ਤਕਰੀਰ ਦੇ ਅਹਿਮ ਨੁਕਤੇ
* ਕਿਸਾਨ ਅੰਦੋਲਨ ‘ਪਵਿੱਤਰ’, ਪਰ ਅੰਦੋਲਨਜੀਵੀਆਂ ਨੇ ਅਪਵਿੱਤਰ ਬਣਾਇਆ* ਕਿਸਾਨ ਅੰਦੋਲਨ ਪਿੱਛੇ ਅੰਦੋਲਨਜੀਵੀਆਂ ਦਾ ਹੱਥ
* ਅੰਦੋਲਨਜੀਵੀਆਂ ਤੇ ਅੰਦੋਲਨਕਾਰੀਆਂ ’ਚ ਫ਼ਰਕ ਕਰਨ ’ਤੇ ਜ਼ੋਰ
* ਸਮਾਜਿਕ ਤੇ ਜਮਹੂਰੀ ਹੱਕਾਂ ਵਾਲਿਆਂ ਦੀ ਰਿਹਾਈ ਦੀ ਮੰਗ ’ਤੇ ਜਤਾਇਆ ਇਤਰਾਜ਼
* ਟੌਲ ਪਲਾਜ਼ੇ ਤੇ ਪੰਜਾਬ ਦੇ ਮੋਬਾਈਲ ਟਾਵਰਾਂ ਨੂੰ ਬੰਦ ਕਰਨ ’ਤੇ ਉਜਰ
* ਕਾਂਗਰਸ ਨੂੰ ‘ਵੰਡੀ ਹੋਈ ਤੇ ਉਲਝਣ ’ਚ ਪਈ’ ਪਾਰਟੀ ਦੱਸਿਆ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲੋਕ ਸਭਾ ਵਿੱਚ ਕਿਹਾ ਕਿ ਖੇਤੀ ਕਾਨੂੰਨ ਕਿਸੇ ਲਈ ‘ਬੰਧੇਜ’ ਨਹੀਂ ਬਲਕਿ ‘ਬਦਲ’ ਹਨ, ਜਿਸ ਕਰਕੇ ਇਨ੍ਹਾਂ ਦਾ ਵਿਰੋਧ ਕਰਨ ਦੀ ਕੋਈ ਤੁੱਕ ਨਹੀਂ ਬਣਦੀ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਕਾਨੂੰਨਾਂ ਬਾਰੇ ‘ਝੂਠ ਤੇ ਅਫ਼ਵਾਹਾਂ’ ਫੈਲਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ, ਸੰਸਦ ਤੇ ਇਹ ਸਦਨ ਖੇਤੀ ਕਾਨੂੰਨਾਂ ਬਾਰੇ ਆਪਣੇ ਵਿਚਾਰ ਰੱਖ ਰਹੇ ਕਿਸਾਨਾਂ ਦਾ ਸਤਿਕਾਰ ਕਰਦੇ ਹਨ। ਸ੍ਰੀ ਮੋਦੀ ਨੇ ਸਾਫ਼ ਕਰ ਦਿੱਤਾ ਕਿ ਜਿਹੜੇ ਕਿਸਾਨ ਪੁਰਾਣੇ ਖੇਤੀ ਮਾਰਕੀਟਿੰਗ ਪ੍ਰਬੰਧ ਨਾਲ ਜੁੜੇ ਰਹਿਣਾ ਚਾਹੁੰਦੇ ਹਨ, ਉਹ ਅਜਿਹਾ ਕਰ ਸਕਦੇ ਹਨ।
ਪ੍ਰਧਾਨ ਮੰਤਰੀ ਨੇ ਅੰਦੋਲਨਜੀਵੀਆਂ ਤੇ ਅੰਦੋਲਨਕਾਰੀਆਂ ’ਚ ਫ਼ਰਕ ਕਰਨ ’ਤੇ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੂੰ ਪਵਿੱਤਰ ਮੰਨਦਾ ਹਾਂ, ਪਰ ‘ਅੰਦੋਲਨਜੀਵੀ’ ਇਸ ਨੂੰ ਅਪਵਿੱਤਰ ਬਣਾ ਰਹੇ ਹਨ। ਉਨ੍ਹਾਂ ਕਿਸਾਨ ਅੰਦੋਲਨ ਦੇ ਨਾਲ ਹੀ ਸਮਾਜਿਕ ਤੇ ਜਮਹੂਰੀ ਹੱਕਾਂ ਵਾਲਿਆਂ ਦੀ ਰਿਹਾਈ ਦੀ ਮੰਗ ’ਤੇ ਇਤਰਾਜ਼ ਜਤਾਇਆ। ਉਨ੍ਹਾਂ ਸਵਾਲ ਕੀਤਾ ਕਿ ਟੌਲ ਪਲਾਜ਼ੇ ਤੇ ਮੋਬਾਈਲ ਟਾਵਰ ਕਿਉਂ ਬੰਦ ਹਨ। ਖੇਤੀ ਕਾਨੂੰਨਾਂ ਬਾਰੇ ਸਰਕਾਰ ਦੇ ਇਸ ਸਪਸ਼ਟੀਕਰਨ ਮੌਕੇ ਕਾਂਗਰਸ, ਡੀਐੱਮਕੇ ਤੇ ਤ੍ਰਿਣਮੂਲ ਕਾਂਗਰਸ ਨੇ ਸਦਨ ’ਚੋਂ ਵਾਕਆਊਟ ਕੀਤਾ।
ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਨ ’ਤੇ ਪੇਸ਼ ਧੰਨਵਾਦ ਮਤੇ ’ਤੇ ਹੋਈ ਬਹਿਸ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੋਂ ਵਿਵਾਦਿਤ ਖੇਤੀ ਕਾਨੂੰਨਾਂ ਦੀ ਜੰਮ ਕੇ ਵਕਾਲਤ ਕੀਤੀ ਤੇ ਕਿਸਾਨਾਂ ਨੂੰ ‘ਗੁੰਮਰਾਹ’ ਕਰਨ ਲਈ ਵਿਰੋਧੀ ਧਿਰ ਨੂੰ ਜੰਮ ਕੇ ਰਗੜੇ ਲਾਏ। ਉਨ੍ਹਾਂ ਕਿਹਾ ਜਿਹੜੇ ਲੋਕ ‘ਗਿਣੀ ਮਿੱਥੀ ਰਣਨੀਤੀ’ ਤਹਿਤ ਸਦਨ ਦੀ ਕਾਰਵਾਈ ’ਚ ਵਿਘਨ ਪਾ ਰਹੇ ਹਨ, ਉਨ੍ਹਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਲੋਕ ਸੱਚ ਨੂੰ ਵੇਖ ਸਕਦੇ ਹਨ। ਉਨ੍ਹਾਂ ਕਿਹਾ, ‘ਇਨ੍ਹਾਂ ਚਾਲਾਂ ਨਾਲ ਲੋਕਾਂ ਦਾ ਵਿਸ਼ਵਾਸ ਨਹੀਂ ਜਿੱਤਿਆ ਜਾ ਸਕਦਾ।’ ਡੇਢ ਘੰਟੇ ਦੀ ਆਪਣੀ ਤਕਰੀਰ ਦੌਰਾਨ ਪ੍ਰਧਾਨ ਮੰਤਰੀ ਨੇ ਕਾਂਗਰਸ ਵੱਲੋਂ ਸੰਸਦ ਦੇ ਦੋਵਾਂ ਸਦਨਾਂ ਵਿੱਚ ਲਏ ਵੱਖੋ-ਵੱਖਰੇ ਸਟੈਂਡਾਂ ਲਈ ਪਾਰਟੀ ਨੂੰ ਜੰਮ ਕੇ ਭੰਡਿਆ। ਉਨ੍ਹਾਂ ਕਿਹਾ ਕਿ ਕਾਂਗਰਸ ‘ਵੰਡੀ ਹੋਈ ਤੇ ਉਲਝਣ ਵਿੱਚ ਪਈ’ ਪਾਰਟੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿਸਾਨ ਅੰਦੋਲਨ ਪਵਿੱਤਰ ਹੈ, ਪਰ ਕਿਸਾਨਾਂ ਦੇ ਇਸ ਪਵਿੱਤਰ ਅੰਦੋਲਨ ਨੂੰ ਬਰਬਾਦ ਕਰਨ ਦਾ ਕੰਮ ਅੰਦੋਲਨਕਾਰੀਆਂ ਨੇ ਨਹੀਂ ਬਲਕਿ ‘ਅੰਦੋਲਨਜੀਵੀਆਂ’ ਨੇ ਕੀਤਾ ਹੈ। ਉਨ੍ਹਾਂ ਕਿਹਾ, ‘ਸਾਨੂੰ ਅੰਦੋਲਨਕਾਰੀਆਂ ਤੇ ਅੰਦੋਲਨਜੀਵੀਆਂ ਵਿੱਚ ਫ਼ਰਕ ਕਰਨ ਦੀ ਲੋੜ ਹੈ।’ ਉਨ੍ਹਾਂ ਸਵਾਲ ਕੀਤਾ ਕਿ ਦੰਗਾ ਕਰਨ ਵਾਲਿਆਂ, ਫਿਰਕਾਪ੍ਰਸਤਾਂ ਤੇ ਅਤਿਵਾਦੀ, ਜੋ ਜੇਲ੍ਹਾਂ ਵਿੱਚ ਹਨ, ਉਨ੍ਹਾਂ ਦੀਆਂ ਤਸਵੀਰਾਂ ਲੈ ਕੇ ਉਨ੍ਹਾਂ ਦੀ ਰਿਹਾਈ ਦੀ ਮੰਗ ਕਰਨਾ, ਇਹ ਕਿਸਾਨ ਅੰਦੋਲਨਾਂ ਨੂੰ ਅਪਵਿੱਤਰ ਬਣਾਉਂਦਾ ਹੈ। ਉਨ੍ਹਾਂ ਕਿਹਾ, ‘ਮੈਂ ਕਿਸਾਨ ਅੰਦੋਲਨ ਨੂੰ ਅਪਵਿੱਤਰ ਮੰਨਦਾ ਹਾਂ। ਭਾਰਤ ਵਿੱਚ ਜਮਹੂਰੀਅਤ ਦੀ ਅਹਿਮੀਅਤ ਹੈ, ਪਰ ਜਦੋਂ ਅੰਦੋਲਨਜੀਵੀ ਪਵਿੱਤਰ ਅੰਦੋਲਨ ਦਾ ਲਾਹਾ ਲੈਣ ਲਈ ਇਸ ਨੂੰ ਅਪਵਿੱਤਰ ਕਰਨ ਵੱਲ ਤੁਰ ਪੈਣ ਤਾਂ ਕੀ ਹੁੰਦਾ ਹੈ।’
ਖੇਤੀ ਕਾਨੂੰਨਾਂ ਬਾਰੇ ਸ਼ੰਕਿਆਂ ਨੂੰ ਦੂਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਤਿੰਨ ਕਾਨੂੰਨਾਂ ਦੇ ਅਮਲ ਵਿੱਚ ਆਉਣ ਨਾਲ ਨਾ ਤਾਂ ਖੇਤੀ ਮੰਡੀਆਂ ਬੰਦ ਹੋਣ ਲੱਗੀਆਂ ਹਨ ਤੇ ਨਾ ਹੀ ਐੱਮਐੱਸਪੀ ਬੰਦ ਹੋਵੇਗੀ। ਐੱਮਐੱਸਪੀ ਪਹਿਲਾਂ ਦੇ ਮੁਕਾਬਲੇ ਵਧੀ ਹੈ ਤੇ ਇਸ ਤੱਥ ਤੋੋਂ ਕੋਈ ਇਨਕਾਰ ਨਹੀਂ ਕਰ ਸਕਦਾ। ਸ੍ਰੀ ਮੋਦੀ ਨੇ ਕਿਹਾ ਕਿ ਸਰਕਾਰ ਨੇ ਤਿੰਨ ਖੇਤੀ ਕਾਨੂੰਨਾਂ ਬਾਰੇ ਕਲਾਜ਼ ਦਰ ਕਲਾਜ਼ ਵਿਚਾਰ ਚਰਚਾ ਦੀ ਪੇਸ਼ਕਸ਼ ਕੀਤੀ ਹੈ ਅਤੇ ਜੇ ਕੋਈ ਘਾਟ ਹੈ ਤਾਂ ਉਹ ਇਸ ਵਿੱਚ ਸੋਧ ਲਈ ਤਿਆਰ ਹਨ। ਉਨ੍ਹਾਂ ਕਿਹਾ, ‘ਆਓ ਮੇਜ਼ ’ਤੇ ਬੈਠ ਕੇ ਚਰਚਾ ਕਰੀਏ ਤੇ ਇਸ ਮਸਲੇ ਦਾ ਹੱਲ ਕੱਢੀਏ।’ ਉਨ੍ਹਾਂ ਕਿਹਾ, ‘ਸਾਡੇ ਕਿਸਾਨਾਂ ਨੂੰ ਸਵੈ-ਨਿਰਭਰ ਬਣਨਾ ਚਾਹੀਦਾ ਹੈ, ਉਸ ਨੂੰ ਆਪਣੀ ਫ਼ਸਲ ਵੇਚਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਇਸ ਦਿਸ਼ਾ ’ਚ ਕੰਮ ਕਰਨ ਦੀ ਲੋੜ ਹੈ।’
ਉਨ੍ਹਾਂ ਕਿਹਾ ਕਿ ਖੇਤੀ, ਭਾਰਤੀ ਸਭਿਆਚਾਰ ਦਾ ਹਿੱਸਾ ਰਹੀ ਹੈ ਅਤੇ ਤਿਉਹਾਰ ਫਸਲਾਂ ਦੀ ਬੁਆਈ ਤੇ ਕਟਾਈ ਨਾਲ ਜੁੜੇ ਹੋਏ ਹਨ। ਖੇਤੀ ਸੈਕਟਰ ’ਚ ਨਿਵੇਸ਼ ਤੇ ਇਸ ਨੂੰ ਨਵੀਨਤਮ ਬਣਾਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ, ‘ਮੈਨੂੰ ਹੈਰਾਨੀ ਹੁੰਦੀ ਹੈ ਕਿ ਪਹਿਲੀ ਵਾਰ ਇਕ ਨਵੀਂ ਦਲੀਲ ਸਾਹਮਣੇ ਆਈ ਹੈ…..ਅਸੀਂ ਨਹੀਂ ਕਿਹਾ, ਤਾਂ ਫਿਰ ਤੁਸੀਂ ਕਿਉਂ ਦਿੱਤਾ। ਦਾਜ ਦਾ ਮੁੁੱਦੇ ਹੋਵੇ ਜਾਂ ਤਿੰਨ ਤਲਾਕ ਦਾ, ਕਿਸੇ ਨੇ ਵੀ ਇਨ੍ਹਾਂ ਨਾਲ ਸਿੱਝਣ ਲਈ ਕਾਨੂੰਨ ਦੀ ਮੰਗ ਨਹੀਂ ਕੀਤੀ ਸੀ, ਪਰ ਕਾਨੂੰਨ ਬਣੇ ਕਿਉਂਕਿ ਇਹ ਅਗਾਂਹਵਧੂ ਸਮਾਜ ਲਈ ਜ਼ਰੂਰੀ ਸੀ।’ ਉਨ੍ਹ੍ਵਾਂ ਕਿਹਾ ਕਿ ਐੱਨਡੀਏ ਸਰਕਾਰ ਨੇ ਦੇਸ਼ ਵਿੱਚ ਤਬਦੀਲੀ ਲਿਆਉਣ ਲਈ ਹਰ ਸੰਭਵ ਕੋੋਸ਼ਿਸ਼ ਕੀਤੀ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ, ‘ਜੇਕਰ ਇਰਾਦਾ ਚੰਗਾ ਹੈ ਤਾਂ ਨਤੀਜਾ ਵੀ ਚੰਗਾ ਹੀ ਹੋਵੇਗਾ।’
ਸ੍ਰੀ ਮੋਦੀ ਨੇ ਕੋਵਿਡ-19 ਮਹਾਮਾਰੀ ਦੇ ਹਵਾਲੇ ਨਾਲ ਕਿਹਾ ਕਿ ਉਲਟ ਭਵਿੱਖਬਾਣੀਆਂ ਦੇ ਬਾਵਜੂਦ ਭਾਰਤ ਇਸ ਸੰਕਟ ਨਾਲ ਨਜਿੱਠਣ ਵਿੱਚ ਕਾਮਯਾਬ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਕੁੱਲ ਆਲਮ ਲਈ ਆਸ ਦੀ ਕਿਰਨ ਬਣ ਦੇ ਉਭਰਿਆ ਹੈ। ਉਨ੍ਹਾਂ ਰਾਸ਼ਟਰਪਤੀ ਦੇ ਭਾਸ਼ਨ ’ਤੇ ਪੇਸ਼ ਧੰਨਵਾਦ ਮਤੇ ’ਤੇ ਹੋਈ ਬਹਿਸ ’ਚ ਵੱਡੀ ਗਿਣਤੀ ਮਹਿਲਾ ਸੰਸਦ ਮੈਂਬਰਾਂ ਦੀ ਸ਼ਮੂਲੀਅਤ ਨੂੰ ਚੰਗਾ ਸੰਕੇਤ ਦੱਸਿਆ। ਉਨ੍ਹਾਂ ਮਹਿਲਾ ਸੰਸਦ ਮੈਂਬਰਾਂ ਨੂੰ ਵਧਾਈ ਵੀ ਦਿੱਤੀ।