਿੰਗ ਦੌਰਾਨ ਮਲਬਾ ਘਰਾਂ ਨੇੜੇ ਡਿੱਗਿਆ