* ਸਿਰਫ਼ 35 ਮਿੰਟ ਹੀ ਚੱਲ ਸਕੀ ਸਦਨ ਦੀ ਕਾਰਵਾਈ
* ਅਕਾਲੀ ਵਿਧਾਇਕਾਂ ਨੇ ਸਪੀਕਰ ਦੇ ਆਸਣ ਅੱਗੇ ਕੀਤੀ ਨਾਅਰੇਬਾਜ਼ੀ
ਚੰਡੀਗੜ੍ਹ (ਸਮਾਜ ਵੀਕਲੀ) : ਕੇਂਦਰੀ ਖੇਤੀ ਕਾਨੂੰਨਾਂ ਨੂੰ ਪ੍ਰਭਾਵਹੀਣ ਕਰਨ ਲਈ ਸੱਦਿਆ ਗਿਆ ਪੰਜਾਬ ਵਿਧਾਨ ਸਭਾ ਦਾ ਦੋ ਰੋਜ਼ਾ ਵਿਸ਼ੇਸ਼ ਇਜਲਾਸ ਅੱਜ ਪਹਿਲੇ ਦਿਨ ਹੰਗਾਮੇ ਦੀ ਭੇਟ ਚੜ੍ਹ ਗਿਆ। ਪੰਜਾਬ ਵਿਧਾਨ ਸਭਾ ਦੇ 13ਵੇਂ ਸੈਸ਼ਨ ਦੀ ਕਾਰਵਾਈ ਮਸਾਂ 35 ਮਿੰਟ ਹੀ ਚੱਲ ਸਕੀ ਅਤੇ ਇਹ ਮੰਗਲਵਾਰ 10 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਸਦਨ ’ਚ ‘ਆਪ’ ਨੇ ਪ੍ਰਸਤਾਵਿਤ ਬਿੱਲ ਦਾ ਖਰੜਾ ਮੰਗਿਆ ਅਤੇ ਸ਼੍ਰੋਮਣੀ ਅਕਾਲੀ ਦਲ ਵੀ ਇਸੇ ਮੰਗ ’ਤੇ ਬਜ਼ਿਦ ਦਿਸਿਆ। ਕੋਈ ਹੁੰਗਾਰਾ ਨਾ ਮਿਲਣ ਮਗਰੋਂ ‘ਆਪ’ ਵਿਧਾਇਕਾਂ ਨੇ ਸਦਨ ਦੇ ਅੰਦਰ ਹੀ ਖਰੜੇ ਦੀ ਕਾਪੀ ਮਿਲਣ ਤੱਕ ਧਰਨਾ ਲਾ ਦਿੱਤਾ। ਅਕਾਲੀ ਵਿਧਾਇਕਾਂ ਨੇ ਸਪੀਕਰ ਦੇ ਆਸਣ ਅੱਗੇ ਜਾ ਕੇ ਨਾਅਰੇਬਾਜ਼ੀ ਕੀਤੀ।
ਵਿਸ਼ੇਸ਼ ਸੈਸ਼ਨ ਦੀ ਸ਼ੁਰੂਆਤ ’ਤੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਦਨ ਨੇ ਉਨ੍ਹਾਂ ਸਾਰੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜੋ ਅੰਦੋਲਨ ਦੌਰਾਨ ਆਪਣੀ ਜਾਨ ਗੁਆ ਬੈਠੇ ਹਨ। ਸਮੂਹ ਮੈਂਬਰਾਂ ਨੇ ਵਿਛੜੀਆਂ ਰੂਹਾਂ ਦੇ ਸਨਮਾਨ ਵਿਚ ਦੋ ਮਿੰਟ ਦਾ ਮੌਨ ਧਾਰਿਆ। ਇਸ ਮੌਕੇ ਲਾਂਸ ਨਾਇਕ ਕਰਨੈਲ ਸਿੰਘ, ਉੱਘੇ ਵਿਗਿਆਨ ਲੇਖਕ ਡਾ. ਕੁਲਦੀਪ ਸਿੰਘ ਧੀਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਉਪ ਕੁਲਪਤੀ ਜੋਗਿੰਦਰ ਸਿੰਘ ਪੁਆਰ, ਉੱਘੀ ਗਾਇਕਾ ਜਸਪਿੰਦਰ ਨਰੂਲਾ ਦੇ ਪਿਤਾ ਕੇਸਰ ਸਿੰਘ ਨਰੂਲਾ, ਲਾਂਸ ਨਾਇਕ ਕਰਨੈਲ ਸਿੰਘ, ਆਜ਼ਾਦੀ ਘੁਲਾਟੀਏ ਮਹਿੰਦਰ ਸਿੰਘ, ਸਰਦਾਰ ਸਿੰਘ, ਰਾਏ ਸਿੰਘ ਪਤੰਗਾ, ਮਹਿੰਦਰ ਸਿੰਘ ਅਤੇ ਹੇਮ ਰਾਜ ਮਿੱਤਲ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਪੀਲ ’ਤੇ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਸੰਧੂ ਦਾ ਨਾਂ ਵੀ ਵਿਛੜੀਆਂ ਰੂਹਾਂ ’ਚ ਸ਼ਾਮਲ ਕੀਤਾ ਗਿਆ। ਸਦਨ ਦੇ ਮੈਂਬਰਾਂ ਵੱਲੋਂ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦੇ ਮਾਤਾ ਦਵਿੰਦਰ ਕੌਰ, ਵਿਧਾਇਕ ਅਮਿਤ ਵਿੱਜ ਦੇ ਪਿਤਾ ਅਨਿਲ ਵਿੱਜ, ਜੈ ਕਿਸ਼ਨ ਰੋੜੀ ਦੇ ਪਿਤਾ ਚੌਧਰੀ ਚੈਨ ਸਿੰਘ ਅਤੇ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਦੇ ਪਿਤਾ ਗੁਰਬੰਤ ਸਿੰਘ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਗਈ।
ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਸਾਨੀ ਸੰਘਰਸ਼ ਦੌਰਾਨ ਮਰਨ ਵਾਲੇ ਕਿਸਾਨਾਂ ਮੁਖ਼ਤਿਆਰ ਸਿੰਘ ਕਿਸ਼ਨਗੜ੍ਹ, ਵਜ਼ੀਰ ਸਿੰਘ ਕਿਸ਼ਨਗੜ੍ਹ, ਪ੍ਰੀਤਮ ਸਿੰਘ ਅੱਕਾਂਵਾਲੀ, ਬੇਬੇ ਤੇਜ ਕੌਰ, ਜਗਰਾਜ ਸਿੰਘ ਗੜੱਦੀ, ਜਸਪਾਲ ਸਿੰਘ ਸਰੀ ਮਹਿਲਕਲਾਂ ਅਤੇ ਲਾਭ ਸਿੰਘ ਭੁੱਲਰ ਹੇੜੀ ਦੇ ਨਾਵਾਂ ਦੀ ਸੂਚੀ ਦਿੱਤੀ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਮੇਤ ਬਾਕੀ ਪਾਰਟੀਆਂ ਨੇ ਵੀ ਇਸ ਦੀ ਵਕਾਲਤ ਕੀਤੀ ਜਿਸ ਉਪਰੰਤ ਇਹ ਨਾਮ ਵੀ ਸ਼ਰਧਾਂਜਲੀ ਸੂਚੀ ’ਚ ਦਰਜ ਕੀਤੇ ਗਏ। ਸਪੀਕਰ ਨੇ ਵਿਛੜੀਆਂ ਰੂਹਾਂ ਦੇ ਪਰਿਵਾਰਾਂ ਨੂੰ ਸਦਨ ਵੱਲੋਂ ਸ਼ੋਕ ਸੰਦੇਸ਼ ਭੇਜਣ ਸਬੰਧੀ ਇੱਕ ਮਤਾ ਪੇਸ਼ ਕੀਤਾ ਜਿਸ ਨੂੰ ਜ਼ੁਬਾਨੀ ਵੋਟ ਰਾਹੀਂ ਪਾਸ ਕੀਤਾ ਗਿਆ। ਸ਼ਰਧਾਂਜਲੀਆਂ ਦੇਣ ਮਗਰੋਂ ਸੈਸ਼ਨ ਨੂੰ ਇੱਕ ਘੰਟੇ ਲਈ ਮੁਲਤਵੀ ਕਰ ਦਿੱਤਾ ਗਿਆ। ਜਿਵੇਂ ਹੀ ਸਦਨ ਦੁਬਾਰਾ 12.20 ਵਜੇ ਮੁੜ ਜੁੜਿਆ ਤਾਂ ਸਪੀਕਰ ਰਾਣਾ ਕੇ ਪੀ ਸਿੰਘ ਨੇ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਸਿਫਾਰਸ਼ ਦਾ ਹਵਾਲਾ ਦੇ ਕੇ ਸੈਸ਼ਨ ਮੰਗਲਵਾਰ 10 ਵਜੇ ਤੱਕ ਮੁਲਤਵੀ ਕਰ ਦਿੱਤਾ।
ਸਦਨ ’ਚ ਵਿਰੋਧੀ ਧਿਰ ਦੇ ਨੇਤਾ ‘ਆਪ’ ਵਿਧਾਇਕ ਹਰਪਾਲ ਸਿੰਘ ਚੀਮਾ ਅਤੇ ਅਕਾਲੀ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਪ੍ਰਸਤਾਵਿਤ ਬਿੱਲ ਦਾ ਖਰੜਾ ਮੰਗਿਆ। ਸੰਸਦੀ ਕਾਰਜ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸ਼ਾਮ ਪੰਜ ਵਜੇ ਤੱਕ ਖਰੜਾ ਦੇਣ ਦਾ ਭਰੋਸਾ ਦਿੱਤਾ। ਸਪੀਕਰ ਨੇ ਬਿਜ਼ਨਸ ਐਡਵਾਈਜ਼ਰੀ ਰਿਪੋਰਟ ਅੰਗਰੇਜ਼ੀ ਵਿਚ ਪੜ੍ਹਨੀ ਸ਼ੁਰੂ ਕੀਤੀ ਤਾਂ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਇਸ ਦਾ ਵਿਰੋਧ ਕੀਤਾ। ਇਸ ਦੌਰਾਨ ਅਕਾਲੀ ਵਿਧਾਇਕ ਸਪੀਕਰ ਦੇ ਆਸਣ ਅੱਗੇ ਆ ਕੇ ਨਾਅਰੇਬਾਜ਼ੀ ਕਰਨ ਲੱਗ ਪਏ। ਦੂਜੇ ਪਾਸੇ ‘ਆਪ’ ਵਿਧਾਇਕ ਸਦਨ ਦੇ ਅੰਦਰ ਹੀ ਧਰਨੇ ’ਤੇ ਬੈਠ ਗਏ ਜਿਨ੍ਹਾਂ ਨੂੰ ਮਗਰੋਂ ਕੰਪਲੈਕਸ ਸੈਨੇਟਾਈਜ਼ ਕਰਨ ਦੇ ਬਹਾਨੇ ਉਠਾਉਣ ਦੀ ਕੋਸ਼ਿਸ਼ ਵੀ ਕੀਤੀ ਗਈ।
ਹੁਣ ਮੁੱਖ ਮੰਤਰੀ ਅਮਰਿੰਦਰ ਸਿੰਘ ਭਲਕੇ 10 ਵਜੇ ਖੇਤੀ ਕਾਨੂੰਨਾਂ ਖ਼ਿਲਾਫ਼ ਨਵਾਂ ਬਿੱਲ ਪੇਸ਼ ਕਰਨਗੇ। ਅੱਜ ਪਹਿਲੇ ਦਿਨ ਜੋ ਹੋਰ ਬਿੱਲ ਪੇਸ਼ ਹੋਣੇ ਸਨ, ਉਹ ਵੀ ਸੈਸ਼ਨ ਮੁਲਤਵੀ ਦੀ ਭੇਟ ਚੜ੍ਹ ਗਏ। ‘ਆਪ’ ਵਿਧਾਇਕ ਕਾਲੇ ਚੋਲੇ ਪਹਿਨ ਕੇ ਆਏ ਸਨ ਜਿਨ੍ਹਾਂ ਖੇਤੀ ਕਾਨੂੰਨਾਂ ਖ਼ਿਲਾਫ਼ ਗਲਾਂ ਵਿਚ ਤਖ਼ਤੀਆਂ ਪਾਈਆਂ ਹੋਈਆਂ ਸਨ। ਕਾਂਗਰਸੀ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਅਤੇ ਸੁਖਪਾਲ ਭੁੱਲਰ ਵੀ ਟਰੈਕਟਰਾਂ ’ਤੇ ਵਿਧਾਨ ਸਭਾ ਪਹੁੰਚੇ।
ਅਕਾਲੀ ਵਿਧਾਇਕਾਂ ਦੇ ਟਰੈਕਟਰ ਪੁਲੀਸ ਨੇ ਰੋਕੇ: ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਅੱਜ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਵਿਧਾਇਕ ਦਲ ਦੇ ਆਗੂ ਸ਼ਰਨਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਟਰੈਕਟਰਾਂ ਦੇ ਕਾਫਲੇ ਨਾਲ ਆਏ ਪ੍ਰੰਤੂ ਚੰਡੀਗੜ੍ਹ ਪੁਲੀਸ ਨੇ ਬੈਰੀਕੇਡ ਲਗਾ ਕੇ ਟਰੈਕਟਰਾਂ ਸਮੇਤ ਅੱਗੇ ਜਾਣ ਤੋਂ ਊਨ੍ਹਾਂ ਨੂੰ ਰੋਕ ਦਿੱਤਾ। ਇਸ ਮੌਕੇ ਮਜੀਠੀਆ ਅਤੇ ਪੁਲੀਸ ਅਫਸਰਾਂ ਦੀ ਤਿੱਖੀ ਬਹਿਸ ਵੀ ਹੋਈ। ਉਨ੍ਹਾਂ ਕਿਹਾ ਕਿ ਟਰੈਕਟਰ ਕਿਸਾਨੀ ਦਾ ਪ੍ਰਤੀਕ ਹਨ ਤੇ ਵਿਧਾਨ ਸਭਾ ਦਾ ਕੋਈ ਵੀ ਨਿਯਮ ਟਰੈਕਟਰਾਂ ’ਤੇ ਵਿਧਾਨ ਸਭਾ ਪੁੱਜਣ ਤੋਂ ਰੋਕਣ ਦੀ ਗਵਾਹੀ ਨਹੀਂ ਭਰਦਾ ਹੈ। ਪੁਲੀਸ ਨੇ ਸੁਰੱਖਿਆ ਦਾ ਹਵਾਲੇ ਦੇ ਕੇ ਟਰੈਕਟਰ ਪਿਛਾਂਹ ਰੋਕ ਲਏ ਜਿਸ ਮਗਰੋਂ ਅਕਾਲੀ ਵਿਧਾਇਕ ਪੈਦਲ ਹੀ ਵਿਧਾਨ ਸਭਾ ਪੁੱਜੇ ਜਿਥੇ ਉਨ੍ਹਾਂ ਨੇ ਰੋਸ ਵਜੋਂ ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ।