ਵੱਡੀ ਅਤੇ ਛੋਟੀ ਕਿ੍ਪਾਨ ਰੱਖਣ ਦੀ ਯੂ.ਕੇ ਚ ਸਿੱਖਾਂ ਨੂੰ ਮਿਲੀ  ਵਿਸ਼ੇਸ਼ ਛੋਟ

ਲੰਡਨ, (ਰਾਜਵੀਰ ਸਮਰਾ) – ਹਥਿਆਰਾਂ ਸਬੰਧੀ ਨਵਾਂ ਬਿੱਲ ਬਰਤਾਨੀਆ ਦੇ ਹੇਠਲੇ ਸਦਨ (ਹਾਊਸ ਆਫ਼ ਕਾਮਨਜ਼) ਅਤੇ ਉੱਪਰਲੇ ਸਦਨ (ਹਾਊਸ ਆਫ਼ ਲਾਰਡ) ‘ਚ ਪਾਸ ਹੋਣ ਤੋਂ ਬਾਅਦ ਇਸ ਨੂੰ ਕਾਨੂੰਨੀ ਮਾਨਤਾ ਮਿਲ ਗਈ ਹੈ | ਇਸ ਬਿੱਲ ਵਿਚ ਸਿੱਖਾਂ ਨੂੰ ਵੱਡੀ ਅਤੇ ਛੋਟੀ ਕਿ੍ਪਾਨ ਲਈ ਵਿਸ਼ੇਸ਼ ਛੋਟ ਦਿੱਤੀ ਗਈ ਹੈ | ਇਸ ਬਿੱਲ ‘ਤੇ ਸੰਸਦ ‘ਚ ਬਹਿਸ ਦੌਰਾਨ ਐਮ. ਪੀ. ਪ੍ਰੀਤ ਕੌਰ ਗਿੱਲ, ਐਮ. ਪੀ. ਤਨਮਨਜੀਤ ਸਿੰਘ ਢੇਸੀ, ਐਮ. ਪੀ. ਪੈਟ ਫੈਬੀਅਨ, ਐਮ. ਪੀ. ਜਿੰਮ ਕਨਿੰਘਮ ਆਦਿ ਨੇ ਕਿਹਾ ਸੀ ਕਿ ਸਿੱਖਾਂ ਦਾ ਕਿ੍ਪਾਨ ਨਾਲ ਵੱਡਾ ਨਾਤਾ ਹੈ, ਜਿਸ ਦੀ ਵੱਖ-ਵੱਖ ਮੌਕਿਆਂ ‘ਤੇ ਵਰਤੋਂ ਕੀਤੀ ਜਾਂਦੀ ਹੈ |
             ਗ੍ਰਹਿ ਵਿਭਾਗ ਬਾਰੇ ਮੰਤਰੀ ਵਿਕਟੋਰੀਆ ਐਟਕਿਨਜ਼ ਦਾ ਧੰਨਵਾਦ ਕਰਦਿਆਂ ਸਿੱਖ ਫੈਡਰੇਸ਼ਨ ਦੇ ਚੇਅਰਮੈਨ ਭਾਈ ਅਮਰੀਕ ਸਿੰਘ ਨੇ ਕਿਹਾ ਕਿ ਸਿੱਖ ਹਿੰਸਾ ਰੋਕਣ ਲਈ ਵੀ ਹਥਿਆਰਾਂ ‘ਤੇ ਪਾਬੰਦੀ ਲਗਾਉਣ ਦੇ ਹਾਮੀ ਹਨ, ਪਰ ਸਿੱਖਾਂ ਦਾ ਕਿ੍ਪਾਨ ਨਾਲ ਗਹਿਰਾ ਨਾਤਾ ਹੈ | ਸਿੱਖਾਂ ਵਲੋਂ ਵੱਖ-ਵੱਖ ਮੌਕਿਆਂ ‘ਤੇ ਵੱਡੀ ਕਿ੍ਪਾਨ ਦੀ ਵਰਤੋਂ ਕੀਤੀ ਜਾਂਦੀ ਹੈ, ਖ਼ੁਸ਼ੀ ਹੈ ਕਿ ਸਬੰਧਿਤ ਮਹਿਕਮੇ ਨੇ ਸਿੱਖਾਂ ਦੀ ਇਸ ਭਾਵਨਾ ਨੂੰ ਸਮਝਦਿਆਂ ਬਿੱਲ ‘ਚ ਸੋਧ ਕੀਤੀ ਹੈ | ਇਸ ਮਾਮਲੇ ਨੂੰ ਉਜਾਗਰ ਕਰਨ ਲਈ ਸਿੱਖ ਫੈਡਰੇਸ਼ਨ ਯੂ. ਕੇ. ਨੇ ਸਿੱਖ ਪੁਲਿਸ ਅਧਿਕਾਰੀ ਦਾ ਵੀ ਧੰਨਵਾਦ ਕੀਤਾ, ਜਿਸ ਨੇ ਸਭ ਤੋਂ ਪਹਿਲਾਂ ਇਸ ਬਾਰੇ ਸੂਚਿਤ ਕਰਕੇ ਸਿੱਖ ਫੈਡਰੇਸ਼ਨ ਯੂ. ਕੇ. ਨੂੰ ਸੁਚੇਤ ਕੀਤਾ | ਮੰਤਰੀ ਵਿਕਟੋਰੀਆ ਐਟਕਿਨਜ਼ ਨੇ ਵੀ ਇਸ ਮੌਕੇ ਕਿ੍ਪਾਨ ਨੂੰ ਪਾਬੰਦ ਹਥਿਆਰਾਂ ਦੀ ਸੂਚੀ ‘ਚੋਂ ਬਾਹਰ ਰੱਖਣ ਦੀ ਹਮਾਇਤ ਕੀਤੀ | ਹਥਿਆਰਾਂ ਸੰਬੰਧੀ ਇਸ ਬਿੱਲ ‘ਤੇ ਕੱਲ੍ਹ ਮਹਾਰਾਣੀ ਵਲੋਂ ਦਸਤਖ਼ਤ ਕਰਨ ਤੋਂ ਬਾਅਦ ਇਸ ਨੂੰ ਕਾਨੂੰਨੀ ਦਰਜਾ ਮਿਲ ਗਿਆ ਅਤੇ ਸਿੱਖਾਂ ਨੂੰ ਵੱਡੀ ਅਤੇ ਛੋਟੀ ਕਿ੍ਪਾਨ ਰੱਖਣ ਦੀ ਮੁਕੰਮਲ ਆਜ਼ਾਦੀ ਹੈ |
Previous article India 2024: Policy Priorities for the New Government
Next articlePolls make bitter turn sweet: Mills forced to crush cane till polling