, ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) 22 ਮਾਰਚ ਨੂੰ ਹਰ ਸਾਲ’ਵਿਸ਼ਵ ਪਾਣੀ ਦਿਵਸ’ ਦੇ ਤੌਰ ਤੇ 1993 ਤੋਂ ਜ਼ਮੀਨ ਹੇਠਲੇ ਤੇ ਸਾਫ਼ ਪਾਣੀ ਦੀ ਸਾਂਭ ਸੰਭਾਲ ਉੱਪਰ ਧਿਆਨ ਦੇਣ ਲਈ ਮਨਾਇਆ ਜਾਂਦਾ ਹੈ। ਯੂਨਾਈਟਿਡ ਨੈਸ਼ਨਲ ਆਰਗੇਨਾਈਜੇਸ਼ਨ(UNO)ਦੀ ਰਿਪੋਰਟ ਅਨੁਸਾਰ ਵਿਸ਼ਵ ਵਿਚ 2.2 ਬਿਲੀਅਨ ਲੋਕ ਸ਼ੁੱਧ ਪਾਣੀ ਤੋਂ ਵਾਂਝੇ ਹਨ। ਏਸ਼ੀਆ ਅਤੇ ਪੈਸੀਫਿਕ ਰਿਜਨ ਵਿੱਚ ਪਾਣੀ ਦੀ ਉੱਪਲੱਭਧਤਾ ਮਨੁੱਖੀ ਲੋੜਾਂ ਤੋਂ ਘੱਟ ਹੈ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਪਾਣੀ ਦੀ ਲੋੜ ਅਤੇ ਵਰਤੋਂ ਨੂੰ ਤਰਕਸੰਗਤ ਬਣਾਉਣਾ, ਮੀਂਹ ਦੇ ਪਾਣੀ ਦੀ ਸਾਂਭ ਸੰਭਾਲ, ਨਦੀਆਂ ਦੇ ਪਾਣੀ ਦੀ ਯੋਗ ਵਰਤੋ ਅਤੇ ਪਾਣੀ ਨੂੰ ਸਾਫ ਕਰਕੇ ਦੁਬਾਰਾ ਵਰਤਣ ਯੋਗ ਬਣਾਉਣਾ ਸ਼ਾਮਲ ਹੈ। ਪਾਣੀ ਨਾਲ ਹੀ ਧਰਤੀ ਤੇ ਰੁੱਖਾ,ਜੰਗਲਾ,ਪਸ਼ੂ ਪੰਛੀਆਂ ਅਤੇ ਮਨੁੱਖਾਂ ਦੀ ਹੋਂਦ ਸੰਭਵ ਹੈ।ਗੱਲ ਕੀ,ਪਾਣੀ ਕਰਕੇ ਹੀ ਇਹ ਰੰਗ ਬਿਰੰਗ,ਖੂਬਸੂਰਤੀ,ਰੁੱਖ,ਜੰਗਲ,ਨਦੀਆਂ,ਬਾਗ ਬਗੀਚੇ,ਫੁੱਲ,ਖੂਬਸੂਰਤ ਪਸ਼ੂ-ਪੰਛੀ,ਸੋਹਣੀਆਂ ਇਮਾਰਤਾ,ਸੁੱਖ ਸਹੂਲਤਾਂ ਨੂੰ ਮਾਨਣ ਵਾਲਾ,ਹਵਾ ਵਿੱਚ ਉੱਡਣ ਵਾਲੀਆਂ ਅਤੇ ਪਾਣੀ ਉੱਪਰ ਚੱਲਣ ਵਾਲੀਆਂ ਸਹੂਲਤਾਂ,ਸੁਆਦ ਨਾਲ ਭਰਪੂਰ ਖਾਣ-ਪੀਣ ਦੀਆਂ ਵਸਤਾਂ ਵਾਲਾ ਸੰਸਾਰ ਵਸਦਾ ਹੈ।
ਜਦੋ ਆਪਾ ਗੁਰਬਾਣੀ ਦਾ ਅਧਿਐਨ ਕਰਦੇ ਹਾਂ ਤਾਂ ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ।।
ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।। ਤਹਿਤ ਪਿਤਾ ਦਾ ਦਰਜਾ ਦਿੱਤਾ ਗਿਆ ਹੈ। ਅੱਗੇ ਹੋਰ ਵੀ ਗੁਰਬਾਣੀ ਸਾਫ ਕਰਦੀ ਹੈ ਕਿ ਜਲ ਬਿਨ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ।। ਪਾਣੀ ਦੀ ਜਿੰਦਗੀ ਵਿੱਚ ਮਹੱਤਤਾ ਧਰਤੀ ਉੱਪਰ 71% ਪਾਣੀ ਹੈ।ਨਵਜੰਮੇ ਬੱਚੇ ਵਿੱਚ ਉਸ ਦੇ ਭਾਰ ਦਾ 80% ਪਾਣੀ ਹੁੰਦਾ ਹੈ।ਬਾਲਗ ਵਿਅਕਤੀ ਵਿੱਚ ਉਸ ਦੇ ਭਾਰ ਦਾ 60% ਪਾਣੀ ਹੁੰਦਾ ਹੈ।ਮਨੁੱਖੀ ਖੂਨ ਵਿਚ 90% ਪਾਣੀ ਹੁੰਦਾ ਹੈ।ਮਾਂ ਦੇ ਦੁੱਧ ਵਿਚ 80% ਪਾਣੀ ਹੁੰਦਾ ਹੈ।ਪਾਣੀ ਮਨੁੱਖੀ ਸਰੀਰ ਨੂੰ ਲੋੜ ਅਨੁਸਾਰ ਸਿੱਲ੍ਹਾ,ਠੰਡਾ ਅਤੇ ਤਰੋਤਾਜ਼ਾ ਰੱਖਦਾ ਹੈ ਅਤੇ ਸੋਚਣ ਸ਼ਕਤੀ ਨੂੰ ਬਣਾਈ ਰੱਖਣ ਵਿਚ ਮਦਦ ਕਰਦਾ ਹੈ।
# ਸਰੀਰ ਵਿੱਚ ਪਾਣੀ ਦੇ ਮੁੱਖ ਕੰਮ:
ੳ.ਮਨੁੱਖੀ ਸਰੀਰ ਦੇ ਹਰ ਅੰਗ,ਸੈੱਲ ਅਤੇ ਕੋਸ਼ਿਕਾਵਾਂ ਨੂੰ ਸਹੀ ਢੰਗ ਨਾਲ ਕੰਮ ਕਰਨ ਲਈ ਲੋੜ ਅਨੁਸਾਰ ਪਾਣੀ ਦੀ ਜਰੂਰਤ ਹੁੰਦੀ ਹੈ।
ਅ.ਖੂਨ ਵਿਚ 90% ਪਾਣੀ ਹੁੰਦਾ ਹੈ ਅਤੇ ਪਾਣੀ ਸਰੀਰ ਦੇ ਹਰ ਅੰਗ,ਸੈੱਲ ਅਤੇ ਕੋਸ਼ਿਕਾਵਾਂ ਨੂੰ ਆਕਸੀਜਨ,ਖੁਰਾਕ,ਵਿਟਾਮਿਨਜ਼,ਖਣਿਜ ਪਦਾਰਥ,ਹਾਰਮੋਨਜ਼ ਪਹਿਚਾਉਣ ਵਿੱਚ ਮਦਦ ਕਰਦਾ ਹੈ ਅਤੇ ਬੇਲੋੜੇ ਪਦਾਰਥ,ਗੈਸਾਂ ਆਦਿ ਨੂੰ ਸਰੀਰ ਵਿੱਚੋ ਬਾਹਰ ਕੱਢਦਾ ਹੈ।
ੲ.ਪਾਣੀ,ਖਾਧੇ ਹੋਏ ਭੋਜਨ ਨੂੰ ਪਚਾਉਂਦਾ ਅਤੇ ਬੇਲੋੜੇ ਪਦਾਰਥਾਂ ਨੂੰ ਮਲਮੂਤਰ ਅਤੇ ਪਸੀਨੇ ਦੇ ਰੂਪ ਵਿੱਚ ਸਰੀਰ ਵਿੱਚੋ ਬਾਹਰ ਕੱਢਦਾ ਹੈ।
ਸ.ਪਾਣੀ ਦਿਮਾਗ,ਰੀੜ ਦੀ ਹੱਡੀ ਵਿੱਚਲੇ ਮਣਕਿਆਂ,ਦਿਲ ਅਤੇ ਹੋਰ ਸੰਵੇਦਨਸ਼ੀਲ ਅੰਗਾਂ ਅਤੇ ਕੋਸ਼ਿਕਾਵਾਂ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ।
ਹ.ਪਾਣੀ,ਚਮੜੀ,ਮੂੰਹ,ਅੱਖਾਂ ਗਲਾ,ਨੱਕ,ਹੱਡੀਆਂ ਅਤੇ ਜੋੜਾਂ ਨੂੰ ਲੋੜ ਅਨੁਸਾਰ ਤਰ ਅਤੇ ਸਿੱਲਾਹ ਰੱਖਦਾ ਅਤੇ ਉਹਨਾਂ ਦੀ ਕਾਰਜ ਕੁਸ਼ਲਤਾ ਨੂੰ ਵਧਾਉਂਦਾ ਹੈ।
ਕ.ਪਸੀਨਾ ਲਿਆਉਣ ਅਤੇ ਮਨੁੱਖੀ ਸਰੀਰ ਦੇ ਤਾਪਮਾਨ ਨੂੰ ਸਥਿਰ ਰੱਖਣ ਵਿਚ ਮਦਦ ਕਰਦਾ ਹੈ।
ਖ.ਸਰੀਰ ਦੇ ਭਾਰ ਅਤੇ ਖੂਨ ਦੇ ਦਬਾਅ ਨੂੰ ਕੰਟਰੋਲ ਕਰਦਾ ਹੈ।
ਗ.ਕਈ ਰੋਗਾਂ(ਖਾਸ ਕਰਕੇ ਪਿਸ਼ਾਬ ਦੇ ਰੋਗਾਂ) ਤੋਂ ਬਚਾਉਂਦਾ ਹੈ।
ਘ.ਸਰੀਰ ਦੀ ਬਾਹਰੋਂ ਅਤੇ ਅੰਦਰੋਂ ਸਫਾਈ ਕਰਦਾ ਹੈ।
ਝ.ਚਮੜੀ ਨੂੰ ਕੋਮਲ,ਲਚਕਦਾਰ,ਖੂਬਸੂਰਤ ਅਤੇ ਤੰਦਰੁਸਤ ਬਣਾਉਂਦਾ ਹੈ।
#ਮਨੁੱਖੀ ਸਰੀਰ ਨੂੰ ਰੋਜ਼ਾਨਾ ਕਿੰਨੇ ਪਾਣੀ ਦੀ ਲੋੜ ਹੈ?
ਮਨੁੱਖ ਨੂੰ ਪਾਣੀ ਦੀ ਲੋੜ ਉਸ ਦੀ ਉਮਰ ,ਭਾਰ,ਕੰਮ(ਹਲਕਾ ਅਤੇ ਭਾਰਾ)ਮੌਸਮ,ਤਾਪਮਾਨ ਅਤੇ ਲਿੰਗ ਅਨੁਸਾਰ ਵੱਖ- ਵੱਖ ਹੁੰਦੀ ਹੈ। ਪਿਆਸ ਲੱਗਣ ਤੇ ਪਾਣੀ ਪੀਣ ਦਾ ਅਰਥ ਇਹ ਹੈ ਕਿ ਸਰੀਰ ਵਿੱਚ ਪਾਣੀ ਦੀ ਮਾਤਰਾ ਲੋੜ ਤੋਂ ਘੱਟ ਗਈ ਹੈ।ਪੀਣ ਵਾਲੇ ਪਾਣੀ ਤੋਂ ਇਲਾਵਾ ਦੁੱਧ,ਫਲ,ਸਬਜੀਆਂ ਅਤੇ ਰਸਾਂ ਵਿੱਚ ਵੀ ਕਾਫੀ ਮਾਤਰਾ ਵਿੱਚ ਪਾਣੀ ਹੁੰਦਾ ਹੈ। ਬਾਲਗ ਵਿਅਕਤੀ ਨੂੰ ਨਿਰੋਗ ਅਤੇ ਤੰਦਰੁਸਤ ਰਹਿਣ ਲਈ ਰੋਜ਼ਾਨਾ 2.50 ਤੋ 3.30 ਲੀਟਰ ਸਾਫ ਅਤੇ ਸਵੱਛ ਪੀਣ ਯੋਗ ਪਾਣੀ ਦੀ ਲੋੜ ਹੁੰਦੀ ਹੈ।
# ਪਾਣੀ ਦੀ ਕਮੀ ਨਾਲ ਮਨੁੱਖੀ ਸਰੀਰ ਨੂੰ ਹੋਣ ਵਾਲੇ ਨੁਕਸਾਨ:
ਪਾਣੀ ਬਿਨਾਂ ਮਨੁੱਖੀ ਜੀਵਨ ਸੰਭਵ ਨਹੀਂ ਹੈ। ਪਾਣੀ ਦੀ ਕਮੀ ਨਾਲ ਮਨੁੱਖੀ ਸਰੀਰ ਦੇ ਕਈ ਤਰਾਂ ਦੇ ਨੁਕਸਾਨ ਹੋ ਸਕਦੇ ਹਨ।
ੳ.ਜੇਕਰ ਸਰੀਰ ਵਿੱਚ ਪਾਣੀ ਦੀ ਕਮੀ ਹੋਵੇ ਤਾਂ ਖਾਧਾ ਹੋਇਆ ਭੋਜਨ ਪਚਦਾ ਨਹੀਂ,ਜੇਕਰ ਪਚ ਵੀ ਜਾਵੇ ਤਾਂ ਭੋਜਨ ਤੋਂ ਪ੍ਰਾਪਤ ਹੋਏ ਤੱਤਾਂ ਨੂੰ ਸਰੀਰ ਦੇ ਸਾਰੇ ਟਿਸ਼ੂਆਂ,ਸੈਲਾਂ ਅਤੇ ਅੰਗਾਂ ਤੱਕ ਠੀਕ ਤਰੀਕੇ ਨਾਲ ਸਹੀ ਮਿਕਦਾਰ ਵਿੱਚ ਨਹੀਂ ਪਹੁੰਚਦਾ।
ਅ. ਕਬਜ਼ ਹੋ ਜਾਂਦੀ ਹੈ। ਮਿਹਦਾ ਖਰਾਬ ਰਹਿੰਦਾ ਹੈ। ਮਿਹਦੇ ਦੀਆਂ ਬਿਮਾਰੀਆਂ ਹੋ ਜਾਂਦੀਆ ਹਨ।
ੲ.ਕਮਜ਼ੋਰੀ ਹੋ ਜਾਂਦੀ ਹੈ।ਸਰੀਰ ਥੱਕਿਆਂ-ਥੱਕਿਆ ਮਹਿਸੂਸ ਕਰਦਾ ਹੈ। ਕੰਮ ਕਰਨ ਨੂੰ ਜੀਅ ਨਹੀਂ ਕਰਦਾ। ਸਰੀਰ ਰੋਗ ਗ੍ਰਸਤ ਹੋ ਜਾਂਦਾ ਹੈ।
ਸ.ਸਰੀਰ ਵਿੱਚੋਂ ਮਲ-ਮੂਤਰ ਅਤੇ ਗੰਦੇ ਪਦਾਰਥ ਨਿਯਮਿਤ ਰੂਪ ਵਿੱਚ ਬਾਹਰ ਨਹੀਂ ਨਿਕਲਦੇ।
ਹ.ਗੁਰਦਿਆਂ ਵਿੱਚੋ ਗੰਦੇ ਪਦਾਰਥਾਂ ਦੀ ਨਿਕਾਸੀ ਨਹੀਂ ਹੁੰਦੀ ਅਤੇ ਪੱਥਰੀਆਂ ਬਣ ਜਾਂਦੀਆ ਹਨ,ਜੋ ਦਰਦ ਕਰਦੀਆਂ ਹਨ ਅਤੇ ਨਤੀਜਾ ਇਹ ਨਿਕਲਦਾ ਇਨਫੈਕਸ਼ਨ ਹੋ ਜਾਂਦੀ ਹੈ।
ਕ.ਜੋੜਾਂ ਅਤੇ ਹੱਡੀਆਂ ਵਿਚ ਦਰਦ ਹੁੰਦਾ ਹੈ।
ਖ.ਡੀ-ਹਾਈਡਰੈਸ਼ਨ ਹੋ ਜਾਂਦੀ ਹੈ।
ਗ.ਪਿਸ਼ਾਬ ਦੇ ਰੋਗ ਹੋ ਜਾਂਦੇ ਹਨ।
ਘ.ਦਿਮਾਗ ਦੀ ਸੋਚਣ ਅਤੇ ਕੰਮ ਕਰਨ ਦੀ ਸ਼ਕਤੀ ਘਟ ਜਾਂਦੀ ਹੈ।
ਪਾਣੀ ਦੀ ਕਮੀ ਨਾਲ ਨੁਕਸਾਨ ਹੀ ਨਹੀਂ ਹੁੰਦਾ ਜੇਕਰ ਆਪਾ ਲੋੜ ਤੋਂ ਜਿਆਦਾ ਪਾਣੀ ਦੀ ਮਾਤਰਾ ਲਵਾਂਗੇ ਤਾ ਵੀ ਨੁਕਸਾਨ ਹੁੰਦਾ ਹੈ।ਜਿਆਦਾ ਪਾਣੀ ਪੀਣ ਨਾਲ ਮਿਹਦਾ ਭਰਿਆ ਰਹਿੰਦਾ ਹੈ ਅਤੇ ਭੁੱਖ ਘੱਟ ਲਗਦੀ ਹੈ,ਖਾਣਾ ਸਹੀ ਢੰਗ ਨਾਲ ਨਹੀਂ ਹਜ਼ਮ ਹੁੰਦਾ,ਉਲਟੀਆਂ ਦੀ ਪਰੇਸ਼ਾਨੀ ਹੋ ਸਕਦੀ ਹੈ।ਇਸ ਤਰਾਂ ਬਹੁਤ ਘੱਟ ਹੁੰਦਾ ਹੈ ਕਿ ਵੱਧ ਪਾਣੀ ਪੀ ਲਿਆ,ਇਸ ਲਈ ਲੋੜ ਅਨੁਸਾਰ ਹੀ ਪਾਣੀ ਪੀਣਾ ਚਾਹੀਦਾ ਹੈ।
#ਪਾਣੀ ਦੇ ਨਾਂ ਤੇ ਲੁੱਟ:
ਹਾਂਜੀ ਇਹ ਸੱਚ ਹੈ ਕਿ ਪਾਣੀ ਦੇ ਨਾਂ ਤੇ ਮਿਹਨਤ ਦੀ ਕਮਾਈ ਦੀ ਲੁੱਟ ਵੀ ਕੀਤੀ ਜਾਂਦੀ ਹੈ,ਪੰਜਾਬ ਦੇ ਪਾਣੀਆਂ ਦਾ ਮਸਲਾ ਅਕਸਰ ਹੀ ਉੱਠਿਆਂ ਰਹਿੰਦਾ ਇਸ ਤੇ ਫੇਰ ਕਿਤੇ ਵਿਸਥਾਰ ‘ਚ ਗੱਲ ਕਰਾਂਗੇ, ਅਕਸਰ ਹੀ ਧਾਰਮਿਕ ਸਥਾਨਾਂ ਤੇ ਭੋਲੇ ਭਾਲੇ ਲੋਕ ਤੁਸੀ ਪਾਣੀ ਦੀ ਪੀਪੀਆਂ,ਬੋਤਲਾ ਭਰਦੇ ਜਰੂਰ ਦੇਖੇ ਹੋਣਗੇ,ਧਰਮ ਦੇ ਨਾਂ ਤੇ ਤੋਰੀ ਫੁਲਕਾ ਸੇਕਣ ਵਾਲੇ ਲੋਕ,ਤੁਹਾਡੀ ਮਿਹਨਤ ਦੀ ਕਮਾਈ ਆਪਣੀਆਂ ਜੇਬਾ ‘ਚ ਪਾਉਣ ਲਈ ਤਲਾਬਾ,ਝਰਨਿਆਂ,ਨਦੀਆਂ,ਨਲਕਿਆਂ ਦੇ ਪਾਣੀ ਵਾਰੇ ਤਰਾਂ -ਤਰਾਂ ਦੀਆਂ ਅਫ਼ਵਾਹਾ ਫੈਲਾ ਕਿ ਕੀ ਇਸ ਪਾਣੀ ਨਾਲ ਰੋਗ ਦੂਰ ਹੁੰਦੇ ਹਨ,ਘਰ ਵਿੱਚ ਸੁੱਖ ਸ਼ਾਤੀ ਆਉਂਦੀ ਹੈ ਇਸ ਦੇ ਛਿੱਟੇ ਦੇਣ ਦੇ ਬਹਾਨੇ ਭੋਲੇ ਤੇ ਅੰਧਵਿਸ਼ਵਾਸੀ ਲੋਕ ਲੁੱਟ ਦਾ ਸ਼ਿਕਾਰ ਹੋ ਲਾਈਨਾ ਬੰਨ ਤੁਰ ਪੈਂਦੇ ਹਨ। ਅੱਜ ਸਾਰੇ ਘਰਾਂ ਦੀ ਟੂਟੀਆਂ ਚੋਂ ਪੀਣ ਵਾਸਤੇ ਆ ਰਹੇ ਪਾਣੀ ਦਾ ਵੀ ਕੋਈ ਯਕੀਨ ਨਹੀਂ ਹੈ ਕਿ ਉਹ ਪੀਣਯੋਗ ਹੋਵੇਗਾ ਕਿ ਨਹੀਂ,ਜਦੋਂ ਲੀਕੇਜ ਪਾਈਪ ਦੀ ਰਿਪੇਅਰ ਕੀਤੀ ਜਾਂਦੀ ਹੈ ਤਾਂ ਬਹੁਤ ਸਾਰੀ ਗੰਦਗੀ ਪਾਈਪਾ ਅੰਦਰ ਚਲੀ ਜਾਂਦੀ ਹੈ ਤੇ ਹੋਲੀ-ਹੋਲੀ ਸਾਡੇ ਸਰੀਰ ਵਿੱਚ ਪ੍ਰਵੇਸ਼ ਕਰ ਜਾਂਦੀ ਹੈ ਸਰਕਾਰ ਲੱਖ ਦਾਅਵੇ ਕਰੇ ਕਿ ਪਾਣੀ ਪੀਣ ਯੋਗ ਹੈ।ਕਦੇ ਪਹਾੜਾ’ਸੁਲਹਾ ਦਾ ਪਾਣੀ ਨਿਕਲਣ ਲੱਗ ਜਾਂਦਾ ਲੋਕ ਢੋਲੀਆਂ ਚੱਕ ਕੇ ਉੱਧਰ ਤੁਰ ਪੈਂਦੇ ਹਨ।ਕਦੇ ਪੁੱਛਾ ਦੇਣ ਵਾਲੇ ਪੜ ਕੇ ਦਿੰਦੇ ਹਨ ਪਾਣੀ,ਇਹ ਸਾਰਾ ਵਰਤਾਰਾ ਲੁੱਟਣ ਲਈ ਹੀ ਚਲਾਕ ਤੇ ਪਖੰਡੀ ਲੋਕਾ ਵਲੋ ਵਾਪਰਦਾ ਹੈ,ਸਾਨੂੰ ਸੁਚੇਤ ਹੋਣ ਦੀ ਲੋੜ ਹੈ ਜੇਕਰ ਅਸੀਂ ਅੱਜ ਨਾ ਸਭਲੇ ਤਾਂ ਆਉਣ ਵਾਲੀਆਂ ਪੀੜੀਆਂ ਸਾਨੂੰ ਮਾਫ ਨਹੀਂ ਕਰਨਗੀਆਂ। ਇੱਕ ਹੁੰਦੀ ਹੈ ਭੁੱਲ ਜੋ ਅਣਜਾਣ ਪੁਣੇ’ਚ ਹੁੰਦੀ ਹੈ ਜੋ ਸੋਧੀ ਜਾ ਸਕਦੀ ਹੈ,ਦੂਸਰੀ ਹੁੰਦੀ ਹੈ ਗਲਤੀ ਜੋ ਜਾਣਦਿਆਂ ਵੀ ਹੋ ਜਾਂਦੀ ਤੇ ਮੁਆਫ ਹੋ ਸਕਦੀ ਹੈ,ਤੀਸਰਾ ਹੁੰਦਾ ਹੈ ਗੁਨਾਹ ਜੋ ਮਿੱਥ ਕੇ ਕੀਤਾ ਜਾਂਦਾ ਜਿਸਦੀ ਸਜਾਂ ਮਿਲਦੀ ਹੈ,ਤੇ ਆਖਿਰ’ਚ ਹੁੰਦਾ ਹੈ ਪਾਪ ਜਿਸ ਦਾ ਖਮਿਆਜ਼ਾ ਭੁਗਤਣਾ ਪੈਂਦਾ,ਤੇ ਪਾਣੀ ਇਸ ਦੀ ਸਾਨੂੰ ਸੰਜ਼ੀਦਗੀ ਨਾਲ ਵਰਤੋਂ ਕਰਨੀ ਚਾਹੀਦੀ ਹੈ ਜੇਕਰ ਨਹੀਂ ਸੰਭਲੇ ਤਾਂ ਇਸ ਪਾਪ ਦਾ ਖਮਿਆਜ਼ਾ ਸਾਡੀ ਆਉਣ ਵਾਲੀਆ ਪੀੜੀਆਂ ਭੁਗਤਣਗੀਆਂ।
ਨਿੰਦਰ ਮਾਈਦਿੱਤਾ(ਸਰਪੰਚ)
ਗ੍ਰਾਮ ਪੰਚਾਇਤ ਮਾਈਦਿੱਤਾ
ਸ਼ਹੀਦ ਭਗਤ ਸਿੰਘ ਨਗਰ
9463251568
https://play.google.com/store/apps/details?id=in.yourhost.samaj