ਸਾਬਕਾ ਵਿਸ਼ਵ ਚੈਂਪੀਅਨ ਮੀਰਾਬਾਈ ਚਾਨੂ ਨੇ ਰਾਸ਼ਟਰਮੰਡਲ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਅੱਜ ਇੱਥੇ ਪਹਿਲੇ ਦਿਨ ਸੋਨ ਤਗ਼ਮਾ ਜਿੱਤਿਆ। ਭਾਰਤੀ ਦਲ ਨੇ ਸੀਨੀਅਰ, ਜੂਨੀਅਰ ਅਤੇ ਯੂਥ ਸ਼੍ਰੇਣੀਆਂ ਵਿੱਚ ਅੱਠ ਸੋਨੇ, ਤਿੰਨ ਚਾਂਦੀ ਅਤੇ ਦੋ ਕਾਂਸੀ ਦੇ ਤਗ਼ਮਿਆਂ ਸਣੇ ਕੁੱਲ 13 ਤਗ਼ਮੇ ਆਪਣੇ ਨਾਮ ਕੀਤੇ ਹਨ।ਮੀਰਾਬਾਈ ਚਾਨੂ ਨੇ ਮਹਿਲਾਵਾਂ ਦੇ 49 ਕਿਲੋ ਵਜ਼ਨ ਵਰਗ ਵਿੱਚ ਕੁੱਲ 191 ਕਿਲੋਗ੍ਰਾਮ (84 ਕਿਲੋ+107 ਕਿਲੋ) ਭਾਰ ਚੁੱਕ ਕੇ ਭਾਰਤ ਦੀ ਝੋਲੀ ਸੋਨ ਤਗ਼ਮਾ ਪਾਇਆ। ਇਹ ਓਲੰਪਿਕ ਕੁਆਲੀਫਾਈਂਗ ਟੂਰਨਾਮੈਂਟ ਹੈ, ਜਿਸ ਦੇ ਅੰਕ 2020-ਟੋਕੀਓ ਓਲੰਪਿਕ ਦੀ ਆਖ਼ਰੀ ਰੈਕਿੰਗਜ਼ ਲਈ ਕਾਫ਼ੀ ਅਹਿਮ ਹੋਣਗੇ। ਮੀਰਾਬਾਈ ਚਾਨੂ ਅਪਰੈਲ ਮਹੀਨੇ ਚੀਨ ਦੇ ਨਿੰਗਬੋ ਵਿੱਚ ਹੋਈ ਏਸ਼ਿਆਈ ਚੈਂਪੀਅਨਸ਼ਿਪ ਦੌਰਾਨ 199 ਕਿਲੋਗ੍ਰਾਮ (86 ਕਿਲੋ + 113 ਕਿਲੋ) ਵਜ਼ਨ ਚੁੱਕ ਕੇ ਮਾਮੂਲੀ ਫ਼ਰਕ ਨਾਲ ਤਗ਼ਮੇ ਤੋਂ ਖੁੰਝ ਗਈ ਸੀ। ਓਲੰਪਿਕ-2020 ਦੀ ਕੁਆਲੀਫਿਕੇਸ਼ਨ ਪ੍ਰੀਕਿਰਿਆ 18 ਮਹੀਨਿਆਂ ਦੇ ਅੰਦਰ ਹੋਣ ਵਾਲੇ ਛੇ ਟੂਰਨਾਮੈਂਟਾਂ ਵਿੱਚ ਵੇਟਲਿਫਟਰਾਂ ਦੇ ਪ੍ਰਦਰਸ਼ਨ ’ਤੇ ਨਿਰਭਰ ਹੋਵੇਗੀ, ਜਿਸ ਵਿੱਚੋਂ ਚਾਰ ਸਰਵੋਤਮ ਨਤੀਜਿਆਂ ’ਤੇ ਵਿਚਾਰ ਕੀਤਾ ਜਾਵੇਗਾ।
ਝਿੱਲੀ ਡਾਲਾਬੇਹਰਾ ਨੇ 45 ਕਿਲੋ ਵਰਗ ਵਿੱਚ 154 ਕਿਲੋ (70 ਕਿਲੋ + 94 ਕਿਲੋ) ਵਜ਼ਨ ਚੁੱਕ ਕੇ ਸੋਨ ਤਗ਼ਮਾ ਹਾਸਲ ਕੀਤਾ, ਜਦੋਂਕਿ ਸੋਰੋਈਖੈਬਮ ਬਿੰਦਿਆਰਾਣੀ ਦੇਵੀ ਅਤੇ ਮਾਤਸਾ ਸੰਤੋਸ਼ੀ ਨੇ 55 ਕਿਲੋ ਵਰਗ ਵਿੱਚ ਕ੍ਰਮਵਾਰ ਸੋਨਾ ਤੇ ਚਾਂਦੀ ਦੇ ਤਗ਼ਮੇ ਜਿੱਤੇ। ਪੁਰਸ਼ ਵਰਗ ਦੇ 55 ਕਿਲੋ ਵਰਗ ਵਿੱਚ ਰਿਸ਼ੀਕਾਂਤਾ ਸਿੰਘ ਨੇ ਸੋਨ ਤਗ਼ਮਾ ਜਿੱਤਿਆ।
Sports ਵੇਟਲਿਫਟਿੰਗ: ਮੀਰਾਬਾਈ ਚਾਨੂ ਨੇ ਸੋਨ ਤਗ਼ਮਾ ਜਿੱਤਿਆ