ਵਿਸ਼ਵ ਹਾਕੀ: ਚੈਂਪੀਅਨ ਆਸਟਰੇਲੀਆ ਆਖ਼ਰੀ ਅੱਠ ’ਚ

ਦੋ ਵਾਰ ਦੀ ਚੈਂਪੀਅਨ ਆਸਟਰੇਲੀਆ ਨੇ ਖ਼ਿਤਾਬੀ ਹੈਟ੍ਰਿਕ ਲਈ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਅੱਜ ਪੁਰਸ਼ ਹਾਕੀ ਵਿਸ਼ਵ ਕੱਪ ਦੇ ਪੂਲ ‘ਬੀ’ ਵਿੱਚ ਇੰਗਲੈਂਡ ਨੂੰ 3-0 ਗੋਲਾਂ ਨਾਲ ਹਰਾ ਦਿੱਤਾ। ਇਸ ਗਰੁੱਪ ਗੇੜ ਦੇ ਇਕ ਹੋਰ ਮੁਕਾਬਲੇ ਵਿੱਚ ਚੀਨ ਨੇ ਉਲਟਫੇਰ ਕਰਦਿਆਂ ਆਪਣੇ ਤੋਂ ਉੱਚੀ ਦਰਜੇ ਦੀ ਟੀਮ ਆਇਰਲੈਂਡ ਨੂੰ 1-1 ਗੋਲ ਨਾਲ ਡਰਾਅ ’ਤੇ ਰੋਕ ਦਿੱਤਾ। ਇਸ ਤਰ੍ਹਾਂ ਚੀਨ ਨੇ ਆਪਣੀਆਂ ਕੁਆਰਟਰ ਫਾਈਨਲ ਵਿੱਚ ਪੁੱਜਣ ਦੀਆਂ ਉਮੀਦਾਂ ਕਾਇਮ ਰੱਖੀਆਂ ਹਨ। ਆਇਰਲੈਂਡ ਦੇ ਐਲਨ ਸੋਦਰਨ ਵੱਲੋਂ ਦਾਗ਼ਣ ਤੋਂ ਪਹਿਲਾਂ ਚੀਨ ਦੇ ਜਿਨ ਗੁਆਓ ਨੇ 43ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਗੋਲ ਦਾਗ਼ਿਆ। ਇਹ ਮੈਚ ਡਰਾਅ ਰਹਿਣ ਕਾਰਨ ਵਿਸ਼ਵ ਦੀ 17ਵੇਂ ਨੰਬਰ ਦੀ ਟੀਮ ਚੀਨ ਗਰੁੱਪ ਗੇੜ ਦੇ ਦੂਜੇ ਸਥਾਨ ’ਤੇ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਉਸ ਨੇ ਇੰਗਲੈਂਡ ਨਾਲ 2-2 ਗੋਲਾਂ ਨਾਲ ਡਰਾਅ ਖੇਡਿਆ ਸੀ। ਚੀਨ ਦੇ ਦੋ ਅੰਕ ਹਨ, ਜਦੋਂਕਿ ਇੰਗਲੈਂਡ ਅਤੇ ਆਇਰਲੈਂਡ ਦੇ 1-1 ਅੰਕ ਹੀ ਹਨ।
ਆਸਟਰੇਲੀਆ ਦੀ ਟੂਰਨਾਮੈਂਟ ਵਿੱਚ ਲਗਾਤਾਰ ਇਹ ਦੂਜੀ ਜਿੱਤ ਹੈ। ਇਸ ਜਿੱਤ ਨਾਲ ਆਸਟਰੇਲੀਆ ਛੇ ਅੰਕਾਂ ਨਾਲ ਗਰੁੱਪ ‘ਬੀ’ ਦੀ ਸੂਚੀ ਵਿੱਚ ਸਿਖ਼ਰ ’ਤੇ ਪਹੁੰਚ ਗਿਆ ਹੈ ਅਤੇ ਉਸ ਦਾ ਕੁਆਰਟਰ ਫਾਈਨਲ ਵਿੱਚ ਪਹੁੰਚਣਾ ਲੱਗਪਗ ਪੱਕਾ ਹੋ ਗਿਆ ਹੈ। ਉਸ ਨੇ ਆਪਣੇ ਪਹਿਲੇ ਮੈਚ ਵਿੱਚ ਆਇਰਲੈਂਡ ਨੂੰ 2-1 ਗੋਲਾਂ ਨਾਲ ਹਰਾਇਆ ਸੀ।
ਇੰਗਲੈਂਡ ਲਈ ਇਹ ਹਾਰ ਫ਼ਿਕਰਮੰਦੀ ਵਾਲੀ ਹੈ, ਜਿਸ ਨੇ ਆਪਣਾ ਪਹਿਲਾ ਮੁਕਾਬਲਾ ਕਮਜੋਰ ਮੰਨੇ ਜਾਣ ਵਾਲੇ ਚੀਨ ਨਾਲ 2-2 ਗੋਲਾਂ ਨਾਲ ਡਰਾਅ ਖੇਡਿਆ ਸੀ। ਆਸਟਰੇਲੀਆ ਆਪਣਾ ਆਖ਼ਰੀ ਲੀਗ ਮੈਚ ਸੱਤ ਦਸੰਬਰ ਨੂੰ ਚੀਨ ਖ਼ਿਲਾਫ਼ ਖੇਡੇਗਾ, ਜਦਕਿ ਇੰਗਲੈਂਡ ਦਾ ਸਾਹਮਣਾ ਇਸੇ ਦਿਨ ਆਇਰਲੈਂਡ ਨਾਲ ਹੋਵੇਗਾ। ਵਿਸ਼ਵ ਰੈਂਕਿੰਗ ਵਿੱਚ ਪਹਿਲੇ ਸਥਾਨ ’ਤੇ ਕਾਬਜ਼ ਆਸਟਰੇਲੀਆ ਅਤੇ ਸੱਤਵੀਂ ਰੈਂਕਿੰਗ ਵਾਲੇ ਇੰਗਲੈਂਡ ਵਿਚਾਲੇ ਅੱਜ ਖੇਡੇ ਗਏ ਮੈਚ ਦਾ ਪਹਿਲਾ ਕੁਆਰਟਰ ਬਹੁਤ ਹੀ ਨਿਰਾਸ਼ ਰਿਹਾ, ਕਿਉਂਕਿ ਦੋਵੇਂ ਟੀਮਾਂ ਵਿਰੋਧੀ ਟੀਮਾਂ ਦੇ ਡਿਫੈਂਸ ਨੂੰ ਸੰਨ੍ਹ ਨਹੀਂ ਲਾ ਸਕੀਆਂ। ਮੈਚ ਦੇ 12ਵੇਂ ਮਿੰਟ ਵਿੱਚ ਇੰਗਲੈਂਡ ਦੇ ਬੈਰੀ ਮਿਡਲਟਨ ਨੇ ਰੀਵਰਸ ਸ਼ਾਟ ਤੋਂ ਮੌਕਾ ਬਣਾਇਆ, ਪਰ ਆਸਟਰੇਲਿਆਈ ਗੋਲਕੀਪਰ ਟੇਲਰ ਲਾਵੈੱਲ ਨੇ ਇਸ ਨੂੰ ਆਸਾਨੀ ਨਾਲ ਰੋਕ ਲਿਆ। ਦੂਜੇ ਕੁਆਰਟਰ ਵਿੱਚ ਮੈਚ ਦੇ 21ਵੇਂ ਮਿੰਟ ਵਿੱਚ ਆਸਟਰੇਲੀਆ ਕੋਲ ਗੋਲ ਕਰਨ ਦਾ ਸੁਨਹਿਰੀ ਮੌਕਾ ਸੀ, ਕਿਉਂਕਿ ਟੀਮ ਨੂੰ ਲਗਾਤਾਰ ਦੋ ਪੈਨਲਟੀ ਕਾਰਨਰ ਮਿਲੇ ਸਨ, ਪਰ ਇੰਗਲੈਂਡ ਦੇ ਗੋਲਕੀਪਰ ਜੌਰਜ ਪਿੰਨੇਰ ਨੇ ਦੋਵਾਂ ਮੌਕਿਆਂ ਨੂੰ ਸਫਲ ਨਹੀਂ ਹੋਣ ਦਿੱਤਾ। ਦੋ ਮਿੰਟ ਮਗਰੋਂ ਫਿਲ ਰੂਪਰ ਨੇ ਖੱਬੇ ਪਾਸਿਓਂ ਇੰਗਲੈਂਡ ਲਈ ਮੌਕਾ ਬਣਾਇਆ, ਪਰ ਉਸ ਦਾ ਇਹ ਯਤਨ ਵੀ ਅਸਫਲ ਰਿਹਾ।
ਹਾਫ਼ ਤੋਂ ਦੋ ਮਿੰਟ ਪਹਿਲਾਂ ਬਲੈਕ ਗੋਵਰਜ਼ ਟੀਮ ਨੂੰ ਲੀਡ ਦਿਵਾਉਣ ਦੇ ਨੇੜੇ ਪਹੁੰਚ ਗਿਆ। ਉਸ ਨੇ ਗੋਲ ਪੋਸਟ ਵਿੱਚ ਗੇਂਦ ਲੈਣ ਮਗਰੋਂ 360 ਡਿਗਰੀ ਘੁੰਮਦਿਆਂ ਸ਼ਾਟ ਮਾਰਿਆ, ਪਰ ਗੇਂਦ ਗੋਲ ਪੋਸਟ ਦੇ ਨੇੜਿਓਂ ਬਾਹਰ ਚਲੀ ਗਈ। ਇਸ ਤੋਂ ਬਅਦ ਦੋਵਾਂ ਨੇ ਇੱਕ-ਦੂਜੇ ’ਤੇ ਹਮਲਾ ਜਾਰੀ ਰੱਖਿਆ।
ਆਸਟਰੇਲੀਆ ਤੀਜੇ ਕੁਆਰਟਰ ਵਿੱਚ ਪੈਨਲਟੀ ਕਾਰਨਰ ਹਾਸਲ ਕਰਨ ਵਿੱਚ ਸਫਲ ਰਿਹਾ, ਪਰ ਉਸ ਨੂੰ ਗੋਲ ਵਿੱਚ ਨਹੀਂ ਬਦਲ ਸਕਿਆ। ਪਹਿਲੇ ਤਿੰਨ ਕੁਆਰਟਰ ਵਿੱਚ ਗੋਲ ਨਾ ਕਰਨ ਵਾਲੀ ਆਸਟਰੇਲਿਆਈ ਟੀਮ ਆਖ਼ਰੀ 15 ਮਿੰਟਾਂ ਲਈ ਵੱਖਰੇ ਤੇਵਰਾਂ ਨਾਲ ਉਤਰੀ। ਟੀਮ ਨੇ ਚਾਰ ਮਿੰਟ ਦੇ ਅੰਦਰ ਦੋ ਗੋਲ ਕਰਕੇ 2-0 ਦੀ ਲੀਡ ਬਣਾ ਲਈ। ਟੌਮ ਕ੍ਰੈਗ ਦੇ ਪਾਸ ’ਤੇ 47ਵੇਂ ਮਿੰਟ ਵਿੱਚ ਵੈਟਾਨ ਨੇ ਟੀਮ ਦਾ ਖਾਤਾ ਖੋਲ੍ਹਿਆ। ਇਸ ਤੋਂ ਤਿੰਨ ਮਿੰਟ ਮਗਰੋਂ ਗੋਵਰਜ਼ ਨੇ ਪਿੰਨੇਰ ਨੂੰ ਚਕਮਾ ਦੇ ਕੇ ਦੂਜਾ ਗੋਲ ਕੀਤਾ। ਆਖ਼ਰੀ ਸਿਟੀ ਵੱਜਣ ਤੋਂ ਚਾਰ ਮਿੰਟ ਪਹਿਲਾਂ ਕੋਰੇ ਵੇਯੇਰ ਦੇ ਰੀਵਰਸ ਸ਼ਾਟ ਨੂੰ ਪਿੰਨੇਰ ਨਹੀਂ ਰੋਕ ਸਕਿਆ ਅਤੇ ਆਸਟਰੇਲੀਆ ਨੇ 3-0 ਦੀ ਲੀਡ ਬਣਾ ਲਈ।

Previous articleNumber of patents granted by India shot up by 50% in 2017: UN
Next articleਲੂਕਾ ਮੌਡਰਿਚ ਨੂੰ ਬਾਲੋਨ ਡਿ’ਓਰ’ ਖ਼ਿਤਾਬ