ਸੁਪਰੀਮ ਕੋਰਟ ਵੱਲੋਂ ਨਿਯੁਕਤ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਭਾਰਤੀ ਕ੍ਰਿਕਟ ਟੀਮ ਦੇ ਕੋਚ ਰਵੀ ਸ਼ਾਸਤਰੀ ਅਤੇ ਕਪਤਾਨ ਵਿਰਾਟ ਕੋਹਲੀ ਦੀ ਵਾਪਸੀ ਮਗਰੋਂ ਵਿਸ਼ਵ ਕੱਪ ਵਿੱਚ ਭਾਰਤ ਦੇ ਪ੍ਰਦਰਸ਼ਨ ਦਾ ਮੁਲਾਂਕਣ ਕਰੇਗੀ, ਜਿਸ ਦਾ ਪੂਰਾ ਧਿਆਨ ਵੱਡੇ ਟੂਰਨਾਮੈਂਟ ਵਿੱਚ ਟੀਮ ਦੀ ਚੋਣ ’ਤੇ ਰਹੇਗਾ। ਵਿਨੋਦ ਰਾਏ ਦੀ ਪ੍ਰਧਾਨਗੀ ਵਾਲੀ ਕਮੇਟੀ ਪ੍ਰਮੁੱਖ ਚੋਣਕਾਰ ਐਮਐਸਕੇ ਪ੍ਰਸਾਦ ਨਾਲ ਵੀ ਗੱਲ ਕਰੇਗੀ। ਕਮੇਟੀ ਵਿੱਚ ਡਾਇਨਾ ਐਡਲਜੀ ਅਤੇ ਲੈਫ਼ਟੀਨੈਂਟ ਜਨਰਲ (ਸੇਵਾਮੁਕਤ) ਰਵੀ ਥੋੜਗੇ ਵੀ ਹਨ। ਰਾਏ ਨੇ ਸਿੰਗਾਪੁਰ ਤੋਂ ਇਸ ਖ਼ਬਰ ਏਜੰਸੀ ਨੂੰ ਕਿਹਾ, ‘‘ਕਪਤਾਨ ਅਤੇ ਕੋਚ ਦੇ ਪਰਤਣ ਮਗਰੋਂ ਮੀਟਿੰਗ ਜ਼ਰੂਰ ਹੋਵੇਗੀ। ਮੈਂ ਤਰੀਕ ਅਤੇ ਸਮਾਂ ਨਹੀਂ ਦੱਸ ਸਕਦਾ, ਪਰ ਅਸੀਂ ਉਨ੍ਹਾਂ ਨਾਲ ਗੱਲ ਕਰਾਂਗੇ। ਅਸੀਂ ਚੋਣ ਕਮੇਟੀ ਨਾਲ ਵੀ ਗੱਲ ਕਰਾਂਗੇ।’’ ਉਨ੍ਹਾਂ ਨੇ ਹੋਰ ਵੇਰਵਾ ਦੇਣ ਤੋਂ ਇਨਕਾਰ ਕਰ ਦਿੱਤਾ। ਵਿਰਾਟ ਕੋਹਲੀ ਅਤੇ ਟੀਮ ਐਤਵਾਰ ਨੂੰ ਮੁੰਬਈ ਲਈ ਰਵਾਨਾ ਹੋਵੇਗੀ। ਭਾਰਤ ਨੂੰ ਸੈਮੀ-ਫਾਈਨਲ ਵਿੱਚ ਨਿਊਜ਼ੀਲੈਂਡ ਨੇ 18 ਦੌੜਾਂ ਨਾਲ ਹਰਾਇਆ, ਜਦਕਿ ਗਰੁੱਪ ਗੇੜ ਵਿੱਚ ਭਾਰਤੀ ਟੀਮ ਸਿਖਰ ’ਤੇ ਰਹੀ ਸੀ। ਰਾਏ ਨੇ ਕਿਹਾ, ‘‘ਭਾਰਤ ਦੀ ਮੁਹਿੰਮ ਹੁਣੇ ਖ਼ਤਮ ਹੋਈ ਹੈ। ਕਿੱਥੇ, ਕਦੋਂ ਅਤੇ ਕਿਵੇਂ ਵਰਗੇ ਸਵਾਲਾਂ ਦਾ ਮੈਂ ਤੁਹਾਨੂੰ ਕੋਈ ਜਵਾਬ ਨਹੀਂ ਦੇ ਸਕਾਂਗਾ।’’ ਸ਼ਾਸਤਰੀ, ਕੋਹਲੀ ਅਤੇ ਪ੍ਰਸਾਦ ਨੂੰ ਕੁੱਝ ਸਵਾਲਾਂ ਦਾ ਜਵਾਬ ਦੇਣਾ ਪੈ ਸਕਦਾ ਹੈ। ਮੌਜੂਦਾ ਪੰਜ ਮੈਂਬਰੀ ਚੋਣ ਕਮੇਟੀ ਬੀਸੀਸੀਆਈ ਦੀ ਆਮ ਸਭਾ ਦੀ ਮੀਟਿੰਗ ਤੱਕ ਬਣੀ ਰਹੇਗੀ। ਅਜਿਹੇ ਵਿੱਚ ਪ੍ਰਸਾਦ ਨੂੰ ਚੋਣ ਮੀਟਿੰਗਾਂ ਵਿੱਚ ਵੱਧ ਸਰਗਰਮ ਰਹਿਣ ਦੀ ਸਲਾਹ ਦਿੱਤੀ ਜਾ ਸਕਦੀ ਹੈ। ਅਸਲ ਵਿੱਚ ਸਮੱਸਿਆ ਪ੍ਰਸਾਦ ਤੋਂ ਨਹੀਂ, ਸਗੋਂ ਸ਼ਰਨਦੀਪ ਸਿੰਘ ਅਤੇ ਦੇਵਾਂਗ ਗਾਂਧੀ ਤੋਂ ਹੈ ਕਿਉਂਕਿ ਕਈਆਂ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਇਸ ਵਿੱਚ ਕੋਈ ਯੋਗਦਾਨ ਨਹੀਂ ਰਹਿੰਦਾ।
Sports ਵਿਸ਼ਵ ਕੱਪ: ਪ੍ਰਸ਼ਾਸਕਾਂ ਦੀ ਕਮੇਟੀ ਕਰੇਗੀ ਭਾਰਤੀ ਪ੍ਰਦਰਸ਼ਨ ਦੀ ਸਮੀਖਿਆ