ਸਮਾਜ ਵੀਕਲੀ
ਗੁਰੂਬਾਣੀ ਵਿੱਚ ਲਿਖਿਆ ਹੈ ਕਿ ‘ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ ‘ ਅਤੇ ਜਦੋਂ ਇਹ ਨੇਤਰ ਖੁੱਲ੍ਹਦਾ ਹੈ ਤਾਂ ਸਮਾਜ ਦੀ ਹਰ ਬੁਰਾਈ, ਧੱਕੇ, ਜ਼ਬਰ-ਜ਼ੁਲਮ ਅਤੇ ਅਨਿਆਂ ਦੇ ਵਿਰੁੱਧ ਅਵਾਜ਼ ਬੁਲੰਦ ਕਰਦਾ ਹੈ। ਇਹ ਨੇਤਰ ਇੱਕ ਬਿਹਤਰ ਸਮਾਜ ਦੀ ਸਿਰਜਣਾ ਲਈ ਹਰ ਇੱਕ ਨੂੰ ਬਰਾਬਰੀ, ਸੁਤੰਤਰ ਸੋਚਣੀ ਤੇ ਆਪਸੀ ਸਾਂਝ ਲਈ ਪ੍ਰੇਰਿਤ ਕਰਦਾ।
ਅੱਜ ਇਸ ਨੇਤਰ ਨੂੰ ਬੰਦ ਕਰਨ ਲਈ ਮੌਜ਼ੂਦਾ ਪ੍ਰਬੰਧ ਬਹੁਤ ਪੱਬਾਂ ਭਾਰ ਹੋਇਆ ਪਿਆ ਹੈ ਕਿਉੰਕਿ ਜਦ ਹਰ ਆਮ ਮਨੁੱਖ ਦਾ ਤੀਸਰਾ ਨੇਤਰ ਖੁੱਲਦਾ ਹੈ ਤਾਂ ਫਿਰ ਉਹ ਹਾਕਮ ਜਮਾਤ ਨੂੰ ਸਵਾਲਾਂ ਦੇ ਘੇਰੇ ‘ਚ ਲਿਆ ਖੜ੍ਹਾ ਕਰਦਾ ਹੋਇਆ ਚੰਗੇ ਸਿਹਤ ਪ੍ਰਬੰਧ, ਸਿੱਖਿਆ, ਰੁਜ਼ਗਾਰ ਅਤੇ ਸਮਾਜਿਕ-ਆਰਥਿਕ ਬਰਾਬਰੀ ਦੀ ਮੰਗ ਕਰਦਾ ਹੈ ਪਰ ਇਹ ਤਾਨਾਸ਼ਾਹੀ ਪ੍ਰਬੰਧ ਕਰੋਨਾ ਦੇ ਜ਼ਰੀਏ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਦਾ ਹੋਇਆ ਆਪਣੀ ਕੱਟੜਵਾਦੀ ਮਨੂੰਵਾਦੀ ਸੋਚ ਨੂੰ ਆਮ ਲੋਕਾਂ ਤੇ ਥੋਪਦਾ ਪ੍ਰਤਖ ਨਜ਼ਰ ਆ ਰਿਹਾ ਹੈ।
ਜਿਸ ਦਾ ਪਹਿਲਾ ਪੜਾਅ ਸਾਡੇ ਘਰਾਂ ਦੇ ਬਾਲ ਮਨਾਂ ਨੂੰ ਮਾਨਸਿਕ ਤਣਾਓ ਦੀ ਸਥਿਤੀ ਵੱਲ ਧੱਕਦਿਆਂ ਆਨਲਾਈਨ ਕਲਾਸਾਂ ਰਾਹੀਂ ਵਿਦਿਆਰਥੀਆਂ ਨੂੰ ਮਾਨਸਿਕ ਤੌਰ ਤੇ ਅਪਾਹਜ ਬਣਾ ਰਿਹਾ ਹੈ। ਇਸ ਨੀਤੀ ਨਾਲ ਸਕੂਲੀ ਪੱਧਰ ਤੇ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਤੇ ਬਹੁਤ ਮਾੜਾ ਪ੍ਰਭਾਵ ਪਿਆ ਹੈ। ਜਿਸਦੇ ਚਲਦੇ ਛੋਟੀ ਉਮਰਾਂ ਵਿੱਚ ਹੀ ਬੱਚਿਆਂ ਦੇ ਚਸ਼ਮੇ ਦਾ ਨੰਬਰ ਹੀ ਮੋਟਾ ਨਹੀਂ ਹੋਇਆ ਸਗੋਂ ਦਿਮਾਗ ਵੀ ਮੋਟਾ ਹੁੰਦਾ ਜਾ ਰਿਹਾ ਹੈ, ਕਿਤਾਬਾਂ ਨਾਲੋਂ ਟੁੱਟ ਗਏ ਛੋਟੇ ਬੱਚੇ ਤਾਂ ਆਪਣੀ ਮਾਂ ਬੋਲੀ ਪੰਜਾਬੀ ਦੇ ਮੁਢਲੇ ਅੱਖਰ ੳ, ਅ, ੲ ਹੀ ਭੁੱਲਦੇ ਜਾ ਰਹੇ ਹਨ।
ਮੇਰਾ ਆਪਣਾ ਕਾਲਜ ਦਾ ਨਿਜੀ ਤਜ਼ੁਰਬਾ ਇਹ ਹੈ ਕਿ 70 ਫੀਸਦੀ ਵਿਦਿਆਰਥੀਆਂ ਕੋਲ ਨਾ ਤਾਂ ਸਮਾਰਟ ਫੋਨ, ਲੈਪਟਾਪ, ਡਾਟਾ ਪੈਕੇਜ ਦੀ ਕੋਈ ਸਹੂਲਤ ਹੈ ਅਤੇ ਨਾ ਹੀ ਕੋਈ ਸੁਚਾਰੂ ਨੈਟਵਰਕ ਦਾ ਪ੍ਰਬੰਧ ਹੈ। ਨਤੀਜੇ ਵਜੋਂ ਵਿਦਿਆਰਥੀਆਂ ਦਾ ਇਕ ਵੱਡਾ ਹਿੱਸਾ ਆਨਲਾਈਨ ਸਿੱਖਿਆ ਤੋਂ ਵਾਂਝਾ ਹੀ ਰਹਿ ਰਿਹਾ ਹੈ, ਦੂਸਰਾ ਜਿਹੜੇ ਵਿਦਿਆਰਥੀ ਆਨਲਾਈਨ ਕਲਾਸਾਂ ਲਗਾ ਵੀ ਰਹੇ ਹਨ , ਨੈਟਵਰਕ ਦੀ ਸਮੱਸਿਆ ਕਾਰਨ ਉਹ ਵੀ ਅਧੂਰਾ ਹੀ ਗਿਆਨ ਹਾਸਲ ਕਰ ਰਹੇ ਹਨ।
ਤੀਸਰਾ ਨੈੱਟ, ਪੀ.ਐਚ.ਡੀ. ਕਰਦੇ-ਕਰਦੇ ਜਿਨ੍ਹਾਂ ਵਿਦਿਆਰਥੀਆਂ, ਖੋਜਾਰਥੀਆਂ, ਅਧਿਆਪਕਾਂ ਦੇ ਦੋ ਨੇਤਰ ਬੰਦ ਹੋਣ ਦੀ ਕਗਾਰ ਤੇ ਹੋਣ ਨੂੰ ਜਦੋਂ ਪੱਕਾ ਰੁਜ਼ਗਾਰ ਨਾ ਮਿਲੇ , ਸਾਲ -ਡੇਢ ਸਾਲ ਬਾਅਦ ਨਿਗੁਣੀ ਜਹੀ ਤਨਖ਼ਾਹਾਂ ਵੀ ਧਰਨੇ ਲਾ ਕੇ ਦੇਖਣ ਨੂੰ ਨਸੀਬ ਹੋਵੇ ਤਾਂ ਉਹ ਅਧਿਆਪਕ ਵਿਦਿਆਰਥੀਆਂ ਨੂੰ ਕਿਹੜੇ ਹੋਂਸਲੇ ਨਾਲ ਕਹਿਣ ਕੀ ਪੜ੍ਹ ਲਵੋ , ਕੁਝ ਬਣ ਜਾਵੋਗੇ। ਪਰ ਸੱਚਾਈ ਤਾ ਇਹ ਹੈ ਕਿ ਇਸ ਨਾਲ ਸਿਰਫ਼ ਬੇਰੁਜ਼ਗਾਰਾਂ ਦੀ ਤਦਾਦ ਹੀ ਦਿਨ-ਬ-ਦਿਨ ਲੰਬੀ ਹੁੰਦੀ ਜਾ ਰਹੀ ਹੈ। ਸਕੂਲ ਤੋਂ ਲੈਕੇ ਉਚੇਰੀ ਸਿੱਖਿਆ ਤੱਕ ਤਾਂ ਕਾਰਪੋਰੇਟ ਘਰਾਣਿਆਂ ਦੇ ਚੁੰਗਲ਼ ‘ਚ ਫਸਦੀ ਜਾਂ ਰਹੀ ਹੈ। ਜਿਹੜੀ ਸਰਕਾਰ ਦੀ ਮੁਫ਼ਤ ਸਿੱਖਿਆ ਦੇਣ ਦੀ ਜ਼ਿੰਮੇਵਾਰੀ ਬਣਦੀ ਸੀ ਉਹ ਸਰਕਾਰ ਹੀ ਅੱਜ ਬਹੁਗਿਣਤੀ ਵਰਗ ਨੂੰ ਸਿੱਖਿਆ ਤੋਂ ਵਾਂਝਾ ਕਰਨ ਦੀਆਂ ਨਿੱਤ ਵਿਉਂਤਾਂ ਘੜ ਰਹੀ ਹੈ।
