ਵਿੰਬਲਡਨ: ਓਪੈਲਕਾ ਨੇ ਦੂਜੇ ਗੇੜ ਵਿੱਚ ਉਲਟਫੇਰ ਕੀਤਾ

ਅਮਰੀਕਾ ਦੇ ਰੇਲੀ ਓਪੈਲਕਾ ਨੇ ਅੱਜ ਵਿੰਬਲਡਨ ਟੈਨਿਸ ਗਰੈਂਡਸਲੇਮ ਦੇ ਦੂਜੇ ਗੇੜ ’ਚ ਸਵਿਟਜ਼ਰਲੈਂਡ ਦੇ 22ਵਾਂ ਦਰਜਾ ਪ੍ਰਾਪਤ ਸਟੈਨ ਵਾਵਰਿੰਕਾ ਨੂੰ ਹਰਾ ਕੇ ਉਲਟਫੇਰ ਕੀਤਾ। ਅਮਰੀਕਾ ਦੇ ਇਸ ਗੈਰ ਦਰਜਾ ਪ੍ਰਾਪਤ ਅਤੇ ਲੰਬੇ ਕੱਦ ਵਾਲੇ ਖਿਡਾਰੀ ਨੇ ਤਿੰਨ ਵਾਰ ਦੇ ਗਰੈਂਡਸਲੇਮ ਚੈਂਪੀਅਨ ਵਾਵਰਿੰਕਾ ਨੂੰ 7-5, 3-6, 4-6, 6-4, 8-6 ਨਾਲ ਹਰਾ ਦਿੱਤਾ।
21 ਸਾਲਾ ਓਪੈਲਕਾ ਵਿੰਬਲਡਨ ’ਚ ਸ਼ੁਰੂਆਤ ਕਰ ਰਿਹਾ ਹੈ ਅਤੇ ਇਹ ਉਸ ਦਾ ਚੌਥਾ ਗਰੈਂਡਸਲੇਮ ਟੂਰਨਾਮੈਂਟ ਹੈ। ਉਹ ਕਿਸੇ ਵੀ ਮੇਜਰ ਦੇ ਤੀਜੇ ਗੇੜ ਤੋਂ ਅੱਗੇ ਨਹੀਂ ਪਹੁੰਚਿਆ। ਵਾਵਰਿੰਕਾ ਨੇ ਤਿੰਨ ਗਰੈਂਡਸਲੇਮ ਖ਼ਿਤਾਬ ਜਿੱਤੇ ਹਨ ਪਰ ਉਹ ਆਲ ਇੰਗਲੈਂਡ ਕਲੱਬ ਦੇ ਕੁਆਰਟਰਫਾਈਨਲ ਤੋਂ ਅੱਗੇ ਨਹੀਂ ਪਹੁੰਚ ਸਕਿਆ। ਉਹ ਪਿਛਲੇ ਸਾਲ ਵੀ ਵਿੰਬਲਡਨ ਦੇ ਦੂਜੇ ਗੇੜ ’ਚ ਪਹੁੰਚਿਆ ਸੀ। ਬੈਲਜੀਅਮ ਦੇ ਡੇਵਿਡ ਗੌਫਿਲ (21ਵਾਂ ਦਰਜਾ) ਨੇ ਫਰਾਂਸ ਦੇ ਜੈਰੇਮੀ ਚਾਰਡੀ ਨੂੰ 6-2, 6-4, 6-3 ਨਾਲ ਮਾਤ ਦਿੱਤੀ।
ਉੱਥੇ ਹੀ ਫਰਾਂਸ ਦੇ ਬੈਨੋਈਟ ਪੇਅਰੇ ਨੇ ਸਰਬੀਆ ਦੇ ਮਿਓਮੀਰ ਕੇਸਮਾਨੋਵਿਚ ਦੇ ਰਿਟਾਇਰਡ ਹੋਣ ਨਾਲ ਅਗਲੇ ਗੇੜ ’ਚ ਪ੍ਰਵੇਸ਼ ਕੀਤਾ।
ਮਹਿਲਾਵਾਂ ਦੇ ਵਰਗ ’ਚ ਦੋ ਵਾਰ ਦੀ ਗਰੈਂਡਸਲੇਮ ਚੈਂਪੀਅਨ ਵਿਕਟੋਰੀਆ ਅਜਾਰੈਂਕਾ, ਚੈੱਕ ਗਣਰਾਜ ਦੀ ਤੀਜਾ ਦਰਜਾ ਪ੍ਰਾਪਤ ਕੈਰੋਲੀਨਾ ਪਲਿਸਕੋਵਾ ਅਤੇ ਅੱਠਵਾਂ ਦਰਜਾ ਪ੍ਰਾਪਤ ਐਲਿਨਾ ਸਵਿਤੋਲੀਨਾ ਨੇ ਅਗਲੇ ਗੇੜ ’ਚ ਜਗ੍ਹਾ ਬਣਾਈ। ਪਲਿਸਕੋਵਾ ਪੁਅਰਤੀ ਰਿਕੋ ਦੀ ਓਲੰਪਿਕ ਚੈਂਪੀਅਨ ਮੌਨਿਕਾ ਪੁਈਗ ’ਤੇ 6-0, 6-4 ਦੀ ਜਿੱਤ ਨਾਲ ਤੀਜੇ ਗੇੜ ’ਚ ਪਹੁੰਚੀ। ਪਲਿਸਕੋਵਾ ਦਾ ਮੁਕਾਬਲਾ ਤਾਇਵਾਨ ਦੀ ਸਿਏ ਸੂ ਵੇਈ ਨਾਲ ਹੋਵੇਗਾ। ਬੇਲਾਰੂਸ ਦੀ ਵਿਕਟੋਰੀਆ ਅਜਾਰੈਂਕਾ ਨੇ ਆਸਟਰੇਲੀਆ ਦੀ ਅਜੀਲਾ ਤੋਮਲਜਾਨੋਵਿਚ ਨੂੰ 6-2, 6-0 ਨਾਲ ਹਰਾਇਆ। ਸਵਿਤੋਲੀਨਾ ਨੇ ਮਾਰਗਰਿਟਾ ਗਾਸਪਾਰਯਾਨ ਦੇ ਸੱਟ ਕਾਰਨ ਰਿਟਾਇਰ ਹੋਣ ਨਾਲ ਅਗਲੇ ਗੇੜ ’ਚ ਪ੍ਰਵੇਸ਼ ਕੀਤਾ।

Previous articleਅੰਬਾਤੀ ਰਾਇਡੂ ਨੇ ਕ੍ਰਿਕਟ ਤੋਂ ਸੰਨਿਆਸ ਲਿਆ
Next articleIs Pakistan sincere in its crackdown against Hafiz Saeed? India will be watching