ਲਹਿਰਾਗਾਗਾ (ਸਮਾਜ ਵੀਕਲੀ): ਨੇੜਲੇ ਪਿੰਡ ਰਾਮਗੜ੍ਹ ਸੰਧੂਆਂ ’ਚ ਸ਼ਰਾਬ ਪੀਣ ਤੋਂ ਰੋਕਣ ਤੇ ਇਕ ਸਾਬਕਾ ਫੌਜੀ ਨੇ ਆਪਣੀ ਪਤਨੀ ਨੂੰ ਗੋਲੀ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਮਨਪ੍ਰੀਤ ਕੌਰ ਪਤਨੀ ਬੂਟਾ ਸਿੰਘ ਨੂੰ ਗੰਭੀਰ ਹਾਲਤ ’ਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੋਂ ਉਸ ਨੂੰ ਜ਼ਿਲ੍ਹਾ ਹਸਪਤਾਲ ਸੰਗਰੂਰ ਭੇਜ ਦਿੱਤਾ ਗਿਆ ਹੈ। ਥਾਣਾ ਸਦਰ ਦੇ ਐੱਸਐੱਚਓ ਇੰਸਪੈਕਟਰ ਵਿਜੈ ਕੁਮਾਰ ਨੇ ਦੱਸਿਆ ਕਿ ਜ਼ਖ਼ਮੀ ਮਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ 17 ਸਾਲ ਪਹਿਲਾਂ ਪਿੰਡ ਰਾਮਗੜ੍ਹ ਦੇ ਵਸਨੀਕ ਫੌਜੀ ਬੂਟਾ ਸਿੰਘ ਪੁੱਤਰ ਜਗਮੇਲ ਸਿੰਘ ਨਾਲ ਹੋਇਆ ਸੀ। 2018 ’ਚ ਬੂਟਾ ਸਿੰਘ ਫੌਜ ’ਚੋਂ ਸੇਵਾਮੁਕਤ ਹੋ ਕੇ ਆਇਆ ਸੀ।
ਅੱਜ ਸਵੇਰੇ 7.30 ਵਜੇ ਮਨਪ੍ਰੀਤ ਨੇ ਜਦੋਂ ਬੂਟਾ ਸਿੰਘ ਨੂੰ ਸ਼ਰਾਬ ਪੀਣ ਤੋਂ ਰੋਕਿਆ ਤਾਂ ਬੂਟਾ ਸਿੰਘ ਆਪਣੀ 12 ਬੋਰ ਦੀ ਰਾਈਫਲ ਚੁੱਕ ਕੇ ਉਸ ਦੇ ਪਿੱਛੇ ਪੈ ਗਿਆ ਅਤੇ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰ ਦਿੱਤਾ। ਇਸ ਦੌਰਾਨ ਰੌਂਦ ਮਨਪ੍ਰੀਤ ਦੀ ਸੱਜੀ ਬਾਂਹ ਦੀ ਕੁਹਣੀ ਵਿਚ ਵੱਜਿਆ। ਲਹਿਰਾਗਾਗਾ ਪੁਲੀਸ ਨੇ ਮੁਲਜ਼ਮ ਬੂਟਾ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਉਸ ਦੀ ਗ੍ਰਿਫਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly