ਵੈਟਨਰੀ ਯੂਨੀਵਰਸਿਟੀ ਵਿਖੇ ਪਸ਼ੂ ਪ੍ਰਜਣਨ ਸੰਬੰਧੀ 21 ਦਿਨਾਂ ਸਿਖਲਾਈ ਸੰਪੂਰਨ

ਸਮਾਜ ਵੀਕਲੀ  ਯੂ ਕੇ-  

ਲੁਧਿਆਣਾ 6 ਫ਼ਰਵਰੀ (ਕਰਨੈਲ ਸਿੰਘ ਐੱਮ.ਏ.)- ਭਾਰਤੀ ਖੇਤੀਬਾੜੀ ਖੋਜ ਪਰਿਸ਼ਦ ਵੱਲੋਂ ਪ੍ਰਾਯੋਜਿਤ “ਪਸ਼ੂ ਪ੍ਰਜਣਨ ਤਕਨੀਕਾਂ ਅਤੇ ਨਿਰੀਖਣ ਵਿਧੀਆਂ” ਵਿਸ਼ੇ `ਤੇ 21 ਦਿਨਾਂ ਦਾ ਉੱਨਤ ਸਿਖਲਾਈ ਕੋਰਸ ਐਡਵਾਂਸਡ ਫੈਕਲਟੀ ਸਿਖਲਾਈ ਕੇਂਦਰ, ਵੈਟਨਰੀ ਗਾਇਨੀਕੋਲੋਜੀ ਅਤੇ ਪ੍ਰਸੂਤੀ ਵਿਗਿਆਨ ਵਿਭਾਗ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਸੰਪੂਰਨ ਹੋ ਗਿਆ।10 ਸੂਬਿਆਂ ਦੀਆਂ ਵੈਟਨਰੀ ਅਤੇ ਖੇਤੀਬਾੜੀ ਸੰਸਥਾਵਾਂ, ਭਾਰਤੀ ਖੇਤੀਬਾੜੀ ਖੋਜ ਪਰਿਸ਼ਦ ਸੰਸਥਾਵਾਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿੱਚ ਕਾਰਜਸ਼ੀਲ 28 ਭਾਗੀਦਾਰਾਂ ਨੇ ਸਿਖਲਾਈ ਪ੍ਰੋਗਰਾਮ ਵਿੱਚ ਹਿੱਸਾ ਲਿਆ। ਕੋਰਸ ਦਾ ਉਦੇਸ਼ ਭਾਸ਼ਣਾਂ ਤੇ ਪ੍ਰਯੋਗਿਕ ਵਿਧੀਆਂ ਅਤੇ ਪ੍ਰਦਰਸ਼ਨਾਂ ਰਾਹੀਂ ਪ੍ਰਜਣਨ ਤਕਨਾਲੋਜੀਆਂ ਵਿੱਚ ਪਿਛੋਕੜ ਗਿਆਨ ਅਤੇ ਵਿਹਾਰਕ ਅਭਿਆਸ ਪ੍ਰਦਾਨ ਕਰਨਾ ਸੀ। ਇਸ ਸਿਖਲਾਈ ਪ੍ਰੋਗਰਾਮ ਵਿੱਚ ਕੁੱਲ 34 ਵਿਸ਼ਾ ਭਾਸ਼ਣ ਅਤੇ 20 ਪ੍ਰਯੋਗੀ ਲੈਕਚਰ ਦਿੱਤੇ ਗਏ। ਮਾਹਰ ਭਾਸ਼ਣ ਉੱਘੇ ਬੁਲਾਰਿਆਂ, ਡਾ: ਏਜ਼ਾਜ਼ ਅਹਿਮਦ (ਆਨਲਾਈਨ) ਪਾਕਿਸਤਾਨ, ਦਿਨੇਸ਼ ਦਾਦਰਵਾਲ (ਆਨਲਾਈਨ) ਕੈਨੇਡਾ, ਸੁਧਾਂਸ਼ੂ ਭੂਸਾਹਨ (ਆਨਲਾਈਨ) ਜਰਮਨੀ, ਟੀ. ਆਰ. ਤੱਲੂਰੀ (ਆਫਲਾਈਨ) ਬੀਕਾਨੇਰ, ਅਮਿਤੇਸ਼ ਕੁਮਾਰ (ਆਫਲਾਈਨ) ਵਾਰਾਣਸੀ, ਐਸ ਸੇਲਵਾਰਾਜੂ (ਆਫਲਾਈਨ) ਬੰਗਲੁਰੂ ਨੇ ਦਿੱਤੇ। ਮਾਹਿਰ ਵਿਗਿਆਨੀਆਂ-ਭਾਗੀਦਾਰਾਂ ਦੀ ਵਿਚਾਰ ਚਰਚਾ ਬਹੁਤ ਹੀ ਗਿਆਨ ਵਧਾਊ ਅਤੇ ਲਾਹੇਵੰਦ ਸਾਬਿਤ ਹੋਈ।

ਵਿਦਾਇਗੀ ਸਮਾਰੋਹ ਦੌਰਾਨ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ: ਸਰਵਪ੍ਰੀਤ ਸਿੰਘ ਘੁੰਮਣ, ਡੀਨ, ਕਾਲਜ ਆਫ਼ ਵੈਟਨਰੀ ਸਾਇੰਸ ਨੇ ਸਿਖਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਸਿਖਲਾਈ ਪ੍ਰੋਗਰਾਮ ਦੀ ਸਫਲਤਾਪੂਰਵਕ ਸੰਪੂਰਨਤਾ ਲਈ ਵਧਾਈ ਦਿੱਤੀ। ਸਾਰੇ ਭਾਗੀਦਾਰ ਵਿਗਿਆਨੀਆਂ ਵੱਲੋਂ ਪ੍ਰੋਗਰਾਮ ਦੀ ਬਹੁਤ ਪ੍ਰਸੰਸਾ ਕੀਤੀ ਗਈ। ਡਾ: ਮਿਰਗੰਕ ਹੋਨਪਾਰਖੇ, ਮੁਖੀ, ਵੈਟਨਰੀ ਗਾਇਨੀਕੋਲੋਜੀ ਅਤੇ ਪ੍ਰਸੂਤੀ ਵਿਗਿਆਨ ਵਿਭਾਗ ਅਤੇ ਸਿਖਲਾਈ ਨਿਰਦੇਸ਼ਕ ਨੇ ਸਿਖਲਾਈ ਰਿਪੋਰਟ ਪੇਸ਼ ਕੀਤੀ। ਸਿਖਲਾਈ ਦਾ ਸੰਯੋਜਨ ਡਾ: ਏ. ਕੇ. ਸਿੰਘ ਅਤੇ ਡਾ: ਅਜੀਤ ਕੁਮਾਰ ਵੱਲੋਂ ਕੀਤਾ ਗਿਆ।

Previous articleਡੋਨਾਲਡ ਟਰੰਪ ਨੂੰ ਵੱਡਾ ਝਟਕਾ, ਜਨਮ ਦੇ ਆਧਾਰ ‘ਤੇ ਨਾਗਰਿਕਤਾ ਹਟਾਉਣ ਦਾ ਹੁਕਮ ਦੂਜੀ ਵਾਰ ਰੋਕਿਆ ਗਿਆ
Next articleਗੁਰਦੁਆਰਾ ਗੁਰੂ ਨਾਨਕ ਸਿੰਘ ਸਭਾ ਪਿੰਡ ਛੋਕਰਾਂ ਵਿਖੇ ਬੱਚਿਆਂ ਦੀ ਧਾਰਮਿਕ ਪ੍ਰੀਖਿਆ ਲਈ