ਸਾਡੇ ਭਾਰਤ ਮਹਾਨ ‘ਚ ਸਿੱਖਿਆ ਬਜ਼ਟ ਲਗਾਤਾਰ ਘੱਟ ਰਿਹਾ ਹੈ ਅਤੇ ਦੂਜੇ ਪਾਸੇ ਧੜਾ-ਧੜ ਮੰਦਰਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਸਚਮੁੱਚ ਹੀ ਇਹਨਾਂ ਲੋਟੂ ਹਾਕਮਾਂ ਨੇ ‘ਵਿੱਦਿਆ’ ਨੂੰ ਵਿਚਾਰੀ ਬਣਾ ਕੇ ਰੱਖ ਦਿੱਤਾ ਹੈ। ਪਰ ਇਹ ਸਭ ਕੁਝ ਅੱਜ ਅੱਜਕਲ੍ਹ ਵਿੱਚ ਨਹੀਂ ਹੋਇਆ ਸਗੋਂ ਪ੍ਰਾਚੀਨ ਕਾਲ ਤੋਂ ਹੀ ਹਿੰਦੂਵਾਦੀ ਤਾਕਤਾਂ ਮੰਨੂ ਸਮ੍ਰਿਤੀ ਦੇ ਰਾਹੀਂ ਆਪਣੇ ਇਸ ਕੱਟੜਤਾ ਭਰੇ ਏਜੰਡੇ ਨੂੰ ਵਿਸਥਾਰ ਦੇਣ ਵਿੱਚ ਲੱਗੇ ਹੋਏ ਹਨ, ਪੁਰਾਣੇ ਸਮਿਆਂ ਵਿੱਚ ਸ਼ੂਦਰ ਵਰਗ ਦੇ ਲੋਕ ਜੇ ਕੋਈ ਮੰਤਰ ਮੰਦਰ ‘ਚੋਂ ਸੁਣਕੇ ਉਚਾਰਨ ਕਰਦੇ ਤਾਂ ਓਹਨਾਂ ਦੀ ਜੀਭ ਕੱਟ ਦਿੱਤੀ ਜਾਂਦੀ ਜਾਂ ਕੰਨ ਵਿਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਤਾਂ ਜੋ ਸ਼ੂਦਰ ਨਾ ਕੁੱਝ ਸੁਣਨ ਦੀ ਹਿਮਾਕਤ ਕਰਨ ਤੇ ਨਾ ਕਦੇ ਕੋਈ ਸਵਾਲ ਕਰ ਸਕਣ, ਮਨੂੰ ਸਿਮ੍ਰਤੀ ਨੇ ਇਨਸਾਨੀਅਤ ਨੂੰ ਚਾਰ ਵਰਣਾਂ ਵਿੱਚ ਵੰਡ ਕੇ ਇਕ ਵਰਗ ਨੂੰ ਸਿੱਖਿਆ ਅਤੇ ਆਪਣੇ ਹੱਕਾਂ ਤੋਂ ਸਦੀਆਂ ਤੋਂ ਵਾਂਝਾ ਰੱਖਿਆ ਹੋਇਆ ਹੈ ਜੋ ਅੱਜ ਹੋਰ ਵੀ ਪ੍ਰਚੰਡ ਰੂਪ ‘ਚ ਆਮ ਲੋਕਾਈ ਨੂੰ ਜਾਗ੍ਰਿਤ ਹੋਣ ਤੋਂ ਰੋਕਣ ਦੇ ਮਨਸੂਬੇ ਨਾਲ ਸਿੱਖਿਆ ਦੇ ਨਿੱਜੀਕਰਨ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ।
