” ਵਿਸਾਰੀ ਕਲਮ “

ਬਲਦੇਵ ਕ੍ਰਿਸ਼ਨ ਸ਼ਰਮਾ

(ਸਮਾਜ ਵੀਕਲੀ)

ਕਲਮ ਵਿਸਾਰ ਕੇ,
ਸ਼ਮਸ਼ੀਰ ਨੂੰ ਉਭਾਰਨਾ
ਨਾ ਇਨਸਾਫੀ ਜਿਹੀ ਲੱਗਦੀ ਏ।
ਹੇ ਬਾਜਾਂ ਵਾਲ਼ਿਆ
ਹੱਥ ਤੇਰੇ ਕਲਮ ਵੀ ਫੱਬਦੀ ਏ।
ਸ਼ਮਸ਼ੀਰ ਤੁਹਾਡੀ ਦਾ,
ਕੋਈ ਸਾਨੀ ਨਹੀਂ ਹੈ ਜੱਗ ‘ਤੇ।
ਬਹੁਤ ਤਪੇ ਹੋ ਤੁਸੀਂ,
ਮਘਦੀ ਹੋਈ ਅੱਗ ਅੱਗ ‘ਤੇ।
ਸਿਰਫ ਚੜ੍ਹੀਆਂ ਭਵਾਂ ਨੂੰ ਹੀ,
ਦਰਸਾਇਆ ਗਿਆ ਹੈ,
ਹਿਰਦੇ ਦੀ ਕੋਮਲਤਾ ਨੂੰ,
ਕਿਉਂ ਛੁਪਾਇਆ ਗਿਆ  ਹੈ?
ਕਰਨੀ ਏ ਗੱਲ ਅੱਜ,
ਮੈਂ ਸਿਰਫ ਤੁਹਾਡੀ ਕਲਮ ਦੀ।
ਜ਼ਖਮੀਂ ਦਿਲਾਂ ਦੀ,
ਠੰਡੀ-ਠਾਰ ਮਲ੍ਹਮ ਦੀ।
ਜ਼ਫਰਨਾਮਾ ਲਿਖ,
ਜਿਸ ਕੀਤੀ ਕਮਾਲ ਸੀ।
ਕਿੱਥੇ ਹੈ ਉਹ ਕਲਮ,
ਜੋ ਇੰਨੀ ਬੇਮਿਸਾਲ ਸੀ?
ਔਰੰਗੇ  ਦਾ ਵੀ ਦਿਲ,
ਓਦੋਂ ਗਿਆ ਪਸੀਜ ਸੀ।
ਗੁੰਮ ਹੈ ਉਹ ਕਲਮ,
ਜੋ ਗੋਬਿੰਦ ਨੂੰ,ਬਹੁਤ ਹੀ ਅਜ਼ੀਜ਼ ਸੀ।
ਹੁੰਦੇ ਨੇ ਦਰਸ਼ਨ,
ਸਿਰਫ ਤੀਰ ਤੇ ਤਲਵਾਰ ਦੇ।
ਕਿੱਥੋਂ ਕਰਾਂ ਦਰਸ਼ਨ;
ਮੈਂ ਕਲਮ ਦੀ ਧਾਰ ਦੇ?
ਪੁੱਛਦਾ ਹਾਂ ਸਵਾਲ,
ਮੈਂ ਕਲਮਾਂ ਦੇ ਵਾਰਸੋ !
ਕਿਉਂ  ਵਿਸਾਰੀ ਏ ਕਲਮ,
ਤੁਸੀਂ ਸਾਹਿੱਤਕ ਪਾਰਸੋ?
ਆਓ ਰਲ਼ ਦਸ਼ਮੇਸ਼ ਦੀਆਂ,
ਲਿਖਤਾਂ ਵੀ ਉਭਾਰੀਏ,
ਹੱਥਲ਼ੀ ਕਲਮ ਦਾ,
ਕਦੇ ਤਾਂ ਮੁੱਲ ਤਾਰੀਏ,
ਕਦੇ ਤਾਂ ਮੁੱਲ ਤਾਰੀਏ ।
ਬਲਦੇਵ ਕ੍ਰਿਸ਼ਨ ਸ਼ਰਮਾ
9779070198
Previous articleਕ੍ਰਾਂਤੀਕਾਰੀਓ ਸੋਚਾਂ ਨੂੰ ਨਾ ਅੱਜ ਤੱਕ ਬੂਰ ਪਿਆ ..
Next articleਕਿਸਾਨੀ ਸੰਘਰਸ਼ ਨੂੰ ਸਮਰਪਿਤ ਕਵੀ ਦਰਬਾਰ