ਇਹਨਾਂ ਦਾ ਮੱਕਸਦ ਸਿਰਫ਼ ਤੇ ਸਿਰਫ਼ ਲੋਕਾਂ ਨੂੰ ਲੁੱਟਣਾ ਅਤੇ ਗਿਆਨ ਦੀ ਜੜ੍ਹ ਵੱਡ ਕੇ ਲੋਕਾਂ ਤੇ ਰਾਜ ਕਰਦੇ ਹੋਏ ਸਰਮਾਏਦਾਰੀ ਨਿਜ਼ਾਮ ਨੂੰ ਪੱਕੇ ਪੈਰੀਂ ਕਰਨਾ ਹੈ। ਹੁਣ ਫ਼ੈਸਲਾ ਸਾਡੇ ਹੱਥਾਂ ਵਿੱਚ ਹੈ ਕਿ ਅਸੀਂ ਮਰਨਾ ਹੈ ਜਾਂ ਇਸ ਨਾਇਨਸਾਫੀ ਖਿਲਾਫ਼ ਲੜਨਾ, ਅੜਨਾਂ ਤੇ ਸਰਮਾਏਦਾਰੀ ਨਿਜ਼ਾਮ ਦੇ ਵਿਰੋਧ ‘ਚ ਖੜਨਾ ਹੈ। ਆਓ ਸਵਾਲ ਕਰੀਏ, ਚਿੱਤ, ਚੇਤੇ ਤੇ ਚਿੰਤਨ ਨੂੰ ਮੁੜ ਵਿਚਾਰੀਏ ਤਾਂ ਜੋ ਸਮਾਜ ਦੀ ਉਸਾਰੂ ਸਿਰਜਣਾ ਵੱਲ ਵਧ ਸਕੀਏ ਅਤੇ ਇਸ ਗਿਆਨ ਨੂੰ ਹਰ ਮਿਹਨਤਕਸ਼ ਤਬਕੇ ਦੇ ਲੋਕਾਂ ਤੱਕ ਪਹੁੰਚਾ ਸਕੀਏ । ਆਓ ਚਿੰਤਨ ਕਰੀਏ ਕਿ ਕੌਣ, ਕਿਉਂ ਅਤੇ ਕਿਵੇਂ ਤੀਸਰੇ ਨੇਤਰ ਨੂੰ ਬੰਦ ਕਰਨਾ ਚਾਹੁੰਦਾ ਹੈ। ਜਦੋਂ ਤੱਕ ਭਾਜਪਾ ਦੇ ਦੋ ਦਿੱਗਜ਼ ਅੰਬਾਨੀ-ਅੰਡਾਨੀ ਨਹੀਂ ਹਿਲਦੇ ੳਦੋਂ ਤਕ ਭਾਜਪਾ ਸੱਤਾ ‘ਚੋਂ ਨਹੀਂ ਹਿੱਲਣੀ ।
ਇਸਨੂੰ ਨਕੇਲ ਪਾਉਣ ਲਈ ਵਿੱਦਿਆ ਦੇ ਤੀਸਰੇ ਨੇਤਰ ਨੂੰ ਹੋਰ ਬੁਲੰਦ ਕਰੀਏ । ਚਾਹੇ ਤਾਨਾਸ਼ਾਹੀ ਸਰਕਾਰ ਨੇ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਵਰਗੇ ਚਾਨਣ ਮੁਨਾਰੇ ਬੰਦ ਕਰ ਰੱਖੇ ਨੇ , ਦੂਸਰੇ ਹੀ ਪਾਸੇ ਗਿਆਨ ਦੀਆਂ ਛੱਲਾਂ ਕਿਸਾਨੀ ਮੁਜ਼ਾਰਿਆਂ ‘ਚ ਆਫਲਾਈਨ ਕਲਾਸਾਂ ਸਮਾਜਿਕ, ਆਰਥਿਕ ਅਤੇ ਰਾਜਨੀਤਕ ਜ਼ਮੀਨੀ ਪੱਧਰ ਦੀ ਸਿੱਖਿਆ ਨਾਲ ਲਾਮਬੰਦ ਕਰਦੀ ਹੋਈ ਕਰੋਨਾ ਦੀ ਆੜ ਹੇਠ ਸਰਕਾਰਾਂ ਦੇ ਮਨਸੂਬਿਆਂ ਨੂੰ ਨੰਗਾ ਕਰਦੀ ਹੋਈ ਪ੍ਰਤੱਖ ਨਜ਼ਰ ਆਉਂਦੀ ਹੈ। ਇਥੋਂ ਹੀ ਸਾਬਿਤ ਹੋ ਜਾਂਦਾ ਹੈ ਕਿ ਗਿਆਨ ਨੂੰ ਆਪਣੇ ਤੱਕ ਮਹਿਦੂਦ ਨਹੀਂ ਕੀਤਾ ਜਾ ਸਕਦਾ ਇਹ ਵੰਡੇ ਤੇ ਹੀ ਵੱਧਦਾ ਫੁੱਲਦਾ।ਆਓ ਅਹਿਦ ਲਈਏ, ਇਕੱਠੇ ਹੋਈਏ, ਪੜ੍ਹੀਏ, ਜੁੜੀਏ ਅਤੇ ਸੰਘਰਸ਼ ਕਰੀਏ।
ਕਰਮਜੀਤ ਕੌਰ ਭੁਟਾਲ
9592780333
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly